ਗਉੜੀ ਗੁਆਰੇਰੀ ਮਹਲਾ ੧ ॥
ਹਉਮੈ ਕਰਤਿਆ ਨਹ ਸੁਖੁ ਹੋਇ ॥
ਮਨਮਤਿ ਝੂਠੀ ਸਚਾ ਸੋਇ ॥
ਸਗਲ ਬਿਗੂਤੇ ਭਾਵੈ ਦੋਇ ॥
ਸੋ ਕਮਾਵੈ ਧੁਰਿ ਲਿਖਿਆ ਹੋਇ ॥੧॥

ਐਸਾ ਜਗੁ ਦੇਖਿਆ ਜੂਆਰੀ ॥
ਸਭਿ ਸੁਖ ਮਾਗੈ ਨਾਮੁ ਬਿਸਾਰੀ ॥੧॥ ਰਹਾਉ ॥

ਅਦਿਸਟੁ ਦਿਸੈ ਤਾ ਕਹਿਆ ਜਾਇ ॥
ਬਿਨੁ ਦੇਖੇ ਕਹਣਾ ਬਿਰਥਾ ਜਾਇ ॥
ਗੁਰਮੁਖਿ ਦੀਸੈ ਸਹਜਿ ਸੁਭਾਇ ॥
ਸੇਵਾ ਸੁਰਤਿ ਏਕ ਲਿਵ ਲਾਇ ॥੨॥

ਸੁਖੁ ਮਾਂਗਤ ਦੁਖੁ ਆਗਲ ਹੋਇ ॥
ਸਗਲ ਵਿਕਾਰੀ ਹਾਰੁ ਪਰੋਇ ॥
ਏਕ ਬਿਨਾ ਝੂਠੇ ਮੁਕਤਿ ਨ ਹੋਇ ॥
ਕਰਿ ਕਰਿ ਕਰਤਾ ਦੇਖੈ ਸੋਇ ॥੩॥

ਤ੍ਰਿਸਨਾ ਅਗਨਿ ਸਬਦਿ ਬੁਝਾਏ ॥
ਦੂਜਾ ਭਰਮੁ ਸਹਜਿ ਸੁਭਾਏ ॥
ਗੁਰਮਤੀ ਨਾਮੁ ਰਿਦੈ ਵਸਾਏ ॥
ਸਾਚੀ ਬਾਣੀ ਹਰਿ ਗੁਣ ਗਾਏ ॥੪॥

ਤਨ ਮਹਿ ਸਾਚੋ ਗੁਰਮੁਖਿ ਭਾਉ ॥
ਨਾਮ ਬਿਨਾ ਨਾਹੀ ਨਿਜ ਠਾਉ ॥
ਪ੍ਰੇਮ ਪਰਾਇਣ ਪ੍ਰੀਤਮ ਰਾਉ ॥
ਨਦਰਿ ਕਰੇ ਤਾ ਬੂਝੈ ਨਾਉ ॥੫॥

ਮਾਇਆ ਮੋਹੁ ਸਰਬ ਜੰਜਾਲਾ ॥
ਮਨਮੁਖ ਕੁਚੀਲ ਕੁਛਿਤ ਬਿਕਰਾਲਾ ॥
ਸਤਿਗੁਰੁ ਸੇਵੇ ਚੂਕੈ ਜੰਜਾਲਾ ॥
ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥੬॥

ਗੁਰਮੁਖਿ ਬੂਝੈ ਏਕ ਲਿਵ ਲਾਏ ॥
ਨਿਜ ਘਰਿ ਵਾਸੈ ਸਾਚਿ ਸਮਾਏ ॥
ਜੰਮਣੁ ਮਰਣਾ ਠਾਕਿ ਰਹਾਏ ॥
ਪੂਰੇ ਗੁਰ ਤੇ ਇਹ ਮਤਿ ਪਾਏ ॥੭॥

ਕਥਨੀ ਕਥਉ ਨ ਆਵੈ ਓਰੁ ॥
ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥
ਦੁਖੁ ਸੁਖੁ ਭਾਣੈ ਤਿਸੈ ਰਜਾਇ ॥
ਨਾਨਕੁ ਨੀਚੁ ਕਹੈ ਲਿਵ ਲਾਇ ॥੮॥੪॥

