ਗਉੜੀ ਮਹਲਾ ੫ ਮਾਝ ॥
ਆਉ ਹਮਾਰੈ ਰਾਮ ਪਿਆਰੇ ਜੀਉ ॥
ਰੈਣਿ ਦਿਨਸੁ ਸਾਸਿ ਸਾਸਿ ਚਿਤਾਰੇ ਜੀਉ ॥
ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ ॥
ਤੁਧੁ ਬਿਨੁ ਕਿਤੁ ਬਿਧਿ ਤਰੀਐ ਜੀਉ ॥੧॥

ਸੰਗਿ ਤੁਮਾਰੈ ਮੈ ਕਰੇ ਅਨੰਦਾ ਜੀਉ ॥
ਵਣਿ ਤਿਣਿ ਤ੍ਰਿਭਵਣਿ ਸੁਖ ਪਰਮਾਨੰਦਾ ਜੀਉ ॥
ਸੇਜ ਸੁਹਾਵੀ ਇਹੁ ਮਨੁ ਬਿਗਸੰਦਾ ਜੀਉ ॥
ਪੇਖਿ ਦਰਸਨੁ ਇਹੁ ਸੁਖੁ ਲਹੀਐ ਜੀਉ ॥੨॥

ਚਰਣ ਪਖਾਰਿ ਕਰੀ ਨਿਤ ਸੇਵਾ ਜੀਉ ॥
ਪੂਜਾ ਅਰਚਾ ਬੰਦਨ ਦੇਵਾ ਜੀਉ ॥
ਦਾਸਨਿ ਦਾਸੁ ਨਾਮੁ ਜਪਿ ਲੇਵਾ ਜੀਉ ॥
ਬਿਨਉ ਠਾਕੁਰ ਪਹਿ ਕਹੀਐ ਜੀਉ ॥੩॥

ਇਛ ਪੁੰਨੀ ਮੇਰੀ ਮਨੁ ਤਨੁ ਹਰਿਆ ਜੀਉ ॥
ਦਰਸਨ ਪੇਖਤ ਸਭ ਦੁਖ ਪਰਹਰਿਆ ਜੀਉ ॥
ਹਰਿ ਹਰਿ ਨਾਮੁ ਜਪੇ ਜਪਿ ਤਰਿਆ ਜੀਉ ॥
ਇਹੁ ਅਜਰੁ ਨਾਨਕ ਸੁਖੁ ਸਹੀਐ ਜੀਉ ॥੪॥੨॥੧੬੭॥

Sahib Singh
ਹਮਾਰੈ = ਮੇਰੇ ਹਿਰਦੇ = ਘਰ ਵਿਚ ।
ਰੈਣਿ = ਰਾਤ ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ ।
ਚਿਤਾਰੇ = ਮੈਂ ਤੈਨੂੰ ਯਾਦ ਕਰਦਾ ਹਾਂ ।
ਸੰਤ ਦੇਉ = ਮੈਂ ਸੰਤਾਂ ਨੂੰ ਦੇਂਦਾ ਹਾਂ ।
ਸੰਦੇਸਾ = ਸਨੇਹਾ ।
ਪੈ = ਪੈ ਕੇ ।੧ ।
ਸੰਗਿ ਤੁਮਾਰੈ = ਤੇਰੀ ਸੰਗਤਿ ਵਿਚ ।
ਵਣਿ = ਵਣ ਵਿਚ ।
ਤਿਣਿ = ਤਿਣਿ ਵਿਚ ।
ਵਣਿ ਤਿਣਿ = ਸਾਰੀ ਬਨਸਪਤੀ ਵਿਚ ।
ਤਿ੍ਰਭਵਣਿ = ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ ।
ਸੇਜ = ਹਿਰਦਾ = ਸੇਜ ।
ਬਿਗਸੰਦਾ = ਖਿੜਿਆ ਹੋਇਆ ।
ਲਹੀਐ = ਲੱਭਦਾ ਹੈ ।੨ ।
ਪਖਾਰਿ = ਧੋ ਕੇ ।
ਕਰੀ = ਕਰੀਂ, ਮੈਂ ਕਰਾਂ ।
ਅਰਚਾ = ਫੁੱਲਾਂ ਦੀ ਭੇਟ ।
ਬਿਨਉ = ਬੇਨਤੀ ।
ਕਹੀਐ = (ਹੇ ਸੰਤ ਜਨੋ!) ਕਹਿ ਦੇਣੀ ।੩ ।
ਇਛ = ਤਾਂਘ ।
ਪੁੰਨੀ = ਪੂਰੀ ਹੋ ਗਈ ਹੈ ।
ਪਰਹਰਿਆ = ਦੂਰ ਹੋ ਗਿਆ ਹੈ ।
ਜਪੇ ਜਪਿ = ਜਪਿ ਜਪਿ, ਜਪ ਜਪ ਕੇ ।
ਅਜਰੁ = ਜਰਾ = ਰਹਿਤ, ਜਿਸ ਨੂੰ ਬੁਢੇਪਾ ਨਹੀਂ ਆ ਸਕਦਾ, ਘੱਟ ਨਾ ਹੋਣ ਵਾਲਾ ।੪ ।
    
