ਰਾਗੁ ਗਉੜੀ ਮਾਝ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਦੀਨ ਦਇਆਲ ਦਮੋਦਰ ਰਾਇਆ ਜੀਉ ॥
ਕੋਟਿ ਜਨਾ ਕਰਿ ਸੇਵ ਲਗਾਇਆ ਜੀਉ ॥
ਭਗਤ ਵਛਲੁ ਤੇਰਾ ਬਿਰਦੁ ਰਖਾਇਆ ਜੀਉ ॥
ਪੂਰਨ ਸਭਨੀ ਜਾਈ ਜੀਉ ॥੧॥

ਕਿਉ ਪੇਖਾ ਪ੍ਰੀਤਮੁ ਕਵਣ ਸੁਕਰਣੀ ਜੀਉ ॥
ਸੰਤਾ ਦਾਸੀ ਸੇਵਾ ਚਰਣੀ ਜੀਉ ॥
ਇਹੁ ਜੀਉ ਵਤਾਈ ਬਲਿ ਬਲਿ ਜਾਈ ਜੀਉ ॥
ਤਿਸੁ ਨਿਵਿ ਨਿਵਿ ਲਾਗਉ ਪਾਈ ਜੀਉ ॥੨॥

ਪੋਥੀ ਪੰਡਿਤ ਬੇਦ ਖੋਜੰਤਾ ਜੀਉ ॥
ਹੋਇ ਬੈਰਾਗੀ ਤੀਰਥਿ ਨਾਵੰਤਾ ਜੀਉ ॥
ਗੀਤ ਨਾਦ ਕੀਰਤਨੁ ਗਾਵੰਤਾ ਜੀਉ ॥
ਹਰਿ ਨਿਰਭਉ ਨਾਮੁ ਧਿਆਈ ਜੀਉ ॥੩॥

ਭਏ ਕ੍ਰਿਪਾਲ ਸੁਆਮੀ ਮੇਰੇ ਜੀਉ ॥
ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ ॥
ਭ੍ਰਮੁ ਭਉ ਕਾਟਿ ਕੀਏ ਨਿਰਵੈਰੇ ਜੀਉ ॥
ਗੁਰ ਮਨ ਕੀ ਆਸ ਪੂਰਾਈ ਜੀਉ ॥੪॥

ਜਿਨਿ ਨਾਉ ਪਾਇਆ ਸੋ ਧਨਵੰਤਾ ਜੀਉ ॥
ਜਿਨਿ ਪ੍ਰਭੁ ਧਿਆਇਆ ਸੁ ਸੋਭਾਵੰਤਾ ਜੀਉ ॥
ਜਿਸੁ ਸਾਧੂ ਸੰਗਤਿ ਤਿਸੁ ਸਭ ਸੁਕਰਣੀ ਜੀਉ ॥
ਜਨ ਨਾਨਕ ਸਹਜਿ ਸਮਾਈ ਜੀਉ ॥੫॥੧॥੧੬੬॥

