ਗਉੜੀ ਗੁਆਰੇਰੀ ਮਹਲਾ ੧ ॥
ਮਨੁ ਕੁੰਚਰੁ ਕਾਇਆ ਉਦਿਆਨੈ ॥
ਗੁਰੁ ਅੰਕਸੁ ਸਚੁ ਸਬਦੁ ਨੀਸਾਨੈ ॥
ਰਾਜ ਦੁਆਰੈ ਸੋਭ ਸੁ ਮਾਨੈ ॥੧॥

ਚਤੁਰਾਈ ਨਹ ਚੀਨਿਆ ਜਾਇ ॥
ਬਿਨੁ ਮਾਰੇ ਕਿਉ ਕੀਮਤਿ ਪਾਇ ॥੧॥ ਰਹਾਉ ॥

ਘਰ ਮਹਿ ਅੰਮ੍ਰਿਤੁ ਤਸਕਰੁ ਲੇਈ ॥
ਨੰਨਾਕਾਰੁ ਨ ਕੋਇ ਕਰੇਈ ॥
ਰਾਖੈ ਆਪਿ ਵਡਿਆਈ ਦੇਈ ॥੨॥

ਨੀਲ ਅਨੀਲ ਅਗਨਿ ਇਕ ਠਾਈ ॥
ਜਲਿ ਨਿਵਰੀ ਗੁਰਿ ਬੂਝ ਬੁਝਾਈ ॥
ਮਨੁ ਦੇ ਲੀਆ ਰਹਸਿ ਗੁਣ ਗਾਈ ॥੩॥

ਜੈਸਾ ਘਰਿ ਬਾਹਰਿ ਸੋ ਤੈਸਾ ॥
ਬੈਸਿ ਗੁਫਾ ਮਹਿ ਆਖਉ ਕੈਸਾ ॥
ਸਾਗਰਿ ਡੂਗਰਿ ਨਿਰਭਉ ਐਸਾ ॥੪॥

ਮੂਏ ਕਉ ਕਹੁ ਮਾਰੇ ਕਉਨੁ ॥
ਨਿਡਰੇ ਕਉ ਕੈਸਾ ਡਰੁ ਕਵਨੁ ॥
ਸਬਦਿ ਪਛਾਨੈ ਤੀਨੇ ਭਉਨ ॥੫॥

ਜਿਨਿ ਕਹਿਆ ਤਿਨਿ ਕਹਨੁ ਵਖਾਨਿਆ ॥
ਜਿਨਿ ਬੂਝਿਆ ਤਿਨਿ ਸਹਜਿ ਪਛਾਨਿਆ ॥
ਦੇਖਿ ਬੀਚਾਰਿ ਮੇਰਾ ਮਨੁ ਮਾਨਿਆ ॥੬॥

ਕੀਰਤਿ ਸੂਰਤਿ ਮੁਕਤਿ ਇਕ ਨਾਈ ॥
ਤਹੀ ਨਿਰੰਜਨੁ ਰਹਿਆ ਸਮਾਈ ॥
ਨਿਜ ਘਰਿ ਬਿਆਪਿ ਰਹਿਆ ਨਿਜ ਠਾਈ ॥੭॥

ਉਸਤਤਿ ਕਰਹਿ ਕੇਤੇ ਮੁਨਿ ਪ੍ਰੀਤਿ ॥
ਤਨਿ ਮਨਿ ਸੂਚੈ ਸਾਚੁ ਸੁ ਚੀਤਿ ॥
ਨਾਨਕ ਹਰਿ ਭਜੁ ਨੀਤਾ ਨੀਤਿ ॥੮॥੨॥

