ਗਉੜੀ ਗੁਆਰੇਰੀ ਮਹਲਾ ੧ ॥
ਨਾ ਮਨੁ ਮਰੈ ਨ ਕਾਰਜੁ ਹੋਇ ॥
ਮਨੁ ਵਸਿ ਦੂਤਾ ਦੁਰਮਤਿ ਦੋਇ ॥
ਮਨੁ ਮਾਨੈ ਗੁਰ ਤੇ ਇਕੁ ਹੋਇ ॥੧॥

ਨਿਰਗੁਣ ਰਾਮੁ ਗੁਣਹ ਵਸਿ ਹੋਇ ॥
ਆਪੁ ਨਿਵਾਰਿ ਬੀਚਾਰੇ ਸੋਇ ॥੧॥ ਰਹਾਉ ॥

ਮਨੁ ਭੂਲੋ ਬਹੁ ਚਿਤੈ ਵਿਕਾਰੁ ॥
ਮਨੁ ਭੂਲੋ ਸਿਰਿ ਆਵੈ ਭਾਰੁ ॥
ਮਨੁ ਮਾਨੈ ਹਰਿ ਏਕੰਕਾਰੁ ॥੨॥

ਮਨੁ ਭੂਲੋ ਮਾਇਆ ਘਰਿ ਜਾਇ ॥
ਕਾਮਿ ਬਿਰੂਧਉ ਰਹੈ ਨ ਠਾਇ ॥
ਹਰਿ ਭਜੁ ਪ੍ਰਾਣੀ ਰਸਨ ਰਸਾਇ ॥੩॥

ਗੈਵਰ ਹੈਵਰ ਕੰਚਨ ਸੁਤ ਨਾਰੀ ॥
ਬਹੁ ਚਿੰਤਾ ਪਿੜ ਚਾਲੈ ਹਾਰੀ ॥
ਜੂਐ ਖੇਲਣੁ ਕਾਚੀ ਸਾਰੀ ॥੪॥

ਸੰਪਉ ਸੰਚੀ ਭਏ ਵਿਕਾਰ ॥
ਹਰਖ ਸੋਕ ਉਭੇ ਦਰਵਾਰਿ ॥
ਸੁਖੁ ਸਹਜੇ ਜਪਿ ਰਿਦੈ ਮੁਰਾਰਿ ॥੫॥

ਨਦਰਿ ਕਰੇ ਤਾ ਮੇਲਿ ਮਿਲਾਏ ॥
ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ ॥
ਗੁਰਮੁਖਿ ਨਾਮੁ ਪਦਾਰਥੁ ਪਾਏ ॥੬॥

ਬਿਨੁ ਨਾਵੈ ਸਭ ਦੂਖ ਨਿਵਾਸੁ ॥
ਮਨਮੁਖ ਮੂੜ ਮਾਇਆ ਚਿਤ ਵਾਸੁ ॥
ਗੁਰਮੁਖਿ ਗਿਆਨੁ ਧੁਰਿ ਕਰਮਿ ਲਿਖਿਆਸੁ ॥੭॥

ਮਨੁ ਚੰਚਲੁ ਧਾਵਤੁ ਫੁਨਿ ਧਾਵੈ ॥
ਸਾਚੇ ਸੂਚੇ ਮੈਲੁ ਨ ਭਾਵੈ ॥
ਨਾਨਕ ਗੁਰਮੁਖਿ ਹਰਿ ਗੁਣ ਗਾਵੈ ॥੮॥੩॥