Sahib Singh
ਦੀਨ ਦਇਆਲ = ਹੇ ਗਰੀਬਾਂ ਉਤੇ ਤਰਸ ਕਰਨ ਵਾਲੇ !
ਦਮੋਦਰ = {ਦਾਮਨੱ—ਰੱਸੀ, ਤੜਾਗੀ ।
ੳਦਰ = ਪੇਟ, ਲੱਕ ।
ਦਾਮੋਦਰ = ਜਿਸ ਦੇ ਲੱਕ ਦੇ ਦੁਆਲੇ ਤੜਾਗੀ ਹੈ, ਕਿ੍ਰਸ਼ਨ} ।
    ਹੇ ਪ੍ਰਭੂ !
ਰਾਇਆ = ਹੇ ਪਾਤਿਸ਼ਾਹ !
ਜਨ = ਸੇਵਕ ।
ਵਛਲੁ = {ਵÄਸਲ} ਪਿਆਰਾ ।
ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ ।
ਜਾਈ = ਜਾਈਂ, ਥਾਵਾਂ ਵਿਚ ।੧ ।
ਕਿਉ = ਕਿਵੇਂ ?
ਪੇਖਾ = ਪੇਖਾਂ, ਮੈਂ ਵੇਖਾਂ ।
ਸੁਕਰਣੀ = ਸ੍ਰੇਸ਼ਟ ਕਰਨੀ ।
ਚਰਣੀ = ਚਰਨਾਂ ਦੀ ।
ਜੀਉ = ਜਿੰਦ ।
ਵਤਾਈ = ਵਤਾਈਂ, ਮੈਂ ਸਦਕੇ ਕਰਾਂ ।
ਬਲਿ ਜਾਈ = ਬਲਿ ਜਾਈਂ, ਮ ੈਂ ਕੁਰਬਾਨ ਜਾਵਾਂ ।
ਨਿਵਿ ਨਿਵਿ = ਲਿਫ਼ ਲਿਫ਼ ਕੇ ।
ਲਾਗਉ = ਲਾਗਉਂ, ਮੈਂ ਲੱਗਾਂ ।
ਪਾਈ = ਪਾਈਂ, ਪੈਰੀਂ ।੨ ।
ਤੀਰਥਿ = ਤੀਰਥ ਉਤੇ ।
ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ ।੩ ।
ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ ।
ਲਗਿ = ਲੱਗ ਕੇ ।
ਭ੍ਰਮੁ = ਭਟਕਣਾ ।
ਕਾਟਿ = ਕੱਟ ਕੇ ।
ਕੀਏ = ਬਣਾ ਦਿੱਤੇ ।
ਗੁਰ = ਹੇ ਗੁਰੂ !
ਪੂਰਾਈ = ਪੂਰੀ ਕੀਤੀ ਹੈ ।੪ ।
ਜਿਨਿ = ਜਿਸ ਨੇ ।
ਜਿਸੁ = ਜਿਸ ਨੂੰ ।
ਤਿਸੁ = ਉਸ ਦੀ ।
ਸਭ = ਸਾਰੀ ।
ਸਹਜਿ = ਆਤਮਕ ਅਡੋਲਤਾ ਵਿਚ ।
ਸਮਾਈ = ਲੀਨਤਾ ।੫ ।
    