Sahib Singh
ਕੁੰਚਰੁ = ਹਾਥੀ ।
ਕਾਇਆ = ਸਰੀਰ ।
ਉਦਿਆਨੈ = ਜੰਗਲ ਵਿਚ ।
ਅੰਕਸੁ = (ਹਾਥੀ ਨੂੰ ਵੱਸ ਕਰਨ ਵਾਸਤੇ) ਕੁੰਡਾ ।
ਨੀਸਾਨੈ = ਝੰਡਾ (ਝੁਲਦਾ ਹੈ) ।
ਦੁਆਰੈ = ਦੁਆਰ ਤੇ ।
ਸੁ = ਉਹ ।
ਮਾਨੈ = ਮਾਣ ਪਾਂਦਾ ਹੈ ।੧ ।
ਚੀਨਿਆ ਜਾਇ = ਪਛਾਣਿਆ ਜਾਂਦਾ ਹੈ ।
ਕੀਮਤਿ = ਮੁੱਲ, ਕਦਰ ।੧।ਰਹਾਉ ।
ਤਸਕਰੁ = ਚੋਰ ।
ਨੰਨਾਕਾਰੁ = ਨਾਂਹ = ਨੁੱਕਰ, ਇਨਕਾਰ ।
ਦੇਈ = ਦੇਂਦਾ ਹੈ ।੨ ।
ਨੀਲ ਅਨੀਲ = ਗਿਣਤੀ ਤੋਂ ਪਰੇ ।
ਅਗਨਿ = ਤ੍ਰਿਸ਼ਨਾ ਦੀ ਅੱਗ ।
ਇਕ ਠਾਈ = ਇੱਕ ਥਾਂ ਤੇ ।
ਜਲਿ = ਜਲ ਨਾਲ ।
ਗੁਰਿ = ਗੁਰੂ ਨੇ ।
ਬੂਝ = ਸਮਝ ।
ਦੇ = ਦੇ ਕੇ ।
ਰਹਸਿ = ਚਾਉ ਨਾਲ ।੩ ।
ਬੈਸਿ = ਬੈਠ ਕੇ ।
ਆਖਉ = ਮੈਂ ਆਖਾਂ ।
ਕੈਸਾ = ਕਿਹੋ ਜਿਹਾ ?
ਸਾਗਰਿ = ਸਾਗਰ ਵਿਚ ।
ਡੂਗਰਿ = ਪਹਾੜ (ਦੀ ਗੁਫ਼ਾ) ਵਿਚ ।
ਐਸਾ = ਇਹੋ ਜਿਹਾ, ਇਕ ਸਮਾਨ ।੪ ।
ਮੂਏ ਕਉ = ਵਿਕਾਰਾਂ ਵਲੋਂ ਮਰੇ ਹੋਏ ਨੂੰ ।
ਸਬਦਿ = ਸ਼ਬਦ ਵਿਚ (ਜੁੜ ਕੇ) ।੫ ।
ਜਿਨਿ = ਜਿਸ (ਜੀਵ) ਨੇ ।
ਕਹਨੁ ਵਖਾਨਿਆ = ਨਿਰਾ ਜ਼ਬਾਨੀ ਆਖ ਦਿੱਤਾ ।
ਸਹਜਿ = ਸਹਜ ਅਵਸਥਾ ਵਿਚ ।
ਮੇਰਾ ਮਨੁ = ‘ਮੇਰਾ, ਮੇਰਾ’ ਆਖਣ ਵਾਲਾ ਮਨ ।੧ ।
ਕੀਰਤਿ = ਸੋਭਾ ।
ਸੂਰਤਿ = ਸੁੰਦਰਤਾ ।
ਮੁਕਤਿ = ਵਿਕਾਰਾਂ ਤੋਂ ਖ਼ਲਾਸੀ ।
ਨਾਈ = ਵਡਿਆਈ ।
ਨਿਰੰਜਨੁ = ਮਾਇਆ = ਰਹਿਤ ਪ੍ਰਭੂ ।
ਨਿਜ ਠਾਈ = ਨਿਰੋਲ ਆਪਣੇ ਥਾਂ ਵਿਚ ।੭ ।
ਤਨਿ ਮਨਿ ਸੂਚੇ = ਸੁੱਚੇ ਤਨ ਨਾਲ, ਸੁੱਚੇ ਮਨ ਨਾਲ ।
ਚੀਤਿ = ਚਿੱਤ ਵਿਚ ।੮ ।
    