Sahib Singh
ਕਾਰਜੁ = (ਪਰਮਾਤਮਾ ਦੇ ਨਾਲ ਇੱਕ-ਰੂਪ ਹੋਣ ਦਾ) ਜਨਮ-ਮਨੋਰਥ ।
ਵਸਿ = ਵੱਸ ਵਿਚ ।
ਦੂਤਾ = ਕਾਮਾਦਿਕ ਦੂਤਾਂ ਦੇ ।
ਦੋਇ = ਦ੍ਵੈਤ, ਮੇਰ = ਤੇਰ ।
ਗੁਰ ਤੇ = ਗੁਰੂ ਤੋਂ ।
ਇਕੁ = ਪਰਮਾਤਮਾ ਨਾਲ ਇੱਕ = ਰੂਪ ।੧ ।
ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ।
ਗੁਣਹ ਵਸਿ = ਉੱਚੇ ਆਤਮਕ ਗੁਣਾਂ ਦੇ ਵੱਸ ਵਿਚ ।
ਆਪੁ = ਆਪਾ = ਭਾਵ ।
ਸੋਇ = ਉਹੀ ਮਨੁੱਖ ।੧।ਰਹਾਉ ।
ਚਿਤੈ = ਚਿਤਵੈ ।
ਸਿਰਿ = ਸਿਰ ਉਤੇ ।
ਭਾਰੁ = ਵਿਕਾਰਾਂ ਦਾ ਭਾਰ ।੨ ।
ਘਰਿ = ਘਰ ਵਿਚ, ਘੇਰੇ ਵਿਚ ।
ਕਾਮਿ = ਕਾਮਿ = ਵਾਸਨਾ ਵਿਚ ।
ਬਿਰੂਧਉ = ਰੁੱਝਾ ਹੋਇਆ, ਫਸਿਆ ਹੋਇਆ ।
ਠਾਇ = ਥਾਂ ਤੇ, ਟਿਕਿਆ ਹੋਇਆ, ਅਡੋਲ ।
ਪ੍ਰਾਣੀ = ਹੇ ਪ੍ਰਾਣੀ !
ਰਸਨ = ਜੀਭ ਨੂੰ ।
ਰਸਾਇ = ਰਸਾ ਕੇ ।੩ ।
ਗੈਵਰ = ਗਜ ਵਰ, ਵਧੀਆ ਹਾਥੀ ।
ਹੈਵਰ = ਹਯ ਵਰ, ਵਧੀਆ ਘੋੜੇ ।
ਕੰਚਨ = ਸੋਨਾ ।
ਸੁਤ = ਪੁੱਤਰ ।
ਪਿੜ = ਕੁਸ਼ਤੀ ਦਾ ਅਖਾੜਾ ।
ਹਾਰੀ = ਹਾਰਿ, ਹਾਰ ਕੇ ।
ਜੂਐ ਖੇਲਣੁ = ਜੂਏ ਦੀ ਖੇਡ ।
ਸਾਰੀ = ਨਰਦ ।੪ ।
ਸੰਪਉ = ਧਨ ।
ਸੰਚੀ = ਇਕੱਠੀ ਕੀਤੀ, ਜੋੜੀ ।
ਸੋਕ = ਚਿੰਤਾ ।
ਉਭੇ = ਖਲੋਤੇ ਹੋਏ ।
ਦਰਵਾਰਿ = ਬੂਹੇ ਉਤੇ ।
ਸਹਜੇ = ਸਹਜ ਵਿਚ, ਅਡੋਲ ਅਵਸਥਾ ਵਿਚ ।
ਜਪਿ = ਜਪ ਕੇ ।
ਮੁਰਾਰਿ = ਪਰਮਾਤਮਾ ।੫ ।
    