Sahib Singh
ਹਉਮੈ = ਹਉ ਹਉ, ਮੈਂ ਮੈਂ ।
ਹਉਮੈ ਕਰਤਿਆ = ਹਰ ਵੇਲੇ ਆਪਣੇ ਹੀ ਵਡੱਪਣ ਤੇ ਸੁਖ ਦੀਆਂ ਗੱਲਾਂ ਕਰਦਿਆਂ ।
ਮਨ ਮਤਿ = ਮਨ ਦੀ ਸਿਆਣਪ ।
ਝੂਠੀ = ਨਾਸਵੰਤ ਪਦਾਰਥਾਂ ਵਿਚ ।
ਸੋਇ = ਉਹ ਪ੍ਰਭੂ ।
ਸਚਾ = ਸਦਾ = ਥਿਰ ਰਹਿਣ ਵਾਲਾ ।
ਬਿਗੂਤੇ = ਖ਼ੁਆਰ ਹੋਏ ।
ਦੋਇ = ਦ੍ਵੈਤ, ਮੇਰ = ਤੇਰ ।੧ ।
ਸਭਿ = ਸਾਰੇ ।
ਬਿਸਾਰੀ = ਵਿਸਾਰ ਕੇ, ਬਿਸਾਰਿ ।੧।ਰਹਾਉ ।
ਅਦਿਸਟੁ = ਇਹਨਾਂ ਅੱਖਾਂ ਨਾਲ ਨਾਹ ਦਿੱਸਣ ਵਾਲਾ ।
ਤਾ = ਤਦੋਂ ।
ਕਹਿਆ ਜਾਇ = ਸਿਮਰਿਆ ਜਾ ਸਕਦਾ ਹੈ, ਉਸ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜ਼ਿਕਰ ਕਰਨ ਨੂੰ ਜੀ ਕਰਦਾ ਹੈ ।
ਬਿਰਥਾ = ਵਿਅਰਥ ।
ਗੁਰਮੁਖਿ = ਗੁਰੂ ਦੀ ਸਰਨ ਪਿਆਂ ।
ਦੀਸੈ = ਦਿੱਸ ਪੈਂਦਾ ਹੈ ।
ਸਹਜਿ = ਸਹਜ ਅਵਸਥਾ ਵਿਚ, ਅਡੋਲ ਆਤਮਕ ਅਵਸਥਾ ਵਿਚ ।
ਸੁਭਾਇ = ਪ੍ਰੇਮ ਵਿਚ ।੨।ਆਗਲ—ਬਹੁਤਾ ।
ਵਿਕਾਰੀ ਹਾਰੁ = ਵਿਕਾਰਾਂ ਦਾ ਹਾਰ ।
ਝੂਠੇ = ਨਾਸਵੰਤ ਪਦਾਰਥਾਂ ਦੇ ਮੋਹ ਵਿਚ ਫਸੇ ਹੋਏ ਨੂੰ ।
ਮੁਕਤਿ = ਦੁੱਖਾਂ ਤੇ ਵਿਕਾਰਾਂ ਤੋਂ ਖ਼ਲਾਸੀ ।੩ ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।
ਦੂਜਾ ਭਰਮੁ = ਪ੍ਰਭੂ ਤੋਂ ਬਿਨਾ ਹੋਰ ਹੋਰ ਪਾਸੇ ਦੀ ਭਟਕਣਾ ।
ਰਿਦੈ = ਹਿਰਦੇ ਵਿਚ ।
ਸਾਚੀ ਬਾਣੀ = ਸਿਫ਼ਤਿ = ਸਾਲਾਹ ਦੀ ਬਾਣੀ ਦੀ ਰਾਹੀਂ ।੪ ।
ਸਾਚੋ = ਸਦਾ = ਥਿਰ ਪ੍ਰਭੂ ।
ਭਾਉ = ਪ੍ਰੇਮ ।
ਨਿਜ ਠਾਉ = ਆਪਣਾ ਅਸਲ ਟਿਕਾਣਾ, ਸ਼ਾਂਤੀ, ਅਡੋਲਤਾ ।
ਪਰਾਇਣ = ਆਸਰੇ ।
ਪ੍ਰੇਮ ਪਰਾਇਣ = ਪ੍ਰੇਮ ਦੇ ਵੱਸ ।
ਪ੍ਰੀਤਮ ਰਾਉ = ਪਰਮਾਤਮਾ ।੫ ।
ਕੁਚੀਲ = ਗੰਦਾ ।
ਕੁਛਿਤ = {ਕੁÄਿਸਤ} ਬਦਨਾਮ, ਨਿੰਦਿਤ ।
ਬਿਕਰਾਲਾ = ਡਰਾਉਣਾ ।
ਨਾਲਾ = ਆਪਣੇ ਨਾਲ (ਲੈ ਜਾਂਦਾ ਹੈ) ।੬ ।
ਨਿਜ ਘਰਿ = ਆਪਣੇ ਅਸਲ ਘਰ ਵਿਚ, ਅਡੋਲਤਾ ਵਿਚ ।
ਠਾਕਿ ਰਹਾਏ = ਰੋਕ ਲੈਂਦਾ ਹੈ ।
ਗੁਰ ਤੇ = ਗੁਰੂ ਤੋਂ ।੭ ।
ਓਰੁ = ਓੜਕ, ਗੁਣਾਂ ਦਾ ਅੰਤ ।
ਕਥਨੀ ਕਥਉ = ਮੈਂ ਗੁਣਾਂ ਦਾ ਕਥਨ ਕਰਦਾ ਹਾਂ, ਮੈਂ ਗੁਣ ਗਾਂਦਾ ਹਾਂ ।
ਪੁਛਿ = ਪੁੱਛ ਕੇ ।
ਤਿਸੈ ਰਜਾਇ = ਉਸ ਪਰਮਾਤਮਾ ਦੇ ਹੁਕਮ ਅਨੁਸਾਰ ।
ਨੀਚੁ = ਅੰਞਾਣ = ਮਤਿ ।੮ ।
    
