ਗਉੜੀ ਮਾਲਾ ਮਹਲਾ ੫ ॥
ਉਬਰਤ ਰਾਜਾ ਰਾਮ ਕੀ ਸਰਣੀ ॥
ਸਰਬ ਲੋਕ ਮਾਇਆ ਕੇ ਮੰਡਲ ਗਿਰਿ ਗਿਰਿ ਪਰਤੇ ਧਰਣੀ ॥੧॥ ਰਹਾਉ ॥

ਸਾਸਤ ਸਿੰਮ੍ਰਿਤਿ ਬੇਦ ਬੀਚਾਰੇ ਮਹਾ ਪੁਰਖਨ ਇਉ ਕਹਿਆ ॥
ਬਿਨੁ ਹਰਿ ਭਜਨ ਨਾਹੀ ਨਿਸਤਾਰਾ ਸੂਖੁ ਨ ਕਿਨਹੂੰ ਲਹਿਆ ॥੧॥

ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ ॥
ਬਿਨੁ ਹਰਿ ਭਗਤਿ ਕਹਾ ਥਿਤਿ ਪਾਵੈ ਫਿਰਤੋ ਪਹਰੇ ਪਹਰੇ ॥੨॥

ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ॥
ਜਲਤੋ ਜਲਤੋ ਕਬਹੂ ਨ ਬੂਝਤ ਸਗਲ ਬ੍ਰਿਥੇ ਬਿਨੁ ਨਾਮਾ ॥੩॥

ਹਰਿ ਕਾ ਨਾਮੁ ਜਪਹੁ ਮੇਰੇ ਮੀਤਾ ਇਹੈ ਸਾਰ ਸੁਖੁ ਪੂਰਾ ॥
ਸਾਧਸੰਗਤਿ ਜਨਮ ਮਰਣੁ ਨਿਵਾਰੈ ਨਾਨਕ ਜਨ ਕੀ ਧੂਰਾ ॥੪॥੪॥੧੬੨॥

Sahib Singh
ਉਬਰਤ = ਬਚਦਾ ਹੈ ।
ਰਾਜਾ ਰਾਮ = ਪ੍ਰਭੂ ਪਾਤਿਸ਼ਾਹ ।
ਸਰਬ ਲੋਕ = ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ—ਇਹ ਸਾਰੇ ਹੀ ।
ਮੰਡਲ = ਚੱਕਰ ।
ਗਿਰਿ = ਡਿੱਗ ਕੇ ।
ਧਰਣੀ = ਧਰਤੀ ਉਤੇ (ਨੀਵੀਂ ਆਤਮਕ ਦਸ਼ਾ ਵਿਚ) ।੧ ।
ਕਿਨ ਹੂੰ ਨ = ਕਿਸੇ ਨੇ ਭੀ ਨਹੀਂ ।੧ ।
ਤੀਨਿ ਭਵਨ = ਮਾਤ, ਪਾਤਾਲ ਤੇ ਆਕਾਸ਼ ।
ਲਖਮੀ = ਮਾਇਆ ।
ਜੋਰੀ = ਜੋੜ ਲਈ ।
ਲਹਰੇ = ਲੋਭ ਦੀਆਂ ਲਹਰਾਂ ।
ਬੂਝਤ ਨਾਹੀ = ਮਿਟਦੀਆਂ ਨਹੀਂ ।
ਕਹਾ = ਕਿਥੇ ?
ਥਿਤਿ = {Ôਿਥਤਿ} ਟਿਕਾਓ ।
ਪਹਰੇ ਪਹਰੇ = ਹਰੇਕ ਪਹਰ, ਹਰ ਵੇਲੇ ।
ਫਿਰਤੋ = ਭਟਕਦਾ ਫਿਰਦਾ ਹੈ ।੨ ।
ਬਿਲਾਸ = ਮੌਜਾਂ ।
ਮਨ ਮੋਹਨ = ਮਨ ਨੂੰ ਮੋਹਣ ਵਾਲੀਆਂ ।
ਕਾਮਾ = ਕਾਮਨਾ, ਵਾਸ਼ਨਾ ।
ਜਲਤੋ = ਸੜਦਾ ।
ਨ ਬੂਝਤ = (ਅੱਗ) ਨਹੀਂ ਬੁੱਝਦੀ ।
ਬਿ੍ਰਥੇ = ਵਿਅਰਥ ।੩।ਸਾਰ—ਸ੍ਰੇਸ਼ਟ ।
ਧੂਰਾ = ਚਰਨ = ਧੂੜ ।੪ ।
    