Sahib Singh
ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਤੇ, ਉੱਚੇ ਆਤਮਕ ਗੁਣਾਂ ਦੇ ਵੱਸ ਵਿਚ ਹੈ (ਭਾਵ, ਜੋ ਮਨੁੱਖ ਉੱਚੇ ਆਤਮਕ ਗੁਣਾਂ ਨੂੰ ਆਪਣੇ ਅੰਦਰ ਵਸਾਂਦਾ ਹੈ, ਪਰਮਾਤਮਾ ਉਸ ਨਾਲ ਪਿਆਰ ਕਰਦਾ ਹੈ) ।
ਜੇਹੜਾ ਮਨੁੱਖ ਆਪਾ-ਭਾਵ ਦੂਰ ਕਰ ਲੈਂਦਾ ਹੈ ਉਹ ਸ਼ੁਭ ਗੁਣਾਂ ਨੂੰ ਆਪਣੇ ਮਨ ਵਿਚ ਵਸਾਂਦਾ ਹੈ ।੧।ਰਹਾਉ ।
ਜਿਤਨਾ ਚਿਰ ਮਨੁੱਖ ਦਾ ਮਨ ਕਾਮਾਦਿਕ ਵਿਕਾਰਾਂ ਦੇ ਵੱਸ ਵਿਚ ਹੈ, ਕੋਝੀ ਮਤਿ ਦੇ ਅਧੀਨ ਹੈ, ਮੇਰ-ਤੇਰ ਦੇ ਕਾਬੂ ਵਿਚ ਹੈ, ਉਤਨਾ ਚਿਰ ਮਨ (ਤ੍ਰਿਸ਼ਨਾ ਵਲੋਂ) ਮਰਦਾ ਨਹੀਂ ਤੇ ਉਤਨਾ ਚਿਰ (ਪਰਮਾਤਮਾ ਨਾਲ ਇੱਕ-ਰੂਪ ਹੋਣ ਦਾ) ਜਨਮ-ਮਨੋਰਥ ਭੀ ਸਿਰੇ ਨਹੀਂ ਚੜ੍ਹਦਾ ।
ਜਦੋਂ ਗੁਰੂ ਤੋਂ (ਸਿੱਖਿਆ ਲੈ ਕੇ ਮਨੁੱਖ ਦਾ) ਮਨ (ਸਿਫ਼ਤਿ-ਸਾਲਾਹ ਵਿਚ) ਗਿੱਝ ਜਾਂਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ ।੧ ।
(ਮਾਇਆ-ਵੱਸ ਹੋ ਕੇ ਜਿਤਨਾ ਚਿਰ) ਮਨ ਕੁਰਾਹੇ ਪਿਆ ਰਹਿੰਦਾ ਹੈ, ਉਤਨਾ ਚਿਰ ਇਹ ਵਿਕਾਰ ਹੀ ਵਿਕਾਰ ਚਿਤਵਦਾ ਰਹਿੰਦਾ ਹੈ, (ਮਨੁੱਖ ਦੇ) ਸਿਰ ਉਤੇ ਵਿਕਾਰਾਂ ਦਾ ਬੋਝ ਇਕੱਠਾ ਹੁੰਦਾ ਜਾਂਦਾ ਹੈ ।
ਪਰ ਜਦੋਂ (ਗੁਰੂ ਤੋਂ ਸਿੱਖਿਆ ਲੈ ਕੇ) ਮਨ (ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ) ਪਰਚਦਾ ਹੈ, ਤਦੋਂ ਇਹ ਪਰਮਾਤਮਾ ਨਾਲ ਇਕ-ਸੁਰ ਹੋ ਜਾਂਦਾ ਹੈ ।੨ ।
(ਮਾਇਆ ਦੇ ਅਸਰ ਹੇਠ ਆ ਕੇ) ਕੁਰਾਹੇ ਪਿਆ ਮਨ ਮਾਇਆ ਦੇ ਘਰ ਵਿਚ (ਮੁੜ ਮੁੜ) ਜਾਂਦਾ ਹੈ, ਕਾਮ-ਵਾਸਨਾ ਵਿਚ ਫਸਿਆ ਹੋਇਆ ਮਨ ਟਿਕਾਣੇ-ਸਿਰ ਨਹੀਂ ਰਹਿੰਦਾ ।
(ਇਸ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ) ਹੇ ਪ੍ਰਾਣੀ! ਆਪਣੀ ਜੀਭ ਨੂੰ (ਅੰਮਿ੍ਰਤ ਰਸ ਵਿਚ) ਰਸਾ ਕੇ ਪਰਮਾਤਮਾ ਦਾ ਭਜਨ ਕਰ ।੩ ।
ਵਧੀਆ ਹਾਥੀ, ਵਧੀਆ ਘੋੜੇ, ਸੋਨਾ, ਪੁੱਤਰ, ਇਸਤ੍ਰੀ—(ਇਹਨਾਂ ਦਾ ਮੋਹ) ਜੂਏ ਦੀ ਖੇਡ ਹੈ, (ਚਉਪੜ ਦੀਆਂ) ਕੱਚੀਆਂ ਨਰਦਾਂ (ਮੁੜ ਮੁੜ ਮਾਰ ਖਾਂਦੀਆਂ ਹਨ, ਤਿਵੇਂ ਇਸ ਜੂਏ ਦੀ ਖੇਡ ਖੇਡਣ ਵਾਲੇ ਦਾ ਮਨ ਕਮਜ਼ੋਰ ਰਹਿ ਕੇ ਵਿਕਾਰਾਂ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ) ।
(ਪੁੱਤਰ ਇਸਤ੍ਰੀ ਆਦਿਕ ਦੇ ਮੋਹ ਦੇ ਕਾਰਨ) ਮਨ ਨੂੰ ਬਹੁਤ ਚਿੰਤਾ ਵਿਆਪਦੀ ਹੈ, ਤੇ, ਆਖਿ਼ਰ ਇਸ ਜਗਤ-ਅਖਾੜੇ ਤੋਂ ਮਨੁੱਖ ਬਾਜ਼ੀ ਹਾਰ ਕੇ ਜਾਂਦਾ ਹੈ ।੪ ।
ਜਿਉਂ ਜਿਉਂ ਮਨੁੱਖ ਧਨ ਜੋੜਦਾ ਹੈ ਮਨ ਵਿਚ ਵਿਕਾਰ ਪੈਦਾ ਹੁੰਦੇ ਜਾਂਦੇ ਹਨ, (ਕਦੇ ਖ਼ੁਸ਼ੀ ਕਦੇ ਚਿੰਤਾ) ਇਹ ਖ਼ੁਸ਼ੀ ਤੇ ਸਹਮ ਸਦਾ ਮਨੁੱਖ ਦੇ ਬੂਹੇ ਉਤੇ ਖਲੋਤੇ ਹੀ ਰਹਿੰਦੇ ਹਨ ।
ਪਰ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮਨ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ ।੫ ।
Follow us on Twitter Facebook Tumblr Reddit Instagram Youtube