ੴ ਸਤਿਗੁਰ ਪ੍ਰਸਾਦਿ ॥
ਰਾਗੁ ਗਉੜੀ ਮਹਲਾ ੯ ॥
ਸਾਧੋ ਮਨ ਕਾ ਮਾਨੁ ਤਿਆਗਉ ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥

ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥

ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥

Sahib Singh
ਸਾਧੋ = ਹੇ ਸੰਤ ਜਨੋ !
ਤਿਆਗਉ = ਤਿਆਗਹੁ {ਨੋਟ: = ਜੋ ਨਿਯਮ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੋਂ ਬਿਨਾ ਸਭ ਥਾਈਂ ਵਰਤਿਆ ਮਿਲਦਾ ਹੈ ਉਸ ਅਨੁਸਾਰ ਲਫ਼ਜ਼ ‘ਤਿਆਗਹੁ’ ਹੈ ।
    ਇਸੇ ਤ੍ਰਹਾਂ ‘ਭਾਗਉ’ ਦੇ ਥਾਂ ‘ਭਾਗਹੁ’} ।
ਤਾ ਤੇ = ਉਸ ਤੋਂ ।
ਅਹਿ = ਦਿਨ ।
ਨਿਸਿ = ਰਾਤ ।੧।ਰਹਾਉ ।
ਸਮ = ਬਰਾਬਰ, ਇਕੋ ਜਿਹੇ ।
ਕਰਿ = ਕਰ ਕੇ ।
ਅਉਰੁ = ਅਤੇ ।
ਮਾਨੁ = ਆਦਰ ।
ਅਪਮਾਨਾ = ਨਿਰਾਦਰੀ ।
ਹਰਖ = ਖ਼ੁਸ਼ੀ ।
ਸੋਗ = ਗਮ ।
ਅਤੀਤਾ = ਪਰੇ, ਵਿਰਕਤ, ਨਿਰਲੇਪ ।
ਤਿਨਿ = ਉਸ (ਮਨੁੱਖ) ਨੇ ।
ਤਤੁ = ਜ਼ਿੰਦਗੀ ਦਾ ਰਾਜ਼, ਅਸਲੀਅਤ ।੧ ।
ਉਸਤਤਿ = ਖ਼ੁਸ਼ਾਮਦ ।
ਪਦੁ = ਦਰਜਾ, ਆਤਮਕ ਅਵਸਥਾ ।
ਨਿਰਬਾਨਾ = ਵਾਸਨਾ = ਰਹਿਤ ।
ਕਿਨ ਹੂ = ਕਿਸੇ ਵਿਰਲੇ ਨੇ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।੨ ।
    
Sahib Singh
ਹੇ ਸੰਤ ਜਨੋ! (ਆਪਣੇ) ਮਨ ਦਾ ਅਹੰਕਾਰ ਛੱਡ ਦਿਉ ।
ਕਾਮ ਅਤੇ ਕ੍ਰੋਧ (ਭੀ) ਭੈੜੇ ਮਨੁੱਖ ਦੀ ਸੰਗਤਿ (ਵਾਂਗ ਹੀ) ਹੈ, ਇਸ ਤੋਂ (ਭੀ) ਦਿਨ ਰਾਤ (ਹਰ ਵੇਲੇ) ਪਰੇ ਰਹੋ ।੧।ਰਹਾਉ ।
(ਹੇ ਸੰਤ ਜਨੋ! ਜੇਹੜਾ ਮਨੁੱਖ) ਸੁਖ ਅਤੇ ਦੁੱਖ ਦੋਹਾਂ ਨੂੰ ਇਕੋ ਜਿਹਾ ਜਾਣਦਾ ਹੈ, ਅਤੇ ਜੇਹੜਾ ਆਦਰ ਤੇ ਨਿਰਾਦਰੀ ਨੂੰ (ਭੀ) ਇਕ ਸਮਾਨ ਜਾਣਦਾ ਹੈ ।
(ਕੋਈ ਮਨੁੱਖ ਉਸ ਦਾ ਆਦਰ ਕਰੇ ਤਾਂ ਭੀ ਪਰਵਾਹ ਨਹੀਂ, ਜੇ ਕੋਈ ਉਸ ਦੀ ਨਿਰਾਦਰੀ ਕਰੇ ਤਾਂ ਭੀ ਪਰਵਾਹ ਨਹੀਂ), ਤੇ ਜੇਹੜਾ ਮਨੁੱਖ ਖ਼ੁਸ਼ੀ ਅਤੇ ਗ਼ਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ (ਖ਼ੁਸ਼ੀ ਦੇ ਵੇਲੇ ਅਹੰਕਾਰ ਵਿਚ ਨਹੀਂ ਆ ਜਾਂਦਾ ਤੇ ਗ਼ਮੀ ਦੇ ਵੇਲੇ ਘਬਰਾ ਨਹੀਂ ਜਾਂਦਾ) ਉਸ ਨੇ ਜਗਤ ਵਿਚ ਜੀਵਨ ਦਾ ਭੇਤ ਸਮਝ ਲਿਆ ਹੈ ।
(ਹੇ ਸੰਤ ਜਨੋ! ਉਸ ਮਨੁੱਖ ਨੇ ਅਸਲੀਅਤ ਲੱਭ ਲਈ ਹੈ ਜੇਹੜਾ) ਨਾਹ ਕਿਸੇ ਦੀ ਖ਼ੁਸ਼ਾਮਦ ਕਰਦਾ ਹੈ ਨਾਹ ਕਿਸੇ ਦੀ ਨਿੰਦਾ ਕਰਦਾ ਹੈ, ਤੇ ਜੋ ਉਸ ਆਤਮਕ ਅਵਸਥਾ ਦੀ ਸਦਾ ਭਾਲ ਕਰਦਾ ਹੈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ ।
(ਪਰ) ਹੇ ਨਾਨਕ! ਇਹ (ਜੀਵਨ-) ਖੇਡ (ਖੇਡਣੀ) ਅੌਖੀ ਹੈ ।
ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ ਨੂੰ ਸਮਝਦਾ ਹੈ ।੨।੧ ।
Follow us on Twitter Facebook Tumblr Reddit Instagram Youtube