ਗਉੜੀ ਮਹਲਾ ੧ ॥
ਖਿਮਾ ਗਹੀ ਬ੍ਰਤੁ ਸੀਲ ਸੰਤੋਖੰ ॥
ਰੋਗੁ ਨ ਬਿਆਪੈ ਨਾ ਜਮ ਦੋਖੰ ॥
ਮੁਕਤ ਭਏ ਪ੍ਰਭ ਰੂਪ ਨ ਰੇਖੰ ॥੧॥

ਜੋਗੀ ਕਉ ਕੈਸਾ ਡਰੁ ਹੋਇ ॥
ਰੂਖਿ ਬਿਰਖਿ ਗ੍ਰਿਹਿ ਬਾਹਰਿ ਸੋਇ ॥੧॥ ਰਹਾਉ ॥

ਨਿਰਭਉ ਜੋਗੀ ਨਿਰੰਜਨੁ ਧਿਆਵੈ ॥
ਅਨਦਿਨੁ ਜਾਗੈ ਸਚਿ ਲਿਵ ਲਾਵੈ ॥
ਸੋ ਜੋਗੀ ਮੇਰੈ ਮਨਿ ਭਾਵੈ ॥੨॥

ਕਾਲੁ ਜਾਲੁ ਬ੍ਰਹਮ ਅਗਨੀ ਜਾਰੇ ॥
ਜਰਾ ਮਰਣ ਗਤੁ ਗਰਬੁ ਨਿਵਾਰੇ ॥
ਆਪਿ ਤਰੈ ਪਿਤਰੀ ਨਿਸਤਾਰੇ ॥੩॥

ਸਤਿਗੁਰੁ ਸੇਵੇ ਸੋ ਜੋਗੀ ਹੋਇ ॥
ਭੈ ਰਚਿ ਰਹੈ ਸੁ ਨਿਰਭਉ ਹੋਇ ॥
ਜੈਸਾ ਸੇਵੈ ਤੈਸੋ ਹੋਇ ॥੪॥

ਨਰ ਨਿਹਕੇਵਲ ਨਿਰਭਉ ਨਾਉ ॥
ਅਨਾਥਹ ਨਾਥ ਕਰੇ ਬਲਿ ਜਾਉ ॥
ਪੁਨਰਪਿ ਜਨਮੁ ਨਾਹੀ ਗੁਣ ਗਾਉ ॥੫॥

ਅੰਤਰਿ ਬਾਹਰਿ ਏਕੋ ਜਾਣੈ ॥
ਗੁਰ ਕੈ ਸਬਦੇ ਆਪੁ ਪਛਾਣੈ ॥
ਸਾਚੈ ਸਬਦਿ ਦਰਿ ਨੀਸਾਣੈ ॥੬॥

ਸਬਦਿ ਮਰੈ ਤਿਸੁ ਨਿਜ ਘਰਿ ਵਾਸਾ ॥
ਆਵੈ ਨ ਜਾਵੈ ਚੂਕੈ ਆਸਾ ॥
ਗੁਰ ਕੈ ਸਬਦਿ ਕਮਲੁ ਪਰਗਾਸਾ ॥੭॥

ਜੋ ਦੀਸੈ ਸੋ ਆਸ ਨਿਰਾਸਾ ॥
ਕਾਮ ਕ੍ਰੋਧ ਬਿਖੁ ਭੂਖ ਪਿਆਸਾ ॥
ਨਾਨਕ ਬਿਰਲੇ ਮਿਲਹਿ ਉਦਾਸਾ ॥੮॥੭॥

Sahib Singh
ਖਿਮਾ = ਦੂਜਿਆਂ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ ।
ਗਹੀ = ਫੜੀ, ਗ੍ਰਹਣ ਕੀਤੀ ।
ਬ੍ਰਤੁ = ਨਿੱਤ ਦਾ ਨਿਯਮ ।
ਸੀਲ = ਮਿੱਠਾ ਸੁਭਾਉ ।
ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ ।
ਜਮ ਦੋਖੰ = ਜਮ ਦਾ ਡਰ ।
ਮੁਕਤ = ਵਿਕਾਰਾਂ ਤੋਂ ਆਜ਼ਾਦ ।੧ ।