Sahib Singh
ਮੈਂ ਵੇਖਿਆ ਹੈ ਕਿ ਜਗਤ ਜੂਏ ਦੀ ਖੇਡ ਖੇਡਦਾ ਹੈ, ਅਜੇਹੀ (ਖੇਡ ਖੇਡਦਾ ਹੈ ਕਿ) ਸੁਖ ਤਾਂ ਸਾਰੇ ਹੀ ਮੰਗਦਾ ਹੈ, ਪਰ (ਜਿਸ ਨਾਮ ਤੋਂ ਸੁਖ ਮਿਲਦੇ ਹਨ ਉਸ) ਨਾਮ ਨੂੰ ਵਿਸਾਰ ਰਿਹਾ ਹੈ ।੧।ਰਹਾਉ ।
(ਆਪਣੇ ਮਨ ਦੀ ਅਗਵਾਈ ਵਿਚ ਰਹਿ ਕੇ) ਹਰ ਵੇਲੇ ਆਪਣੇ ਹੀ ਵਡੱਪਣ ਤੇ ਸੁਖ ਦੀਆਂ ਗੱਲਾਂ ਕਰਦਿਆਂ ਸੁਖ ਨਹੀਂ ਮਿਲ ਸਕਦਾ ।
ਮਨ ਦੀ ਸਿਆਣਪ ਨਾਸਵੰਤ ਪਦਾਰਥਾਂ ਵਿਚ (ਜੋੜਦੀ ਹੈ), ਉਹ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ (ਤੇ ਸੁਖ ਦਾ ਸੋਮਾ ਹੈ ।
‘ਮਨ ਮਤਿ’ ਤੇ ‘ਪਰਮਾਤਮਾ’ ਦਾ ਸੁਭਾਉ ਵੱਖ-ਵੱਖ ਹੈ, ਦੋਹਾਂ ਦਾ ਮੇਲ ਨਹੀਂ ।
ਸੁਖ ਕਿਥੋਂ ਆਵੇ?) ਜਿਨ੍ਹਾਂ ਨੂੰ (ਨਾਮ ਵਿਸਾਰ ਕੇ) ਮੇਰ-ਤੇਰ ਚੰਗੀ ਲੱਗਦੀ ਹੈ, ਉਹ ਸਾਰੇ ਖ਼ੁਆਰ ਹੀ ਹੁੰਦੇ ਹਨ ।
(ਪਰ ਜੀਵ ਦੇ ਕੀਹ ਵੱਸ?) (ਕੀਤੇ ਕਰਮਾਂ ਅਨੁਸਾਰ ਜੀਵ ਦੇ ਮੱਥੇ ਉਤੇ) ਜੋ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸੇ ਦੇ ਅਨੁਸਾਰ ਇਥੇ ਕਮਾਈ ਕਰਦਾ ਹੈ (ਨਾਮ-ਸਿਮਰਨ ਛੱਡ ਕੇ ਨਾਸਵੰਤ ਪਦਾਰਥਾਂ ਵਿਚੋਂ ਸੁਖ ਭਾਲਣ ਦੇ ਵਿਅਰਥ ਜਤਨ ਕਰਦਾ ਹੈ) ।੧ ।
ਪਰਮਾਤਮਾ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ; ਜੇ ਅੱਖੀਂ ਦਿੱਸੇ, ਤਾਂ ਹੀ (ਉਸ ਨੂੰ ਮਿਲਣ ਦੀ ਖਿੱਚ ਪੈਦਾ ਹੋਵੇ, ਤੇ) ਉਸ ਦਾ ਨਾਮ ਲੈਣ ਨੂੰ ਚਿੱਤ ਕਰੇ ।
ਅੱਖੀਂ ਦਿੱਸਣ ਤੋਂ ਬਿਨਾ (ਉਸ ਦੇ ਦੀਦਾਰ ਦੀ ਖਿੱਚ ਨਹੀਂ ਬਣਦੀ ਤੇ ਤਾਂਘ ਨਾਲ) ਉਸ ਦਾ ਨਾਮ ਲਿਆ ਨਹੀਂ ਜਾ ਸਕਦਾ (ਖਿੱਚ ਬਣੀ ਰਹਿੰਦੀ ਹੈ ਦਿੱਸਦੇ ਪਦਾਰਥਾਂ ਨਾਲ) ।
ਗੁਰੂ ਦੇ ਸਨਮੁਖ ਰਿਹਾਂ ਮਨੁੱਖ ਦਾ ਮਨ (ਦਿੱਸਦੇ ਪਦਾਰਥਾਂ ਵਲੋਂ ਹਟ ਕੇ) ਅਡੋਲਤਾ ਵਿਚ ਟਿਕਦਾ ਹੈ, ਪ੍ਰਭੂ-ਪ੍ਰੇਮ ਵਿਚ ਲੀਨ ਹੁੰਦਾ ਹੈ ਤੇ ਇਸ ਤ੍ਰਹਾਂ ਅੰਤਰ-ਆਤਮੇ ਉਹ ਪ੍ਰਭੂ ਦਿੱਸ ਪੈਂਦਾ ਹੈ ।