Sahib Singh
ਹੇ ਮੇਰੇ ਪਿਆਰੇ ਰਾਮ ਜੀ! ਮੇਰੇ-ਹਿਰਦੇ ਵਿਚ ਆ ਵੱਸ ।
ਮੈਂ ਰਾਤ ਦਿਨ ਹਰੇਕ ਸਾਹ ਦੇ ਨਾਲ ਤੈਨੂੰ ਯਾਦ ਕਰਦਾ ਹਾਂ ।
(ਤੇਰੇ) ਸੰਤ ਜਨਾਂ ਦੀ ਚਰਨੀਂ ਪੈ ਕੇ ਮੈਂ (ਤੇਰੇ ਵਲ) ਸੁਨੇਹਾ ਭੇਜਦਾ ਹਾਂ (ਕਿ, ਹੇ ਮੇਰੇ ਪਿਆਰੇ ਰਾਮ ਜੀ!) ਮੈਂ ਤੈਥੋਂ ਬਿਨਾ ਕਿਸੇ ਤ੍ਰਹਾਂ ਭੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਦਾ ।੧ ।
(ਹੇ ਮੇਰੇ ਪਿਆਰੇ ਰਾਮ ਜੀ!) ਤੇਰੀ ਸੰਗਤਿ ਵਿਚ ਰਹਿ ਕੇ ਮੈਂ ਆਨੰਦ ਮਾਣਦਾ ਹਾਂ ।
ਸਾਰੀ ਬਨਸਪਤੀ ਵਿਚ ਤੇ ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ (ਤੈਨੂੰ ਵੇਖ ਕੇ) ਮੈਂ ਪਰਮ ਸੁਖ ਪਰਮ ਆਨੰਦ (ਅਨੁਭਵ ਕਰਦਾ ਹਾਂ) ।
ਮੇਰੇ ਹਿਰਦੇ ਦੀ ਸੇਜ ਸੋਹਣੀ ਬਣ ਗਈ ਹੈ, ਮੇਰਾ ਇਹ ਮਨ ਖਿੜ ਪਿਆ ਹੈ! (ਹੇ ਮੇਰੇ ਪਿਆਰੇ ਰਾਮ ਜੀ!) ਤੇਰਾ ਦਰਸ਼ਨ ਕਰਕੇ ਇਹ (ਆਤਮਕ) ਸੁਖ ਮਿਲਦਾ ਹੈ ।੨ ।
(ਹੇ ਮੇਰੇ ਪਿਆਰੇ ਰਾਮ ਜੀ! ਤੇਰੇ ਸੰਤ ਜਨਾਂ ਪਾਸ ਮੈਂ ਬੇਨਤੀ ਕਰਦਾ ਹਾਂ ਕਿ) ਮਾਲਕ-ਪ੍ਰਭੂ ਪਾਸ ਮੇਰੀ ਇਹ ਬੇਨਤੀ ਆਖਣੀ—(ਹੇ ਮੇਰੇ ਰਾਮ ਜੀ! ਮਿਹਰ ਕਰ, ਮੈਂ ਤੇਰੇ ਸੰਤ ਜਨਾਂ ਦੇ) ਚਰਨ ਧੋ ਕੇ ਉਹਨਾਂ ਦੀ ਸਦਾ ਸੇਵਾ ਕਰਦਾ ਰਹਾਂ, ਮੈਂ ਤੇਰੇ ਦਾਸਾਂ ਦਾ ਦਾਸ ਹੋ ਕੇ ਸਦਾ ਤੇਰਾ ਨਾਮ ਜਪਦਾ ਰਹਾਂ—ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ, ਇਹੀ ਮੇਰੇ ਲਈ ਦੇਵਤਿਆਂ ਅੱਗੇ ਫੁੱਲਾਂ ਦੀ ਭੇਟ ਹੈ ਤੇ ਇਹੀ ਦੇਵਤਿਆਂ ਅੱਗੇ ਨਮਸਕਾਰ ਹੈ ।੩ ।
(ਹੇ ਭਾਈ! ਪਿਆਰੇ ਰਾਮ ਦੀ ਕਿਰਪਾ ਨਾਲ) ਮੇਰੀ (ਉਸ ਦੇ ਮਿਲਾਪ ਦੀ) ਇੱਛਾ ਪੂਰੀ ਹੋ ਗਈ ਹੈ, ਮੇਰਾ ਮਨ ਆਤਮਕ ਜੀਵਨ ਵਾਲਾ ਹੋ ਗਿਆ ਹੈ, ਮੇਰਾ ਸਰੀਰ (ਭਾਵ, ਹਰੇਕ ਗਿਆਨ-ਇੰਦ੍ਰਾ) ਹਰਾ ਹੋ ਪਿਆ ਹੈ, (ਪਿਆਰੇ ਰਾਮ ਦਾ) ਦਰਸ਼ਨ ਕਰਦਿਆਂ ਮੇਰਾ ਸਾਰਾ ਦੁੱਖ ਦੂਰ ਹੋ ਗਿਆ ਹੈ, ਪਿਆਰੇ ਰਾਮ ਜੀ ਦਾ ਨਾਮ ਜਪ ਜਪ ਕੇ ਮੈਂ (ਸੰਸਾਰ-ਸਮੁੰਦਰ ਨੂੰ) ਪਾਰ ਕਰ ਲਿਆ ਹੈ ।
ਹੇ ਨਾਨਕ! (ਉਸ ਪਿਆਰੇ ਰਾਮ ਜੀ ਦਾ ਦਰਸ਼ਨ ਕੀਤਿਆਂ) ਇਹ ਇਕ ਐਸਾ ਸੁਖ ਮਾਣ ਲਈਦਾ ਹੈ ਜੋ ਕਦੇਘੱਟ ਹੋਣ ਵਾਲਾ ਨਹੀਂ ਹੈ ।੪।੨।੧੬੭ ।
Follow us on Twitter Facebook Tumblr Reddit Instagram Youtube