ਰੂਖਿ = ਰੁੱਖ ਹੇਠ ।
ਬਿਰਖਿ = ਰੁੱਖ ਹੇਠ ।
ਗਿ੍ਰਹਿ = ਘਰ ਵਿਚ ।
ਬਾਹਰਿ = ਘਰੋਂ ਬਾਹਰ ਜੰਗਲ ਵਿਚ ।
ਸੋਇ = ਉਹ ਪ੍ਰਭੂ ਹੀ ।੧।ਰਹਾਉ ।
ਅਨਦਿਨੁ = ਹਰ ਰੋਜ਼ ।
ਜਾਗੈ = ਵਿਕਾਰਾਂ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ ਹੈ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੨ ।
ਕਾਲੁ = ਮੌਤ ਦਾ ਡਰ ।
ਜਾਰੇ = ਸਾੜ ਦੇਂਦਾ ਹੈ ।
ਬ੍ਰਹਮ ਅਗਨੀ = ਅੰਦਰ ਪ੍ਰਗਟ ਹੋਵੇ ਪਰਮਾਤਮਾ ਦੇ ਤੇਜ-ਰੂਪ ਅੱਗ ਨਾਲ ।
ਜਰਾ = ਬੁਢੇਪਾ ।
ਮਰਣ = ਮੌਤ ।
ਗਤੁ = ਦੂਰ ਹੋ ਜਾਂਦਾ ਹੈ ।
ਗਰਬੁ = ਅਹੰਕਾਰ ।
ਪਿਤਰੀ = ਪਿਤਰਾਂ ਨੂੰ, ਵੱਡੇ ਵਡੇਰਿਆਂ ਨੂੰ ।੩ ।
ਭੈ = (ਪਰਮਾਤਮਾ ਦੇ) ਡਰ = ਅਦਬ ਵਿਚ ।
ਸੇਵੇ = ਸਿਮਰਦਾ ਹੈ, ਸੇਵਾ ਕਰਦਾ ਹੈ ।੪ ।
ਨਰ ਨਿਹਕੇਵਲ = ਵਾਸਨਾ = ਰਹਿਤ (ਸੁੱਧ) ਮਨੁੱਖ ।
ਬਲਿ ਜਾਉ = ਮੈਂ ਕੁਰਬਾਨ ਹਾਂ ।
ਪੁਨਰਪਿ = {ਪੁਨ: ਅਪਿ} ਮੁੜ ਮੁੜ ।੫ ।
ਸਬਦੇ = ਸ਼ਬਦ ਵਿਚ (ਜੁੜ ਕੇ) ।
ਆਪੁ = ਆਪਣੇ ਅਸਲੇ ਨੂੰ ।
ਨੀਸਾਣ = ਰਾਹਦਾਰੀ, ਪਰਵਾਨਾ ।
ਦਰਿ = ਪਰਮਾਤਮਾ ਦੇ ਦਰ ਤੇ ।੬ ।
ਨਿਜ ਘਰਿ = ਆਪਣੇ ਘਰ ਵਿਚ, ਆਪਣੇ ਅੰਤਰ ਆਤਮੇ ਹੀ ।
ਚੂਕੈ = ਮੁੱਕ ਜਾਂਦੀ ਹੈ ।
ਕਮਲੁ = ਹਿਰਦਾ = ਰੂਪ ਕੌਲ ਫੁੱਲ ।
ਪਰਗਾਸਾ = ਖਿੜ ਪੈਂਦਾ ਹੈ ।੭ ।
ਆਸ ਨਿਰਾਸਾ = ਆਸਾਂ ਵਿਚ ਨਿਰਾਸ, ਜਿਸ ਦੀਆਂ ਸੱਧਰਾਂ ਵਿਚੇ ਹੀ ਰਹਿ ਗਈਆਂ ।
ਬਿਖੁ = ਜ਼ਹਰ ।
ਉਦਾਸਾ = ਆਸਾਂ ਤੋਂ ਉਤਾਂਹ, ਨਿਰਮੋਹ ।੮ ।
    
