ਗਉੜੀ ਮਹਲਾ ੧ ॥
ਚੋਆ ਚੰਦਨੁ ਅੰਕਿ ਚੜਾਵਉ ॥
ਪਾਟ ਪਟੰਬਰ ਪਹਿਰਿ ਹਢਾਵਉ ॥
ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥੧॥

ਕਿਆ ਪਹਿਰਉ ਕਿਆ ਓਢਿ ਦਿਖਾਵਉ ॥
ਬਿਨੁ ਜਗਦੀਸ ਕਹਾ ਸੁਖੁ ਪਾਵਉ ॥੧॥ ਰਹਾਉ ॥

ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥
ਲਾਲ ਨਿਹਾਲੀ ਫੂਲ ਗੁਲਾਲਾ ॥
ਬਿਨੁ ਜਗਦੀਸ ਕਹਾ ਸੁਖੁ ਭਾਲਾ ॥੨॥

ਨੈਨ ਸਲੋਨੀ ਸੁੰਦਰ ਨਾਰੀ ॥
ਖੋੜ ਸੀਗਾਰ ਕਰੈ ਅਤਿ ਪਿਆਰੀ ॥
ਬਿਨੁ ਜਗਦੀਸ ਭਜੇ ਨਿਤ ਖੁਆਰੀ ॥੩॥

ਦਰ ਘਰ ਮਹਲਾ ਸੇਜ ਸੁਖਾਲੀ ॥
ਅਹਿਨਿਸਿ ਫੂਲ ਬਿਛਾਵੈ ਮਾਲੀ ॥
ਬਿਨੁ ਹਰਿ ਨਾਮ ਸੁ ਦੇਹ ਦੁਖਾਲੀ ॥੪॥

ਹੈਵਰ ਗੈਵਰ ਨੇਜੇ ਵਾਜੇ ॥
ਲਸਕਰ ਨੇਬ ਖਵਾਸੀ ਪਾਜੇ ॥
ਬਿਨੁ ਜਗਦੀਸ ਝੂਠੇ ਦਿਵਾਜੇ ॥੫॥

ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ ॥
ਤਾਜ ਕੁਲਹ ਸਿਰਿ ਛਤ੍ਰੁ ਬਨਾਵਉ ॥
ਬਿਨੁ ਜਗਦੀਸ ਕਹਾ ਸਚੁ ਪਾਵਉ ॥੬॥

ਖਾਨੁ ਮਲੂਕੁ ਕਹਾਵਉ ਰਾਜਾ ॥
ਅਬੇ ਤਬੇ ਕੂੜੇ ਹੈ ਪਾਜਾ ॥
ਬਿਨੁ ਗੁਰ ਸਬਦ ਨ ਸਵਰਸਿ ਕਾਜਾ ॥੭॥

ਹਉਮੈ ਮਮਤਾ ਗੁਰ ਸਬਦਿ ਵਿਸਾਰੀ ॥
ਗੁਰਮਤਿ ਜਾਨਿਆ ਰਿਦੈ ਮੁਰਾਰੀ ॥
ਪ੍ਰਣਵਤਿ ਨਾਨਕ ਸਰਣਿ ਤੁਮਾਰੀ ॥੮॥੧੦॥

