ਰਾਗੁ ਗਉੜੀ ਮਾਲਾ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਪਾਇਓ ਬਾਲ ਬੁਧਿ ਸੁਖੁ ਰੇ ॥
ਹਰਖ ਸੋਗ ਹਾਨਿ ਮਿਰਤੁ ਦੂਖ ਸੁਖ ਚਿਤਿ ਸਮਸਰਿ ਗੁਰ ਮਿਲੇ ॥੧॥ ਰਹਾਉ ॥

ਜਉ ਲਉ ਹਉ ਕਿਛੁ ਸੋਚਉ ਚਿਤਵਉ ਤਉ ਲਉ ਦੁਖਨੁ ਭਰੇ ॥
ਜਉ ਕ੍ਰਿਪਾਲੁ ਗੁਰੁ ਪੂਰਾ ਭੇਟਿਆ ਤਉ ਆਨਦ ਸਹਜੇ ॥੧॥

ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੰਧ ਪਰੇ ॥
ਜਉ ਸਾਧੂ ਕਰੁ ਮਸਤਕਿ ਧਰਿਓ ਤਬ ਹਮ ਮੁਕਤ ਭਏ ॥੨॥

ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖੁ ਘੇਰੇ ॥
ਮਨੁ ਤਨੁ ਬੁਧਿ ਅਰਪੀ ਠਾਕੁਰ ਕਉ ਤਬ ਹਮ ਸਹਜਿ ਸੋਏ ॥੩॥

ਜਉ ਲਉ ਪੋਟ ਉਠਾਈ ਚਲਿਅਉ ਤਉ ਲਉ ਡਾਨ ਭਰੇ ॥
ਪੋਟ ਡਾਰਿ ਗੁਰੁ ਪੂਰਾ ਮਿਲਿਆ ਤਉ ਨਾਨਕ ਨਿਰਭਏ ॥੪॥੧॥੧੫੯॥

Sahib Singh
ਬਾਲ ਬੁਧਿ = ਬਾਲਕਾਂ ਵਾਲੀ ਅਕਲ ਨਾਲ ।
ਰੇ = ਹੇ ਭਾਈ !
ਹਰਖ = ਖ਼ੁਸ਼ੀ ।
ਹਾਨਿ = ਘਾਟਾ ।
ਮਿਰਤੁ = {ਮãÄਯੁ} ਮੌਤ ।
ਚਿਤਿ = ਚਿੱਤ ਵਿਚ ।
ਸਮਸਰਿ = ਬਰਾਬਰ, ਇਕੋ ਜਿਹੇ ।
ਗੁਰ ਮਿਲੇ = ਗੁਰੂ ਨੂੰ ਮਿਲ ਕੇ ।੧।ਰਹਾਉ ।
ਜਉ ਲਉ = ਜਦ ਤਕ ।
ਸੋਚਉ = ਮੈਂ ਸੋਚਦਾ ਹਾਂ ।
ਚਿਤਵਉ = ਚਿਤਵਦਾ ਹਾਂ ।
ਜਉ = ਜਦੋਂ ।
ਭੇਟਿਆ = ਮਿਲਿਆ ।
ਸਹਜੇ = ਆਤਮਕ ਅਡੋਲਤਾ ਵਿਚ ।੧ ।
ਜੇਤੀ = ਜਿਤਨੀ ।
ਤੇਤੇ = ਉਤਨੇ ।
ਬੰਧ = ਬੰਧਨ ।
ਸਾਧੂ = ਗੁਰੂ (ਨੇ) ।
ਕਰੁ = ਹੱਥ ।
ਮਸਤਕਿ = ਮੱਥੇ ਉਤੇ ।
ਮੁਕਤ = (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ।੨ ।
ਬਿਖੁ = ਜ਼ਹਰ ।
ਬੁਧਿ = ਅਕਲ ।
ਅਰਪੀ = ਭੇਟਾ ਕਰ ਦਿੱਤੀ ।
ਕਉ = ਨੂੰ ।੩ ।
ਪੋਟ = (ਮਾਇਆ ਦੇ ਮੋਹ ਦੀ) ਪੋਟਲੀ ।
ਡਾਨ = ਡੰਨ, ਸਜ਼ਾ ।
ਡਾਰਿ = ਸੁੱਟ ਕੇ ।
ਨਿਰਭਏ = ਨਿਡਰ ਹੋ ਗਿਆ ।੪ ।
    
