ਗਉੜੀ ਮਹਲਾ ੧ ॥
ਦੂਜੀ ਮਾਇਆ ਜਗਤ ਚਿਤ ਵਾਸੁ ॥
ਕਾਮ ਕ੍ਰੋਧ ਅਹੰਕਾਰ ਬਿਨਾਸੁ ॥੧॥

ਦੂਜਾ ਕਉਣੁ ਕਹਾ ਨਹੀ ਕੋਈ ॥
ਸਭ ਮਹਿ ਏਕੁ ਨਿਰੰਜਨੁ ਸੋਈ ॥੧॥ ਰਹਾਉ ॥

ਦੂਜੀ ਦੁਰਮਤਿ ਆਖੈ ਦੋਇ ॥
ਆਵੈ ਜਾਇ ਮਰਿ ਦੂਜਾ ਹੋਇ ॥੨॥

ਧਰਣਿ ਗਗਨ ਨਹ ਦੇਖਉ ਦੋਇ ॥
ਨਾਰੀ ਪੁਰਖ ਸਬਾਈ ਲੋਇ ॥੩॥

ਰਵਿ ਸਸਿ ਦੇਖਉ ਦੀਪਕ ਉਜਿਆਲਾ ॥
ਸਰਬ ਨਿਰੰਤਰਿ ਪ੍ਰੀਤਮੁ ਬਾਲਾ ॥੪॥

ਕਰਿ ਕਿਰਪਾ ਮੇਰਾ ਚਿਤੁ ਲਾਇਆ ॥
ਸਤਿਗੁਰਿ ਮੋ ਕਉ ਏਕੁ ਬੁਝਾਇਆ ॥੫॥

ਏਕੁ ਨਿਰੰਜਨੁ ਗੁਰਮੁਖਿ ਜਾਤਾ ॥
ਦੂਜਾ ਮਾਰਿ ਸਬਦਿ ਪਛਾਤਾ ॥੬॥

ਏਕੋ ਹੁਕਮੁ ਵਰਤੈ ਸਭ ਲੋਈ ॥
ਏਕਸੁ ਤੇ ਸਭ ਓਪਤਿ ਹੋਈ ॥੭॥

ਰਾਹ ਦੋਵੈ ਖਸਮੁ ਏਕੋ ਜਾਣੁ ॥
ਗੁਰ ਕੈ ਸਬਦਿ ਹੁਕਮੁ ਪਛਾਣੁ ॥੮॥

ਸਗਲ ਰੂਪ ਵਰਨ ਮਨ ਮਾਹੀ ॥
ਕਹੁ ਨਾਨਕ ਏਕੋ ਸਾਲਾਹੀ ॥੯॥੫॥

Sahib Singh
ਦੂਜੀ = ਦੂਜਾ = ਪਨ ਪੈਦਾ ਕਰਨ ਵਾਲੀ, ਮੇਰ-ਤੇਰ ਪੈਦਾ ਕਰਨ ਵਾਲੀ, ਪਰਮਾਤਮਾ ਤੋਂ ਵਿੱਥ ਬਣਾਣ ਵਾਲੀ ।
ਜਗਤ ਚਿਤ = ਜਗਤ ਦੇ ਜੀਵਾਂ ਦੇ ਮਨਾਂ ਵਿਚ ।
ਬਿਨਾਸੁ = ਆਤਮਕ ਜੀਵਨ ਦੀ ਤਬਾਹੀ ।੧ ।
ਦੂਜਾ = ਪਰਮਾਤਮਾ ਤੋਂ ਬਿਨਾ ਕੋਈ ਹੋਰ ।
ਕਹਾ = ਕਹਾਂ, ਮੈਂ ਆਖਾਂ ।
ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ।੧।ਰਹਾਉ ।
ਦੋਇ = ਦ੍ਵੈਤ, ਪ੍ਰਭੂ ਤੋਂ ਬਿਨਾ ਕਿਸੇ ਹੋਰ ਹਸਤੀ ਦੀ ਹੋਂਦ ।
ਮਰਿ = ਆਤਮਕ ਮੌਤ ਮਰ ਕੇ ।
ਦੂਜਾ = ਪ੍ਰਭੂ ਤੋਂ ਵੱਖਰਾ ।੨ ।
ਧਰਣਿ = ਧਰਤੀ ।
ਗਗਨਿ = ਆਕਾਸ਼ ਵਿਚ ।
ਦੇਖਉ = ਮੈਂ ਵੇਖਦਾ ਹਾਂ ।
ਦੋਇ = ਕੋਈ ਦੂਜੀ ਹਸਤੀ ।
ਲੋਇ = ਸਿ੍ਰਸ਼ਟੀ ।੩ ।
ਰਵਿ = ਸੂਰਜ ।
ਸਸਿ = ਚੰਦ੍ਰਮਾ ।
ਉਜਿਆਲਾ = ਚਾਨਣ ।
ਸਰਬ ਨਿਰੰਤਰਿ = ਸਭ ਦੇ ਅੰਦਰ ਇਕ-ਰਸ ।
ਬਾਲਾ = ਜਵਾਨ ।੪ ।
ਕਰਿ = ਕਰ ਕੇ ।
ਸਤਿਗੁਰਿ = ਸਤਿਗੁਰੂ ਨੇ ।
ਮੋ ਕਉ = ਮੈਨੂੰ ।੫ ।
ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ ।
ਸਬਦਿ = (ਗੁਰੂ) ਦੇ ਸ਼ਬਦ ਦੀ ਰਾਹੀਂ ।੬ ।
ਲੋਈ = ਸਿ੍ਰਸ਼ਟੀ (ਵਿਚ) ।
ਓਪਤਿ = ਉਤਪੱਤੀ ।੭ ।
ਰਾਹ ਦੋਵੈ = ਦੋ ਰਸਤੇ (ਗੁਰਮੁਖਤਾ ਤੇ ਦੁਰਮਤਿ) ।੮ ।
ਸਰਾਹੀ = ਸਲਾਹੀਂ, ਮੈਂ ਸਲਾਹੁੰਦਾ ਹਾਂ ।੯ ।
    