Sahib Singh
ਚੋਆ = ਅਤਰ ।
ਅੰਕਿ = ਸਰੀਰ ਉਤੇ ।
ਚੜਾਵਉ = (ਜੇ) ਮੈਂ ਲਾ ਲਵਾਂ ।
ਪਾਟ = ਪੱਟ, ਰੇਸ਼ਮ ।
ਪਟੰਬਰ = ਪੱਟ ਦੇ ਅੰਬਰ ।
ਅੰਬਰ = ਕੱਪੜੇ ।
ਪਹਿਰਿ = ਪਹਿਨ ਕੇ ।
ਪਾਵਉ = ਪਾਵਉਂ, ਮੈਂ ਪਾ ਸਕਦਾ ਹਾਂ ।੧ ।
ਕਿਆ ਪਹਿਰਉ = ਵਧੀਆ ਕੱਪੜੇ ਪਹਿਨਣ ਦਾ ਕੀਹ ਲਾਭ ?
ਓਢਿ = ਪਹਿਨ ਕੇ ।
ਜਗਦੀਸ = ਜਗਤ ਦਾ ਮਾਲਕ ।੧।ਰਹਾਉ ।
ਕਾਨੀ = ਕੰਨਾਂ ਵਿਚ ।
ਗਲਿ = ਗਲ ਵਿਚ ।
ਲਾਲ ਨਿਹਾਲੀ = ਲਾਲ ਰੰਗ ਦੀ ਤੁਲਾਈ ।
ਫੂਲ ਗੁਲਾਲਾ = ਗੁਲ ਲਾਲਾ (ਦੇ) ਫੁੱਲ ।੨ ।
ਨੈਨ = ਅੱਖਾਂ ।
ਸਲੋਨੀ = ਸੋਹਣੇ ਲੋਇਣਾਂ ਵਾਲੀ, ਸੋਹਣੀਆਂ ਅੱਖਾਂ ਵਾਲੀ ।
ਖੋੜ = ਸੋਲਾਂ ।
ਬਿਨੁ ਭਜੇ = ਸਿਮਰਨ ਤੋਂ ਬਿਨਾ ।੩ ।
ਮਹਲਾ = ਮਹਲ = ਮਾੜੀਆਂ ।
ਸੁਖਾਲੀ = ਸੁਖ ਦੇਣ ਵਾਲੀ ।
ਅਹਿ = ਦਿਨ ।
ਨਿਸਿ = ਰਾਤ ।
ਦੁਖਾਲੀ = ਦੁੱਖਾਂ ਦਾ ਘਰ ।੪ ।
ਹੈਵਰ = {ਹਯ = ਵਰ} ਵਧੀਆ ਘੋੜੇ ।
ਗੈਵਰ {ਗਜ = ਵਰ} ਵਧੀਆ ਹਾਥੀ ।
ਨੇਬ = ਨਾਇਬ ।
ਖਵਾਸੀ = ਸ਼ਾਹੀ ਨੌਕਰ ।
ਪਾਜੇ = ਪਾਜ, ਵਿਖਾਵਾ ।
ਦਿਵਾਜੇ = ਵਿਖਾਵੇ ।੫।ਸਿਧੁ—ਕਰਾਮਾਤੀ ਜੋਗੀ ।
ਕਹਾਵਉ = ਕਹਾਵਉਂ; ਜੇ ਮੈਂ ਅਖਵਾਵਾਂ ।
ਰਿਧਿ ਸਿਧਿ = ਕਰਾਮਾਤੀ ਤਾਕਤਾਂ ।
ਕੁਲਹ = ਟੋਪੀ ।
ਸਿਰਿ = ਸਿਰ ਉਤੇ ।
ਸਚੁ = ਸਦਾ = ਥਿਰ ਰਹਿਣ ਵਾਲਾ (ਰਾਜ-ਭਾਗ) ।੬ ।
ਮਲੂਕੁ = ਬਾਦਸ਼ਾਹ ।
ਅਬੇ ਤਬੇ = ਨੌਕਰਾਂ ਨੂੰ ਝਿੜਕਾਂ ।
ਕੂੜੇ = ਝੂਠੇ, ਨਾਸਵੰਤ ।
ਕਾਜਾ = ਜੀਵਨ = ਮਨੋਰਥ ।੭ ।
ਮਮਤਾ = ਮਲਕੀਅਤ ਦੀ ਤਾਂਘ ।
ਸਬਦਿ = ਸ਼ਬਦ ਦੀ ਰਾਹੀਂ ।
ਗੁਰਮਤਿ = ਗੁਰੂ ਦੀ ਸਿੱਖਿਆ ਨਾਲ ।
ਮੁਰਾਰੀ = ਪਰਮਾਤਮਾ—{ਮੁਰ = ਅਰਿ} ।੮ ।
    