Sahib Singh
(ਹੇ ਭਾਈ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪੈ ਕੇ ਹੀ ਮਨੁੱਖ (ਮਾਇਆ ਦੇ ਪ੍ਰਭਾਵ ਤੋਂ) ਬਚ ਸਕਦਾ ਹੈ ।
ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ—ਇਹਨਾਂ ਸਭਨਾਂ ਲੋਕਾਂ ਦੇ ਜੀਵ ਮਾਇਆ ਦੇ ਚੱਕਰ ਵਿਚ ਹੀ ਫਸੇ ਪਏ ਹਨ, (ਮਾਇਆ ਦੇ ਪ੍ਰਭਾਵ ਦੇ ਕਾਰਨ ਜੀਵ ਉੱਚੇ ਆਤਮਕ ਟਿਕਾਣੇ ਤੋਂ) ਡਿੱਗ ਡਿੱਗ ਕੇ ਨੀਵੀਂ ਆਤਮਕ ਦਸ਼ਾ ਵਿਚ ਆ ਪੈਂਦੇ ਹਨ ।੧।ਰਹਾਉ ।
(ਪੰਡਿਤ ਲੋਕ ਤਾਂ) ਸ਼ਾਸਤ੍ਰ ਸਿਮਿ੍ਰਤੀਆਂ ਵੇਦ (ਆਦਿਕ ਸਾਰੇ ਧਰਮ-ਪੁਸਤਕ) ਵਿਚਾਰਦੇ ਆ ਰਹੇ ਹਨ ।
ਪਰ ਮਹਾ-ਪੁਰਖਾਂ ਨੇ ਇਉਂ ਹੀ ਆਖਿਆ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ (ਮਾਇਆ ਦੇ ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੀਦਾ, (ਸਿਮਰਨ ਤੋਂ ਬਿਨਾ) ਕਿਸੇ ਮਨੁੱਖ ਨੇ ਭੀ ਸੁਖ ਨਹੀਂ ਪਾਇਆ ।੧ ।
(ਹੇ ਭਾਈ!) ਜੇ ਮਨੁੱਖ ਸਾਰੀ ਸਿ੍ਰਸ਼ਟੀ ਦੀ ਹੀ ਮਾਇਆ ਇਕੱਠੀ ਕਰ ਲਏ, ਤਾਂ ਭੀ ਲੋਭ ਦੀਆਂ ਲਹਰਾਂ ਮਿਟਦੀਆਂ ਨਹੀਂ ਹਨ ।
(ਇਤਨੀ ਮਾਇਆ ਜੋੜ ਜੋੜ ਕੇ ਭੀ) ਪਰਮਾਤਮਾ ਦੀ ਭਗਤੀ ਤੋਂ ਬਿਨਾ ਮਨੁੱਖ ਕਿਤੇ ਭੀ ਮਨ ਦਾ ਟਿਕਾਉ ਨਹੀਂ ਲੱਭ ਸਕਦਾ, ਹਰ ਵੇਲੇ ਹੀ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ ।੨ ।
(ਹੇ ਭਾਈ!) ਮਨੁੱਖ ਮਨ ਨੂੰ ਮੋਹਣ ਵਾਲੀਆਂ ਅਨੇਕਾਂ ਮੌਜਾਂ ਭੀ ਕਰਦਾ ਰਹੇ, (ਮਨ ਦੀ ਵਿਕਾਰਾਂ ਵਾਲੀ) ਵਾਸ਼ਨਾ ਪੂਰੀ ਨਹੀਂ ਹੁੰਦੀ ।
ਮਨੁੱਖ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਫਿਰਦਾ ਹੈ, ਤ੍ਰਿਸ਼ਨਾ ਦੀ ਅੱਗ ਕਦੇ ਬੁੱਝਦੀ ਨਹੀਂ ।
ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦੇ ਹੋਰ ਸਾਰੇ ਉੱਦਮ ਵਿਅਰਥ ਚਲੇ ਜਾਂਦੇ ਹਨ ।੩ ।
ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ ਜਪਿਆ ਕਰ, ਇਹੀ ਸ੍ਰੇਸ਼ਟ ਸੁਖ ਹੈ, ਤੇ ਇਸ ਸੁਖ ਵਿਚ ਕੋਈ ਘਾਟ-ਕਮੀ ਨਹੀਂ ਰਹਿ ਜਾਂਦੀ ।
ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ ਆਪਣਾ ਜਨਮ ਮਰਨ (ਦਾ ਗੇੜ) ਮੁਕਾ ਲੈਂਦਾ ਹੈ, ਨਾਨਕ ਉਸ ਮਨੁੱਖ ਦੇ ਚਰਨਾਂ ਦੀ ਧੂੜ (ਮੰਗਦਾ) ਹੈ ।੪।੪।੧੬੨ ।
Follow us on Twitter Facebook Tumblr Reddit Instagram Youtube