Sahib Singh
ਸਾਰੇ ਜੀਵਾਂ ਵਿਚ ਇਕ ਉਹੀ ਪਰਮਾਤਮਾ ਵੱਸ ਰਿਹਾ ਹੈ, ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ।
ਕਿਤੇ ਭੀ ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ ।
ਉਸ ਪ੍ਰਭੂ ਤੋਂ ਵੱਖਰਾ (ਵੱਖਰੀ ਹੋਂਦ ਵਾਲਾ) ਮੈਂ ਕੋਈ ਭੀ ਦੱਸ ਨਹੀਂ ਸਕਦਾ ।੧।ਰਹਾਉ ।
ਪਰਮਾਤਮਾ ਤੋਂ ਵਿੱਥ ਪਾਉਣ ਵਾਲੀ (ਪਰਮਾਤਮਾ ਦੀ) ਮਾਇਆ (ਹੀ ਹੈ ਜਿਸ ਨੇ) ਜਗਤ ਦੇ ਜੀਵਾਂ ਦੇ ਮਨਾਂ ਵਿਚ ਆਪਣਾ ਟਿਕਾਣਾ ਬਣਾਇਆ ਹੋਇਆ ਹੈ ।
(ਇਸ ਮਾਇਆ ਤੋਂ ਪੈਦਾ ਹੋਏ) ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ ਜੀਵਾਂ ਦੇ ਆਤਮਕ ਜੀਵਨ ਦਾ) ਨਾਸ ਕਰ ਦੇਂਦੇ ਹਨ ।੧ ।
ਪਰਮਾਤਮਾ ਤੋਂ ਵਿੱਥ ਪੈਦਾ ਕਰਨ ਵਾਲੀ (ਮਾਇਆ ਦੇ ਕਾਰਨ ਹੀ ਮਨੁੱਖ ਦੀ) ਭੈੜੀ ਮਤਿ (ਮਨੁੱਖ ਨੂੰ) ਦੱਸਦੀ ਰਹਿੰਦੀ ਹੈ ਕਿ ਮਾਇਆ ਦੀ ਹਸਤੀ ਪ੍ਰਭੂ ਤੋਂ ਵੱਖਰੀ ਹੈ ।
(ਇਸ ਦੁਰਮਤਿ ਦੇ ਅਸਰ ਹੇਠ) ਜੀਵ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, (ਇਸ ਤ੍ਰਹਾਂ) ਆਤਮਕ ਮੌਤੇ ਮਰ ਕੇ ਪਰਮਾਤਮਾ ਤੋਂ ਵਿੱਥ ਤੇ ਹੋ ਜਾਂਦਾ ਹੈ।੨ ।
ਪਰ ਮੈਂ ਤਾਂ ਧਰਤੀ ਆਕਾਸ਼ ਵਿਚ, ਇਸਤ੍ਰੀ ਪੁਰਖ ਵਿਚ, ਸਾਰੀ ਹੀ ਸਿ੍ਰਸ਼ਟੀ ਵਿਚ (ਕਿਤੇ ਭੀ ਪਰਮਾਤਮਾ ਤੋਂ ਬਿਨਾ) ਕੋਈ ਹੋਰ ਹਸਤੀ ਨਹੀਂ ਵੇਖਦਾ ।੩ ।
ਮੈਂ ਸੂਰਜ ਚੰਦ੍ਰਮਾ (ਇਹਨਾਂ ਸਿ੍ਰਸ਼ਟੀ ਦੇ) ਦੀਵਿਆਂ ਦਾ ਚਾਨਣ ਤੱਕਦਾ ਹਾਂ, ਸਾਰਿਆਂ ਦੇ ਅੰਦਰ ਇਕ-ਰਸ ਮੈਨੂੰ ਸਦਾ-ਜਵਾਨ ਪ੍ਰੀਤਮ ਪ੍ਰਭੂ ਹੀ ਦਿੱਸ ਰਿਹਾ ਹੈ ।੪ ।