Sahib Singh
ਵਧੀਆ ਵਧੀਆ ਕੱਪੜੇ ਪਹਿਨਣ ਤੇ ਪਹਿਨ ਕੇ ਦੂਜਿਆਂ ਨੂੰ ਵਿਖਾਲਣ ਦਾ ਕੀਹ ਲਾਭ ਹੈ ?
ਪਰਮਾਤਮਾ (ਦੇ ਚਰਨਾਂ ਵਿਚ ਜੁੜਨ) ਤੋਂ ਬਿਨਾ ਸੁਖ ਹੋਰ ਕਿਤੇ ਭੀ ਨਹੀਂ ਮਿਲ ਸਕਦਾ ਹੈ ।੧।ਰਹਾਉ ।
ਜੇ ਮੈਂ ਅਤਰ ਅਤੇ ਚੰਦਨ ਆਪਣੇ ਸਰੀਰ ਉਤੇ ਲਾ ਲਵਾਂ, ਜੇ ਮੈਂ ਰੇਸ਼ਮ ਰੇਸ਼ਮੀ ਕੱਪੜੇ ਪਹਿਨ ਕੇ ਹੰਢਾਵਾਂ, (ਫਿਰ ਭੀ) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਸੁੰਞਾ ਹਾਂ, ਤਾਂ ਕਿਤੇ ਭੀ ਮੈਨੂੰ ਸੁਖ ਨਹੀਂ ਮਿਲ ਸਕਦਾ ।੧ ।
ਜੇ ਮੈਂ ਆਪਣੇ ਕੰਨਾਂ ਵਿਚ ਕੁੰਡਲ ਪਾ ਲਵਾਂ, ਗਲ ਵਿਚ ਮੋਤੀਆਂ ਦੀ ਮਾਲਾ ਪਾ ਲਵਾਂ, ਮੇਰੀ ਲਾਲ ਰੰਗ ਦੀ ਤੁਲਾਈ ਉਤੇ ਗੁਲਾਲ ਫੁੱਲ (ਖਿਲਰੇ ਹੋਏ) ਹੋਣ (ਫਿਰ ਭੀ) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮੈਂ ਕਿਤੇ ਭੀ ਸੁਖ ਨਹੀਂ ਲੱਭ ਸਕਦਾ ।੨ ।
ਜੇ ਸੋਹਣੀਆਂ ਅੱਖਾਂ ਵਾਲੀ ਸੁੰਦਰ ਮੇਰੀ ਇਸਤ੍ਰੀ ਹੋਵੇ, ਉਹ ਸੋਲਾਂ ਕਿਸਮਾਂ ਦੇ ਹਾਰ-ਸ਼ਿੰਗਾਰ ਕਰਦੀ ਹੋਵੇ, ਤੇ ਮੈਨੂੰ ਬਹੁਤ ਪਿਆਰੀ ਲੱਗਦੀ ਹੋਵੇ; (ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਸਦਾ ਖ਼ੁਆਰੀ ਹੀ ਹੁੰਦੀ ਹੈ ।੩ ।
ਜੇ ਮੇਰੇ ਪਾਸ ਵੱਸਣ ਲਈ ਮਹਲ-ਮਾੜੀਆਂ ਹੋਣ, ਸੁਖ ਦੇਣ ਵਾਲਾ ਮੇਰਾ ਪਲੰਘ ਹੋਵੇ, ਉਸ ਉਤੇ ਮਾਲੀ ਦਿਨ ਰਾਤ ਫੁੱਲ ਵਿਛਾਂਦਾ ਰਹੇ, (ਫਿਰ ਭੀ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਸਰੀਰ ਦੁੱਖਾਂ ਦਾ ਘਰ ਹੀ ਬਣਿਆ ਰਹਿੰਦਾ ਹੈ ।੪ ।
ਜੇ ਮੇਰੇ ਪਾਸ ਵਧੀਆ ਘੋੜੇ ਵਧੀਆ ਹਾਥੀ ਹੋਣ, ਨੇਜ਼ਾ-ਬਰਦਾਰ ਫ਼ੌਜਾਂ ਹੋਣ, ਫ਼ੌਜੀ ਵਾਜੇ ਵੱਜਦੇ ਹੋਣ, ਲਸ਼ਕਰ ਹੋਣ, ਨਾਇਬ ਹੋਣ, ਸ਼ਾਹੀ ਨੌਕਰ ਹੋਣ, ਇਹ ਸਾਰਾ ਵਿਖਾਵਾ ਹੋਵੇ, (ਫਿਰ ਭੀ) ਜਗਤ ਦੇ ਮਾਲਕ ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਇਹ (ਤਾਕਤ ਦੇ) ਵਿਖਾਵੇ ਨਾਸਵੰਤ ਹੀ ਹਨ ।੫ ।