Sahib Singh
ਹੇ ਭਾਈ! (ਜਿਸ ਨੇ ਭੀ ਸੁਖ-ਆਨੰਦ ਲੱਭਾ) ਬਾਲਕਾਂ ਵਾਲੀ ਅਕਲ ਨਾਲ (ਹੀ) ਸੁਖ-ਆਨੰਦ ਲੱਭਾ ।
ਗੁਰੂ ਨੂੰ ਮਿਲਿਆਂ (ਬਾਲ-ਬੁਧਿ ਪ੍ਰਾਪਤ ਹੋ ਜਾਂਦੀ ਹੈ, ਤੇ) ਖ਼ੁਸ਼ੀ, ਗ਼ਮੀ, ਘਾਟਾ, ਮੌਤ, ਦੁਖ-ਸੁਖ (ਇਹ ਸਾਰੇ) ਚਿੱਤ ਵਿਚ ਇਕੋ ਜਿਹੇ (ਪ੍ਰਤੀਤ ਹੋਣ ਲੱਗ ਪੈਂਦੇ ਹਨ) ।੧।ਰਹਾਉ ।
(ਹੇ ਭਾਈ!) ਜਦ ਤਕ ਮੈਂ (ਆਪਣੀ ਚਤੁਰਾਈ ਦੀਆਂ) ਕੁਝ (ਸੋਚਾਂ) ਸੋਚਦਾ ਰਿਹਾ ਹਾਂ, ਚਿਤਵਦਾ ਰਿਹਾ ਹਾਂ, ਤਦ ਤਕ ਮੈਂ ਦੁੱਖਾਂ ਨਾਲ ਭਰਿਆ ਰਿਹਾ ।
ਜਦੋਂ (ਹੁਣ ਮੈਨੂੰ) ਪੂਰਾ ਗੁਰੂ ਮਿਲ ਪਿਆ ਹੈ, ਤਦੋਂ ਮੈਂ ਆਤਮਕ ਅਡੋਲਤਾ ਵਿਚ ਆਨੰਦ ਮਾਣ ਰਿਹਾ ਹਾਂ ।੧ ।
(ਹੇ ਭਾਈ!) ਮੈਂ ਜਿਤਨੇ ਭੀ ਚਤੁਰਾਈ ਦੇ ਕੰਮ ਕਰਦਾ ਰਿਹਾ, ਉਤਨੇ ਹੀ ਮੈਨੂੰ (ਮਾਇਆ ਦੇ ਮੋਹ ਦੇ) ਬੰਧਨ ਪੈਂਦੇ ਗਏ ।
ਜਦੋਂ (ਹੁਣ) ਗੁਰੂ ਨੇ (ਮੇਰੇ) ਮੱਥੇ ਉੱਤੇ (ਆਪਣਾ) ਹੱਥ ਰੱਖਿਆ ਹੈ, ਤਦੋਂ ਮੈਂ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ ।੨।(ਹੇ ਭਾਈ!) ਜਦ ਤਕ ਮੈਂ ਇਹ ਕਰਦਾ ਰਿਹਾ ਕਿ (ਇਹ ਘਰ) ਮੇਰਾ ਹੈ (ਇਹ ਧਨ) ਮੇਰਾ ਹੈ (ਇਹ ਪੁੱਤਰ ਆਦਿਕ ਸਨਬੰਧੀ) ਮੇਰਾ ਹੈ, ਤਦ ਤਕ ਮੈਨੂੰ (ਮਾਇਆ ਦੇ ਮੋਹ ਦੇ) ਜ਼ਹਰ ਨੇ ਘੇਰੀ ਰੱਖਿਆ (ਤੇ ਉਸ ਨੇ ਮੇਰੇ ਆਤਮਕ ਜੀਵਨ ਨੂੰ ਮਾਰ ਦਿੱਤਾ) ।
(ਹੁਣ ਗੁਰੂ ਦੀ ਕਿਰਪਾ ਨਾਲ) ਮੈਂ ਆਪਣੀ ਚਤੁਰਾਈ ਆਪਣਾ ਮਨ ਆਪਣਾ ਸਰੀਰ (ਹਰੇਕ ਗਿਆਨ-ਇੰਦ੍ਰਾ) ਪਰਮਾਤਮਾ ਦੇ ਹਵਾਲੇ ਕਰ ਦਿੱਤਾ ਹੈ, ਤਦੋਂ ਮੈਂ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹਾਂ ।੩ ।
ਹੇ ਨਾਨਕ! (ਆਖ—ਹੇ ਭਾਈ!) ਜਦੋਂ ਤਕ ਮੈਂ (ਮਾਇਆ ਦੇ ਮੋਹ ਦੀ) ਪੋਟਲੀ (ਸਿਰ ਤੇ) ਚੁੱਕ ਕੇ ਤੁਰਦਾ ਰਿਹਾ, ਤਦ ਤਕ ਮੈਂ (ਦੁਨੀਆ ਦੇ ਡਰਾਂ-ਸਹਮਾਂ ਦਾ) ਡੰਨ ਭਰਦਾ ਰਿਹਾ ।
ਹੁਣ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, (ਉਸ ਦੀ ਕਿਰਪਾ ਨਾਲ ਮਾਇਆ ਦੇ ਮੋਹ ਦੀ) ਪੋਟਲੀ ਸੁੱਟ ਕੇ ਮੈਂ ਨਿਡਰ ਹੋ ਗਿਆ ਹਾਂ ।੪।੧।੧੫੯ ।
Follow us on Twitter Facebook Tumblr Reddit Instagram Youtube