Sahib Singh
ਮਨ ਨੂੰ ਵਿਕਾਰਾਂ ਵਲੋਂ ਮਾਰਨ ਤੋਂ ਬਿਨਾ ਮਨ ਦੀ ਕਦਰ ਨਹੀਂ ਪੈ ਸਕਦੀ (ਭਾਵ, ਉਹੀ ਮਨ ਆਦਰ-ਸਤਕਾਰ ਦਾ ਹੱਕਦਾਰ ਹੁੰਦਾ ਹੈ, ਜੇਹੜਾ ਵੱਸ ਵਿਚ ਆ ਜਾਂਦਾ ਹੈ) ।
ਚਤੁਰਾਈ ਵਿਖਾਲਣ ਨਾਲ ਇਹ ਪਛਾਣ ਨਹੀਂ ਹੁੰਦੀ ਕਿ (ਚਤੁਰਾਈ ਵਿਖਾਲਣ ਵਾਲਾ) ਮਨ ਕੀਮਤ ਪਾਣ ਦਾ ਹੱਕਦਾਰ ਹੋ ਗਿਆ ਹੈ ।੧।ਰਹਾਉ ।
(ਇਸ) ਸਰੀਰ ਜੰਗਲ ਵਿਚ ਮਨ ਹਾਥੀ (ਸਮਾਨ) ਹੈ ।
(ਜਿਸ ਮਨ-ਹਾਥੀ ਦੇ ਸਿਰ ਉਤੇ) ਗੁਰੂ ਕੁੰਡਾ ਹੋਵੇ ਅਤੇ ਸਦਾ-ਥਿਰ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਨੀਸ਼ਾਨ (ਝੁੱਲ ਰਿਹਾ) ਹੋਵੇ, (ਉਹ ਮਨ-ਹਾਥੀ) ਪ੍ਰਭੂ-ਪਾਤਸ਼ਾਹ ਦੇ ਦਰ ਤੇ ਸੋਭਾ ਪਾਂਦਾ ਹੈ ਉਹ ਆਦਰ ਪਾਂਦਾ ਹੈ ।੧ ।
(ਮਨੁੱਖ ਦੇ ਹਿਰਦੇ-) ਘਰ ਵਿਚ ਨਾਮ-ਅੰਮਿ੍ਰਤ ਮੌਜੂਦ ਹੈ, (ਪਰ ਮੋਹ ਵਿਚ ਫਸਿਆ ਹੋਇਆ ਮਨ-) ਚੋਰ(ਉਸ ਅੰਮਿ੍ਰਤ ਨੂੰ) ਚੁਰਾਈ ਜਾਂਦਾ ਹੈ, (ਇਹ ਮਨ ਏਨਾ ਆਕੀ ਹੋਇਆ ਪਿਆ ਹੈ ਕਿ ਕੋਈ ਜੀਵ ਇਸ ਦੇ ਅੱਗੇ ਨਾਂਹ-ਨੁੱਕਰ ਨਹੀਂ ਕਰ ਸਕਦਾ ।
ਪਰਮਾਤਮਾ ਆਪ ਜਿਸ (ਦੇ ਅੰਦਰ ਵੱਸਦੇ ਅੰਮਿ੍ਰਤ) ਦੀ ਰਾਖੀ ਕਰਦਾ ਹੈ, ਉਸ ਨੂੰ ਵਡਿਆਈ ਬਖ਼ਸ਼ਦਾ ਹੈ ।੨ ।
(ਇਸ ਮਨ ਵਿਚ) ਤ੍ਰਿਸ਼ਨਾ ਦੀ ਬੇਅੰਤ ਅੱਗ ਇਕੋ ਥਾਂ ਤੇ ਪਈ ਹੈ, ਜਿਸ ਨੂੰ ਗੁਰੂ ਨੇ (ਤ੍ਰਿਸ਼ਨਾ-ਅੱਗ ਤੋਂ ਬਚਣ ਦੀ) ਸਮਝ ਬਖ਼ਸ਼ੀ ਹੈ, ਉਸ ਦੀ ਇਹ ਅੱਗ ਪ੍ਰਭੂ ਦੇ ਨਾਮ-ਜਲ ਨਾਲ ਬੁੱਝ ਜਾਂਦੀ ਹੈ, (ਪਰ ਜਿਸ ਨੇ ਭੀ ਨਾਮ-ਜਲ ਲਿਆ ਹੈ) ਆਪਣਾ ਮਨ (ਵੱਟੇ ਵਿਚ) ਦੇ ਕੇ ਲਿਆ ਹੈ, ਉਹ (ਫਿਰ) ਚਾਉ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੁਣ ਗਾਂਦਾ ਹੈ ।੨ ।