ਗੁਰੂ ਦੇ ਸਨਮੁਖ ਮਨੁੱਖ ਦੀ ਸੁਰਤਿ ਗੁਰੂ ਦੀ ਦੱਸੀ ਸੇਵਾ ਵਿਚ ਜੁੜਦੀ ਹੈ, ਉਸ ਦੀ ਲਿਵ ਇਕ ਪਰਮਾਤਮਾ ਵਿਚ ਲੱਗਦੀ ਹੈ ।੨ ।
(ਪ੍ਰਭੂ ਦਾ ਨਾਮ ਵਿਸਾਰ ਕੇ) ਸੁਖ ਮੰਗਿਆਂ (ਸਗੋਂ) ਬਹੁਤਾ ਦੁੱਖ ਵਧਦਾ ਹੈ (ਕਿਉਂਕਿ) ਮਨੁੱਖ ਸਾਰੇ ਵਿਕਾਰਾਂ ਦਾ ਹਾਰ ਪ੍ਰੋ ਕੇ (ਆਪਣੇ ਗਲ ਵਿਚ ਪਾ ਲੈਂਦਾ ਹੈ) ।
ਨਾਸਵੰਤ ਪਦਾਰਥਾਂ ਦੇ ਮੋਹ ਵਿਚ ਫਸੇ ਹੋਏ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾ (ਦੁੱਖਾਂ ਤੇ ਵਿਕਾਰਾਂ ਤੋਂ) ਖ਼ਲਾਸੀ ਹਾਸਲ ਨਹੀਂ ਹੁੰਦੀ ।
(ਪ੍ਰਭੂ ਦੀ ਇਉਂ ਹੀ ਰਜ਼ਾ ਹੈ) ਉਹ ਕਰਤਾਰ ਆਪ ਹੀ ਸਭ ਕੁਝ ਕਰ ਕੇ ਆਪ ਹੀ ਇਸ ਖੇਡ ਨੂੰ ਵੇਖ ਰਿਹਾ ਹੈ ।੩ ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾਂਦਾ ਹੈ; ਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ਉਸ ਦੀ ਮਾਇਕ ਪਦਾਰਥਾਂ ਵਲ ਦੀ ਭਟਕਣਾ ਮੁੱਕ ਜਾਂਦੀ ਹੈ ।
ਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਹ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ ।
ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਉਹ ਪਰਮਾਤਮਾ ਦੇ ਗੁਣ ਗਾਂਦਾ ਹੈ (ਤੇ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ) ।੪ ।
(ਉਂਞ ਤਾਂ) ਹਰੇਕ ਸਰੀਰ ਵਿਚ ਸਦਾ-ਥਿਰ ਪ੍ਰਭੂ ਵੱਸਦਾ ਹੈ, ਪਰ ਗੁਰੂ ਦੀ ਸਰਨ ਪਿਆਂ ਹੀ ਉਸ ਦੇ ਨਾਲ ਪ੍ਰੇਮ ਜਾਗਦਾ ਹੈ (ਤੇ ਮਨੁੱਖ ਨਾਮ ਸਿਮਰਦਾ ਹੈ) ਨਾਮ ਤੋਂ ਬਿਨਾ ਮਨ ਇੱਕ ਟਿਕਾਣੇ ਉਤੇ ਆ ਹੀ ਨਹੀਂ ਸਕਦਾ ।