ਜੇ ਮੈਂ (ਆਪਣੇ ਆਪ ਨੂੰ) ਕਰਾਮਾਤੀ ਸਾਧੂ ਅਖਵਾ ਲਵਾਂ (ਜਦੋਂ ਚਾਹਾਂ) ਕਰਾਮਾਤੀ ਤਾਕਤਾਂ ਨੂੰ (ਆਪਣੇ ਪਾਸ) ਸੱਦ ਸਕਾਂ, ਮੇਰੇ ਸਿਰ ਉਤੇ ਤਾਜ ਦੀ ਟੋਪੀ ਹੋਵੇ, ਮੈਂ ਆਪਣੇ ਸਿਰ ਉਤੇ (ਸ਼ਾਹੀ) ਛਤਰ ਝੁਲਾ ਸਕਾਂ, (ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦੇ ਸਿਮਰਨ ਤੋਂ ਬਿਨਾ ਸਦਾ ਟਿਕੀ ਰਹਿਣ ਵਾਲੀ (ਆਤਮਕ) ਤਾਕਤ ਕਿਤੋਂ ਨਹੀਂ ਹਾਸਲ ਕਰ ਸਕਦਾ ।੬ ।
ਜੇ ਮੈਂ ਆਪਣੇ ਆਪ ਨੂੰ ਖ਼ਾਨ ਅਖਵਾ ਲਵਾਂ, ਬਾਦਸ਼ਾਹ ਕਹਾ ਲਵਾਂ, ਰਾਜਾ ਸਦਵਾ ਲਵਾਂ, ਨੌਕਰਾਂ ਚਾਕਰਾਂ ਨੂੰ ਝਿੜਕਾਂ ਭੀ ਦੇ ਸਕਾਂ, (ਤਾਕਤ ਦਾ ਇਹ ਸਾਰਾ) ਵਿਖਾਵਾ ਨਾਸ ਹੋ ਜਾਣ ਵਾਲਾ ਹੈ ।
ਗੁਰੂ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਮਨੁੱਖਾ ਜੀਵਨ ਦਾ ਮਨੋਰਥ ਸਿਰੇ ਨਹੀਂ ਚੜ੍ਹਦਾ ।੭ ।
ਮੈਂ ਵੱਡਾ ਬਣ ਜਾਵਾਂ ਤੇ ਮੇਰੀਆਂ ਬਹੁਤ ਮਲਕੀਅਤਾਂ ਹੋਣ—ਇਹ ਤਾਂਘ ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਹੀ ਮਨ ਵਿਚੋਂ ਭੁੱਲਦੀ ਹੈ ।
ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਹਿਰਦੇ ਵਿਚ ਟਿਕਿਆ ਪਛਾਣਿਆ ਜਾਸਕਦਾ ਹੈ ।
(ਪਰ ਇਹ ਸਭ ਕੁਝ ਤਦੋਂ ਹੀ ਹੋ ਸਕਦਾ ਹੈ ਜੇ ਪਰਮਾਤਮਾ ਦੀ ਆਪਣੀ ਮਿਹਰ ਹੋਵੇ ।
ਇਸ ਵਾਸਤੇ) ਨਾਨਕ ਪ੍ਰਭੂ-ਦਰ ਤੇ ਬੇਨਤੀ ਕਰਦਾ ਹੈ—(ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ ।੮।੧੦ ।
Follow us on Twitter Facebook Tumblr Reddit Instagram Youtube