(ਜੇ ਮਨ-ਹਾਥੀ ਦੇ ਸਿਰ ਤੇ ਗੁਰੂ-ਕੁੰਡਾ ਨਹੀਂ ਹੈ ਤਾਂ) ਜਿਹੋ ਜਿਹਾ (ਅਮੋੜ) ਇਹ ਗਿ੍ਰਹਸਤ ਵਿਚ (ਰਹਿੰਦਿਆਂ) ਹੈ, ਉਹੋ ਜਿਹਾ (ਅਮੋੜ) ਇਹ ਬਾਹਰ (ਜੰਗਲਾਂ ਵਿਚ ਰਹਿੰਦਿਆਂ) ਹੁੰਦਾ ਹੈ ।
ਪਹਾੜ ਦੀ ਗੁਫ਼ਾ ਵਿਚ ਭੀ ਬੈਠ ਕੇ ਮੈਂ ਕੀਹ ਆਖਾਂ ਕਿ ਕਿਹੋ ਜਿਹਾ ਬਣ ਗਿਆ ਹੈ ?
(ਗੁਫ਼ਾ ਵਿਚ ਟਿਕੇ ਰਿਹਾਂ ਭੀ ਇਹ ਮਨ ਅਮੋੜ ਹੀ ਰਹਿੰਦਾ ਹੈ) ।
ਸਮੁੰਦਰ ਵਿਚ ਵੜੇ (ਤੀਰਥਾਂ ਵਿਚ ਚੁੱਭੀ ਲਾਏ, ਚਾਹੇ) ਪਹਾੜ (ਦੀ ਗੁਫ਼ਾ) ਵਿਚ ਬੈਠੇ, ਇਹ ਇਕੋ ਜਿਹਾ ਨਿਡਰ ਰਹਿੰਦਾ ਹੈ ।੪ ।
ਪਰ ਜੇ ਇਹ (ਮਨ-ਹਾਥੀ ਗੁਰੂ-ਕੁੰਡੇ ਦੇ ਅਧੀਨ ਰਹਿ ਕੇ ਵਿਕਾਰਾਂ ਵਲੋਂ) ਮਰ ਜਾਏ ਤਾਂ ਕੋਈ ਵਿਕਾਰ ਇਸ ਤੇ ਚੋਟ ਨਹੀਂ ਕਰ ਸਕਦਾ ।
ਜੇ ਇਹ (ਗੁਰੂ-ਕੁੰਡੇ ਦੇ ਡਰ ਵਿਚ ਰਹਿ ਕੇ) ਨਿਡਰ (ਦਲੇਰ) ਹੋ ਜਾਏ, ਤਾਂ ਦੁਨੀਆ ਵਾਲਾ ਕੋਈ ਡਰ ਇਸ ਨੂੰ ਪੋਹ ਨਹੀਂ ਸਕਦਾ (ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਪਛਾਣ ਲੈਂਦਾ ਹੈ ਕਿ (ਇਸ ਦਾ ਰਾਖਾ ਪਰਮਾਤਮਾ) ਤਿੰਨਾਂ ਹੀ ਭਵਨਾਂ ਵਿਚ ਹਰ ਥਾਂ ਵੱਸਦਾ ਹੈ ।੫ ।
ਜਿਸ ਮਨੁੱਖ ਨੇ (ਨਿਰੀ ਮਨ ਦੀ ਚਤੁਰਾਈ ਨਾਲ ਹੀ ਇਹ) ਕਹਿ ਦਿੱਤਾ (ਕਿ ਪਰਮਾਤਮਾ ਤਿੰਨਾਂ ਭਵਨਾਂ ਵਿਚ ਹਰ ਥਾਂ ਮੌਜੂਦ ਹੈ) ਉਸ ਨੇ ਜ਼ਬਾਨੀ ਜ਼ਬਾਨੀ ਹੀ ਆਖ ਦਿੱਤਾ (ਉਸ ਦਾ ਮਨ-ਹਾਥੀ ਅਜੇ ਭੀ ਅਮੋੜ ਹੈ) ।