Sahib Singh
ਹੇ ਗਰੀਬਾਂ ਉਤੇ ਤਰਸ ਕਰਨ ਵਾਲੇ ਪ੍ਰਭੂ ਪਾਤਿਸ਼ਾਹ ਜੀ! ਤੂੰ ਕ੍ਰੋੜਾਂ ਬੰਦਿਆਂ ਨੂੰ ਆਪਣੇ ਸੇਵਕ ਬਣਾ ਕੇ ਆਪਣੀ ਸੇਵਾ-ਭਗਤੀ ਵਿਚ ਲਾਇਆ ਹੋਇਆ ਹੈ ।
ਭਗਤਾਂ ਦਾ ਪਿਆਰਾ ਹੋਣਾ—ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾ ਬਣਿਆ ਆ ਰਿਹਾ ਹੈ ।
ਹੇ ਪ੍ਰਭੂ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ ।੧ ।
(ਹੇ ਭਾਈ!) ਮੈਂ ਕਿਵੇਂ ਉਸ ਪ੍ਰਭੂ-ਪ੍ਰੀਤਮ ਦਾ ਦਰਸਨ ਕਰਾਂ ?
ਉਹ ਕੇਹੜੀ ਸ੍ਰੇਸ਼ਟ ਕਰਨੀ ਹੈ (ਜਿਸ ਨਾਲ ਮੈਂ ਉਸ ਨੂੰ ਵੇਖਾਂ) ?
(ਜਿਥੋਂ ਭੀ ਪੁੱਛਾਂ ਇਹੀ ਉੱਤਰ ਮਿਲਦਾ ਹੈ ਕਿ) ਮੈਂ ਸੰਤ ਜਨਾਂ ਦੀ ਦਾਸੀ ਬਣਾਂ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ ।
ਮੈਂ ਆਪਣੀ ਇਹ ਜਿੰਦ ਉਸ ਪ੍ਰਭੂ-ਪਾਤਿਸ਼ਾਹ ਤੋਂ ਸਦਕੇ ਕਰਾਂ, ਤੇ, ਉਸ ਤੋਂ ਕੁਰਬਾਨ ਹੋ ਹੋ ਜਾਵਾਂ ।
ਲਿਫ਼ ਲਿਫ਼ ਕੇ ਮੈਂ ਸਦਾ ਉਸ ਦੀ ਪੈਰੀਂ ਲੱਗਦੀ ਰਹਾਂ ।੨ ।
(ਹੇ ਭਾਈ!) ਕੋਈ ਪੰਡਿਤ (ਬਣ ਕੇ) ਵੇਦ ਆਦਿਕ ਧਰਮ-ਪੁਸਤਕਾਂ ਖੋਜਦਾ ਰਹਿੰਦਾ ਹੈ, ਕੋਈ (ਦੁਨੀਆ ਤੋਂ) ਵੈਰਾਗਵਾਨ ਹੋ ਕੇ (ਹਰੇਕ) ਤੀਰਥ ਉਤੇ ਇਸ਼ਨਾਨ ਕਰਦਾ ਫਿਰਦਾ ਹੈ, ਕੋਈ ਗੀਤ ਗਾਂਦਾ ਹੈ ਨਾਦ ਵਜਾਂਦਾ ਹੈ ਕੀਰਤਨ ਕਰਦਾ ਹੈ, ਪਰ ਮੈਂ ਪਰਮਾਤਮਾ ਦਾ ਉਹ ਨਾਮ ਜਪਦਾ ਰਹਿੰਦਾ ਹਾਂ ਜੋ (ਮੇਰੇ ਅੰਦਰ) ਨਿਰਭੈਤਾ ਪੈਦਾ ਕਰਦਾ ਹੈ ।੩ ।
(ਹੇ ਭਾਈ!) ਜਿਨ੍ਹਾਂ ਮਨੁੱਖਾਂ ਉਤੇ ਮੇਰੇ ਸੁਆਮੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ ਮਨੁੱਖ ਗੁਰੂ ਦੀ ਚਰਨੀਂ ਲੱਗ ਕੇ (ਪਹਿਲਾਂ ਵਿਕਾਰਾਂ ਵਿਚ) ਡਿੱਗੇ ਹੋਏ (ਹੁੰਦੇ ਭੀ) ਸੁੱਚੇ ਆਚਰਨ ਵਾਲੇ ਬਣ ਜਾਂਦੇ ਹਨ ।
ਗੁਰੂ (ਉਹਨਾਂ ਦੇ ਅੰਦਰੋਂ ਮਾਇਆ ਦੀ) ਭਟਕਣਾ ਦੂਰ ਕਰ ਕੇ (ਹਰੇਕ ਕਿਸਮ ਦਾ ਮਲੀਨ) ਡਰ ਦੂਰ ਕਰ ਕੇ ਉਹਨਾਂ ਮਨੁੱਖਾਂ ਨੂੰ ਨਿਰਵੈਰ ਬਣਾ ਦੇਂਦਾ ਹੈ ।
ਹੇ ਗੁਰੂ! ਤੂੰ ਹੀ ਮੇਰੇ ਮਨ ਦੀ ਭੀ (ਸਿਮਰਨ ਦੀ) ਆਸ ਪੂਰੀ ਕੀਤੀ ਹੈ ।੪ ।
ਹੇ ਦਾਸ ਨਾਨਕ! (ਆਖ—) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਉਹ ਧਨਾਢ ਬਣ ਗਿਆ, ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ ਉਹ (ਲੋਕ ਪਰਲੋਕ ਵਿਚ) ਸੋਭਾ ਵਾਲਾ ਹੋ ਗਿਆ ।
ਜਿਸ ਮਨੁੱਖ ਨੂੰ ਗੁਰੂ ਦੀ ਸੰਗਤਿ ਮਿਲ ਗਈ, ਉਸ ਦੀ ਸਾਰੀ ਸ੍ਰੇਸ਼ਟ ਕਰਨੀ ਬਣ ਗਈ, ਉਸ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਲੀਨਤਾ ਪ੍ਰਾਪਤ ਹੋ ਗਈ ।੫।੧।੧੬੬ ।
Follow us on Twitter Facebook Tumblr Reddit Instagram Youtube