Sahib Singh
ਜਿਸ ਮਨੁੱਖ ਨੂੰ ਰੁੱਖ ਬਿਰਖ ਵਿਚ, ਘਰ ਵਿਚ, ਬਾਹਰ ਜੰਗਲ (ਆਦਿਕ) ਵਿਚ ਹਰ ਥਾਂ ਉਹ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ (ਉਹ ਹੈ ਅਸਲ ਜੋਗੀ, ਤੇ ਉਸ) ਜੋਗੀ ਨੂੰ (ਮਾਇਆ ਦੇ ਸੂਰਮੇ ਕਾਮਾਦਿਕਾਂ ਦੇ ਹੱਲਿਆਂ ਵਲੋਂ) ਕਿਸੇ ਤ੍ਰਹਾਂ ਦਾ ਕੋਈ ਡਰ ਨਹੀਂ ਹੁੰਦਾ (ਜਿਸ ਤੋਂ ਘਬਰਾ ਕੇ ਉਹ ਗਿ੍ਰਹਸਤ ਛੱਡ ਕੇ ਨੱਸ ਜਾਏ) ।੧।ਰਹਾਉ ।
ਉਹ ਜੋਗੀ (ਗਿ੍ਰਹਸਤ ਵਿਚ ਰਹਿ ਕੇ ਹੀ) ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਬਣਾਂਦਾ ਹੈ ।
ਮਿੱਠਾ ਸੁਭਾਉ ਤੇ ਸੰਤੋਖ ਉਸ ਦਾ ਨਿੱਤ ਦਾ ਕਰਮ ਹਨ ।
(ਅਜੇਹੇ ਅਸਲ ਜੋਗੀ ਉਤੇ ਕਾਮਾਦਿਕ ਕੋਈ) ਰੋਗ ਜ਼ੋਰ ਨਹੀਂ ਪਾ ਸਕਦਾ, ਉਸ ਨੂੰ ਮੌਤ ਦਾ ਭੀ ਡਰ ਨਹੀਂ ਹੁੰਦਾ ।
ਅਜੇਹੇ ਜੋਗੀ ਵਿਕਾਰਾਂ ਤੋਂ ਆਜ਼ਾਦ ਹੋ ਜਾਂਦੇ ਹਨ, ਕਿਉਂਕਿ ਉਹ ਰੂਪ-ਰੇਖ-ਰਹਿਤ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ।੧ ।
ਜੋ ਪਰਮਾਤਮਾ ਮਾਇਆ ਦੇ ਪ੍ਰਭਾਵ ਵਿਚ ਨਹੀਂ ਆਉਂਦਾ, ਉਸ ਨੂੰ ਜੇਹੜਾ ਮਨੁੱਖ ਸਿਮਰਦਾ ਹੈ ਉਹ ਹੈ (ਅਸਲ) ਜੋਗੀ ।
ਉਹ (ਭੀ ਮਾਇਆ ਦੇ ਹੱਲਿਆਂ ਤੋਂ) ਡਰਦਾ ਨਹੀਂ (ਉਸ ਨੂੰ ਕਿਉਂ ਲੋੜ ਪਏ ਗਿ੍ਰਹਸਤ ਤੋਂਭੱਜਣ ਦੀ?) ਉਹ ਤਾਂ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਵਿਚ ਸੁਰਤਿ ਜੋੜੀ ਰੱਖਦਾ ਹੈ ।
ਮੇਰੇ ਮਨ ਵਿਚ ਉਹ ਜੋਗੀ ਪਿਆਰਾ ਲੱਗਦਾ ਹੈ (ਉਹੀ ਹੈ ਅਸਲ ਜੋਗੀ) ।੨ ।
(ਉਹ ਜੋਗੀ ਆਪਣੇ-ਅੰਦਰ-ਪਰਗਟ-ਹੋਏ) ਬ੍ਰਹਮ (ਦੇ ਤੇਜ) ਦੀ ਅੱਗ ਨਾਲ ਮੌਤ (ਦੇ ਡਰ ਨੂੰ) ਜਾਲ ਨੂੰ (ਜਿਸ ਦੇ ਸਹਮ ਨੇ ਸਾਰੇ ਜੀਵਾਂ ਨੂੰ ਫਸਾਇਆ ਹੋਇਆ ਹੈ) ਸਾੜ ਦੇਂਦਾ ਹੈ ।
ਉਸ ਜੋਗੀ ਦਾ ਬੁਢੇਪੇ ਦਾ ਡਰ ਮੌਤ ਦਾ ਸਹਮ ਦੂਰ ਹੋ ਜਾਂਦਾ ਹੈ, ਉਹ ਜੋਗੀ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਲੈਂਦਾ ਹੈ ।
ਉਹ ਆਪ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੇ ਪਿਤਰਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ।੩ ।
ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਉਹ (ਅਸਲ) ਜੋਗੀ ਬਣਦਾ ਹੈ, ਉਹ ਪਰਮਾਤਮਾ ਦੇ ਡਰ-ਅਦਬ ਵਿਚ (ਜੀਵਨ-ਪੰਧ ਤੇ) ਤੁਰਦਾ ਹੈ, ਉਹ (ਕਾਮਾਦਿਕ ਵਿਕਾਰਾਂ ਦੇ ਹੱਲਿਆਂ ਤੋਂ) ਨਿਡਰ ਰਹਿੰਦਾ ਹੈ (ਕਿਉਂਕਿ ਇਹ ਇਕ ਅਸੂਲ ਦੀ ਗੱਲ ਹੈ ਕਿ) ਮਨੁੱਖ ਜਿਹੋ ਜਿਹੇ ਦੀ ਸੇਵਾ (-ਭਗਤੀ) ਕਰਦਾ ਹੈ ਉਹੋ ਜਿਹਾ ਆਪ ਬਣ ਜਾਂਦਾ ਹੈ (ਨਿਰਭਉ ਨਿਰੰਕਾਰ ਨੂੰ ਸਿਮਰ ਕੇ ਨਿਰਭਉ ਹੀ ਬਣਨਾ ਹੋਇਆ) ।੪ ।
ਮਨੁੱਖ ਨਿਰਭਉ ਪਰਮਾਤਮਾ ਦਾ ਨਾਮ ਜਪ ਕੇ (ਮਾਇਆ ਦੇ ਹੱਲਿਆਂ ਵਲੋਂ ਨਿਰਭਉ ਹੋ ਕੇ) ਵਾਸਨਾ-ਰਹਿਤ (ਸੁੱਧ) ਹੋ ਜਾਂਦਾ ਹੈ ।
ਉਹ ਨਿਖਸਮਿਆਂ ਨੂੰ ਖਸਮ ਵਾਲਾ ਬਣਾ ਦੇਂਦਾ ਹੈ (ਉਹ ਹੈ ਅਸਲ ਜੋਗੀ, ਤੇ ਅਜੇਹੇ ਜੋਗੀ ਤੋਂ) ਮੈਂ ਕੁਰਬਾਨ ਹਾਂ ।
ਉਸ ਨੂੰ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ, ਉਹ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ।੫ ।
ਉਹ ਜੋਗੀ ਆਪਣੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਇਕ ਪਰਮਾਤਮਾ ਨੂੰ ਹੀ ਵਿਆਪਕ ਜਾਣਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਆਪਣੇ ਅਸਲੇ ਨੂੰ ਪਛਾਣਦਾ ਹੈ ।
ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਉਹ ਜੋਗੀ ਪਰਮਾਤਮਾ ਦੇ ਦਰ ਤੇ (ਸਿਫ਼ਤਿ-ਸਾਲਾਹ ਦੀ) ਰਾਹਦਾਰੀ ਲੈ ਕੇ ਜਾਂਦਾ ਹੈ ।੬।ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ (ਉਹ ਹੈ ਅਸਲ ਜੋਗੀ, ਤੇ) ਉਸ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿਚ ਰਹਿੰਦਾ ਹੈ ।
ਉਸ ਦੀ ਆਸਾ (ਤ੍ਰਿਸ਼ਨਾ) ਮੁੱਕ ਜਾਂਦੀ ਹੈ, ਉਹ ਭਟਕਣਾ ਵਿਚ ਨਹੀਂ ਪੈਂਦਾ ।
ਗੁਰੂ ਦੇ ਸ਼ਬਦ ਵਿਚ ਜੁੜਿਆਂ ਉਸ ਦਾ ਹਿਰਦਾ-ਕੌਲ ਸਦਾ ਖਿੜਿਆ ਰਹਿੰਦਾ ਹੈ ।੭ ।
ਜਗਤ ਵਿਚ ਜੋ ਭੀ ਦਿੱਸਦਾ ਹੈ, ਉਹ ਢੱਠੀਆਂ ਹੋਈਆਂ ਆਸਾਂ ਵਾਲਾ ਹੀ ਦਿੱਸਦਾ ਹੈ (ਕਿਸੇ ਦੀਆਂ ਸਾਰੀਆਂ ਆਸਾਂ ਕਦੇ ਪੂਰੀਆਂ ਨਹੀਂ ਹੋਈਆਂ) ।
ਹਰੇਕ ਨੂੰ ਕਾਮ ਦਾ ਜ਼ਹਰ ਕ੍ਰੋਧ ਦਾ ਜ਼ਹਰ (ਮਾਰਦਾ ਜਾ ਰਿਹਾ ਹੈ, ਹਰੇਕ ਨੂੰ ਮਾਇਆ ਦੀ) ਭੁੱਖ (ਮਾਇਆ ਦੀ) ਤ੍ਰੇਹ (ਲੱਗੀ ਹੋਈ ਹੈ) ।
ਹੇ ਨਾਨਕ! ਜਗਤ ਵਿਚ ਬੜੇ ਵਿਰਲੇ ਐਸੇ ਬੰਦੇ ਮਿਲਦੇ ਹਨ, ਜੋ ਆਸਾ ਤ੍ਰਿਸ਼ਨਾ ਦੇ ਅਧੀਨ ਨਹੀਂ ਹਨ (ਤੇ, ਉਹੀ ਹਨ ਅਸਲ ਜੋਗੀ) ।੮।੭ ।
Follow us on Twitter Facebook Tumblr Reddit Instagram Youtube