ਜਿਸ ਨੇ (ਗੁਰੂ-ਅੰਕੁਸ ਦੇ ਅਧੀਨ ਰਹਿ ਕੇ ਇਹ ਭੇਤ) ਸਮਝ ਲਿਆ, ਉਸ ਨੇ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ (ਉਸ ਤਿੰਨਾਂ ਭਵਨਾਂ ਵਿਚ ਵੱਸਦੇ ਨੂੰ) ਪਛਾਣ ਭੀ ਲਿਆ ।
(ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇਪ੍ਰਭੂ ਦੇ ਗੁਣਾਂ ਨੂੰ ਵਿਚਾਰ ਕੇ ਉਸ ਦਾ ‘ਮੇਰਾ, ਮੇਰਾ’ ਆਖਣ ਵਾਲਾ ਮਨ (ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ) ਗਿੱਝ ਜਾਂਦਾ ਹੈ ।੬ ।
ਜਿਸ ਹਿਰਦੇ ਵਿਚ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੈ, ਉਥੇ ਸੋਭਾ ਹੈ, ਉਥੇ ਸੁੰਦਰਤਾ ਹੈ, ਉਥੇ ਵਿਕਾਰਾਂ ਤੋਂ ਖ਼ਲਾਸੀ ਹੈ, ਉਥੇ ਹੀ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ ਹਰ ਵੇਲੇ ਮੌਜੂਦ ਹੈ ।
(ਉਹ ਹਿਰਦਾ ਪਰਮਾਤਮਾ ਦਾ ਆਪਣਾ ਘਰ ਬਣ ਗਿਆ, ਆਪਣਾ ਨਿਵਾਸ-ਥਾਂ ਬਣ ਗਿਆ), ਉਸ ਆਪਣੇ ਘਰ ਵਿਚ, ਉਸ ਆਪਣੇ ਨਿਵਾਸ-ਥਾਂ ਵਿਚ ਪਰਮਾਤਮਾ ਹਰ ਵੇਲੇ ਮੌਜੂਦ ਹੈ ।੭ ।
ਅਨੇਕਾਂ ਹੀ ਮੁਨੀ ਲੋਕ (ਮਨ-ਹਾਥੀ ਨੂੰ ਗੁਰੂ-ਕੁੰਡੇ ਦੇ ਅਧੀਨ ਕਰ ਕੇ) ਪਵਿਤ੍ਰ ਸਰੀਰ ਨਾਲ ਪਵਿਤ੍ਰ ਮਨ ਨਾਲ ਪਿਆਰ ਵਿਚ ਜੁੜ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਉਹਨਾਂ ਦੇ ਹਿਰਦੇ ਵਿਚ ਵੱਸਦਾ ਹੈ ।
ਹੇ ਨਾਨਕ! ਤੂੰ ਭੀ (ਇਸੇ ਤ੍ਰਹਾਂ) ਸਦਾ ਸਦਾ ਉਸ ਪਰਮਾਤਮਾ ਦਾ ਭਜਨ ਕਰ ।੮।੨ ।
Follow us on Twitter Facebook Tumblr Reddit Instagram Youtube