ਸਤਿਗੁਰੂ ਨੇ ਮਿਹਰ ਕਰ ਕੇ ਮੇਰਾ ਚਿੱਤ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ, ਤੇ ਮੈਨੂੰ ਇਹ ਸਮਝ ਦੇ ਦਿੱਤੀ ਕਿ ਹਰ ਥਾਂ ਇਕ ਪਰਮਾਤਮਾ ਹੀ ਵੱਸ ਰਿਹਾ ਹੈ ।੫ ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਗੁਰ-ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਪਰਮਾਤਮਾ ਨਾਲੋਂ ਵਖੇਵਾਂ ਮੁਕਾ ਕੇ ਪਰਮਾਤਮਾ (ਦੀ ਹੋਂਦ) ਨੂੰ ਪਛਾਣ ਲੈਂਦਾ ਹੈ, ਤੇ ਇਹ ਜਾਣ ਲੈਂਦਾ ਹੈ ਕਿ ਇਕ ਨਿਰੰਜਨ ਹੀ ਹਰ ਥਾਂ ਮੌਜੂਦ ਹੈ ।੬ ।
ਸਾਰੀ ਸਿ੍ਰਸ਼ਟੀ ਵਿਚ ਸਿਰਫ਼ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ, ਇਕ ਪਰਮਾਤਮਾ ਤੋਂ ਹੀ ਸਾਰੀ ਉਤਪੱਤੀ ਹੋਈ ਹੈ ।੭ ।
(ਇਕ ਪ੍ਰਭੂ ਤੋਂ ਹੀ ਸਾਰੀ ਉਤਪੱਤੀ ਹੋਣ ਤੇ ਭੀ ਮਾਇਆ ਦੇ ਪ੍ਰਭਾਵ ਹੇਠ ਜਗਤ ਵਿਚ) ਦੋਵੇਂ ਰਸਤੇ ਚੱਲ ਪੈਂਦੇ ਹਨ (—ਗੁਰਮੁਖਤਾ ਅਤੇ ਦੁਰਮਤਿ) ।
(ਪਰ ਹੇ ਭਾਈ! ਸਭ ਵਿਚ) ਇਕ ਪਰਮਾਤਮਾ ਨੂੰ ਹੀ (ਵਰਤਦਾ) ਜਾਣ ।
ਗੁਰੂ ਦੇ ਸ਼ਬਦ ਵਿਚ ਜੁੜ ਕੇ (ਸਾਰੇ ਜਗਤ ਵਿਚ ਪਰਮਾਤਮਾ ਦਾ ਹੀ) ਹੁਕਮ ਚੱਲਦਾ ਪਛਾਣ ।੮ ।
ਹੇ ਨਾਨਕ! ਆਖ—ਮੈਂ ਉਸ ਇੱਕ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਕਰਦਾ ਹਾਂ, ਜੋ ਸਾਰੇ ਰੂਪਾਂ ਵਿਚ ਸਾਰੇ ਵਰਨਾਂ ਵਿੱਚ ਤੇ ਸਾਰੇ (ਜੀਵਾਂ ਦੇ) ਮਨਾਂ ਵਿਚ ਵਿਆਪਕ ਹੈ ।੯।੫ ।
Follow us on Twitter Facebook Tumblr Reddit Instagram Youtube