ਪ੍ਰੀਤਮ ਪ੍ਰਭੂ ਭੀ ਪ੍ਰੇਮ ਦੇ ਅਧੀਨ ਹੈ (ਜੇਹੜਾ ਉਸ ਨਾਲ ਪ੍ਰੇਮ ਕਰਦਾ ਹੈ) ਪ੍ਰਭੂ ਉਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ ਤੇ ਉਹ ਉਸ ਦੇ ਨਾਮ ਦੀ ਕਦਰ ਸਮਝਦਾ ਹੈ ।੫ ।
ਮਾਇਆ ਦਾ ਮੋਹ ਸਾਰੇ (ਮਾਇਕ) ਬੰਧਨ ਪੈਦਾ ਕਰਦਾ ਹੈ, (ਇਸੇ ਕਰਕੇ) ਮਨ ਦੇ ਮੁਰੀਦ ਮਨੁੱਖ ਦਾ ਜੀਵਨ ਗੰਦਾ ਭੈੜਾ ਤੇ ਡਰਾਉਣਾ ਬਣ ਜਾਂਦਾ ਹੈ ।
ਜੇਹੜਾ ਮਨੁੱਖ ਗੁਰੂ ਦਾ ਦੱਸਿਆ ਰਸਤਾ ਫੜਦਾ ਹੈ, ਉਸ ਦੇ ਮਾਇਆ ਵਾਲੇ ਬੰਧਨ ਟੁੱਟ ਜਾਂਦੇ ਹਨ, ਉਹ ਆਤਮਕ ਜੀਵਨ ਦੇਣ ਵਾਲਾ ਨਾਮ ਜਪਦਾ ਹੈ, ਤੇ ਸਦਾ ਹੀ ਆਤਮਕ ਆਨੰਦ ਆਪਣੇ ਅੰਦਰ ਮਾਣਦਾ ਹੈ ।੬ ।
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਨਾਮ ਦੀ ਕਦਰ) ਸਮਝਦਾ ਹੈ, ਇਕ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ, ਆਪਣੇ ਸ੍ਵੈ ਸਰੂਪ ਵਿਚ ਟਿਕਿਆ ਰਹਿੰਦਾ ਹੈ, ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਲੀਨ ਰਹਿੰਦਾ ਹੈ ।
ਉਹ ਆਪਣਾ ਜਨਮ ਮਰਨ ਦਾ ਗੇੜ ਰੋਕ ਲੈਂਦਾ ਹੈ ।
ਪਰ ਇਹ ਅਕਲ ਉਹ ਪੂਰੇ ਗੁਰੂ ਤੋਂ ਹੀ ਪ੍ਰਾਪਤ ਕਰਦਾ ਹੈ ।੭ ।
ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਮੈਂ ਉਸ ਦੇ ਗੁਣ ਗਾਂਦਾ ਹਾਂ ।
ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਕਿ (ਉਸ ਪ੍ਰਭੂ ਤੋਂ ਬਿਨਾ ਸੁਖ ਦਾ) ਹੋਰ ਕੋਈ ਟਿਕਾਣਾ ਨਹੀਂ ਹੈ ।
ਜੀਵਾਂ ਨੂੰ ਦੁਖ ਤੇ ਸੁਖ ਉਸ ਪ੍ਰਭੂ ਦੀ ਰਜ਼ਾ ਵਿਚ ਹੀ ਉਸ ਪ੍ਰਭੂ ਦੇ ਭਾਣੇ ਵਿਚ ਹੀ ਮਿਲਦਾ ਹੈ ।
ਅੰਞਾਣ-ਮਤਿ ਨਾਨਕ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਕਰਦਾ ਹੈ (ਇਸੇ ਵਿਚ ਹੀ ਸੁਖ ਹੈ) ।੮।੪ ।
Follow us on Twitter Facebook Tumblr Reddit Instagram Youtube