ਰਾਗੁ ਗੌੜੀ ਮਾਲਵਾ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਹਰਿ ਨਾਮੁ ਲੇਹੁ ਮੀਤਾ ਲੇਹੁ ਆਗੈ ਬਿਖਮ ਪੰਥੁ ਭੈਆਨ ॥੧॥ ਰਹਾਉ ॥

ਸੇਵਤ ਸੇਵਤ ਸਦਾ ਸੇਵਿ ਤੇਰੈ ਸੰਗਿ ਬਸਤੁ ਹੈ ਕਾਲੁ ॥
ਕਰਿ ਸੇਵਾ ਤੂੰ ਸਾਧ ਕੀ ਹੋ ਕਾਟੀਐ ਜਮ ਜਾਲੁ ॥੧॥

ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ ॥
ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ ॥੨॥

ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ ॥
ਬਿਨੁ ਹਰਿ ਸੇਵਾ ਸੁਖੁ ਨਹੀ ਹੋ ਸਾਕਤ ਆਵਹਿ ਜਾਹਿ ॥੩॥

ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ ॥
ਨਾਨਕੁ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ ॥੪॥੧॥੧੫੮॥

Sahib Singh
ਮੀਤਾ = ਹੇ ਮਿੱਤਰ !
ਆਗੈ = ਤੇਰੇ ਅੱਗੇ, ਤੇਰੇ ਸਾਹਮਣੇ, ਜਿਸ ਰਸਤੇ ਉਤੇ ਤੂੰ ਤੁਰ ਰਿਹਾ ਹੈਂ, ਜੀਵਨ-ਸਫ਼ਰ ਦਾ ਰਸਤਾ ।
ਬਿਖਮ = ਅੌਖਾ ।
ਪੰਥੁ = ਰਸਤਾ ।
ਭੈਆਨ = ਭਿਆਨਕ, ਡਰਾਉਣਾ ।੧।ਰਹਾਉ ।
ਸੇਵਤ = ਸਿਮਰਦਿਆਂ ।
ਸੇਵਿ = ਸਿਮਰ ।
ਕਾਲੁ = ਮੌਤ ।
ਸਾਧ = ਗੁਰੂ ।
ਜਮ ਜਾਲੁ = ਮੋਹ ਦਾ ਉਹ ਜਾਲ ਜੋ ਜਮ ਦੇ ਹਵਾਲੇ ਕਰਦਾ ਹੈ ਜੋ ਆਤਮਕ ਮੌਤ ਵਿਚ ਫਸਾ ਦੇਂਦਾ ਹੈ ।੧ ।
ਹੋਮ = ਹਵਨ ।
ਬਿਚਿ = ਵਿਚ, ਇਹਨਾਂ ਕਰਮਾਂ ਵਿਚ ।
ਬਧੇ = ਵਧ ਗਏ ।
ਭੁੰਚਨਾ = ਭੋਗਣੇ ਪਏ ।
ਬਹੁਰਿ ਬਹੁਰਿ = ਮੁੜ ਮੁੜ ।
ਅਵਤਾਰ = ਜਨਮ ।੩ ।
ਨਿਹਚਲੁ = ਸਦਾ ਕਾਇਮ ਰਹਿਣ ਵਾਲਾ, ਅਟੱਲ ।
ਕੋ = ਕੋਈ ।
ਹੋ = ਹੇ ਭਾਈ !
ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ, ਮਾਇਆ-ਵੇੜ੍ਹੇ ਜੀਵ ।੩ ।
ਗੁਰਿ = ਗੁਰੂ ਨੇ ।
ਤੈਸੋ = ਉਹੋ ਜਿਹਾ ।
ਪੁਕਾਰਿ = ਉੱਚੀ ਬੋਲ ਕੇ ।
ਉਧਾਰੁ = ਬਚਾਉ ।੪ ।
    
Sahib Singh
ਹੇ ਮਿੱਤਰ! ਪਰਮਾਤਮਾ ਦਾ ਨਾਮ ਸਿਮਰ, ਨਾਮ ਸਿਮਰ ।
ਜਿਸ ਜੀਵਨ ਪੰਥ ਉਤੇ ਤੂੰ ਤੁਰ ਰਿਹਾ ਹੈਂ ਉਹ ਰਸਤਾ (ਵਿਕਾਰਾਂ ਦੇ ਹੱਲਿਆਂ ਦੇ ਕਾਰਨ) ਅੌਖਾ ਹੈ ਤੇ ਡਰਾਵਨਾ ਹੈ ।੧।ਰਹਾਉ ।
(ਹੇ ਮਿੱਤਰ!) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਸਦਾ ਸਿਮਰਦਾ ਰਹੁ, ਮੌਤ ਹਰ ਵੇਲੇ ਤੇਰੇ ਨਾਲ ਵੱਸਦੀ ਹੈ ।
ਹੇ ਭਾਈ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ ।
ਗੁਰੂ ਦੀ ਸਰਨ ਪਿਆਂ) ਉਹ (ਮੋਹ-) ਜਾਲ ਕੱਟਿਆ ਜਾਂਦਾ ਹੈ ਜੋ ਆਤਮਕ ਮੌਤ ਵਿਚ ਫਸਾ ਦੇਂਦਾ ਹੈ ।੧ ।
(ਹੇ ਮਿੱਤਰ! ਪਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਜਿਨ੍ਹਾਂ ਮਨੁੱਖਾਂ ਨੇ ਨਿਰੇ) ਹਵਨ ਕੀਤੇ ਜੱਗ ਕੀਤੇ ਤੀਰਥ-ਇਸ਼ਨਾਨ ਕੀਤੇ, ਉਹ (ਇਹਨਾਂ ਕੀਤੇ ਕਰਮਾਂ ਦੀ) ਹਉਮੈ ਵਿਚ ਫਸਦੇ ਗਏ ਉਹਨਾਂ ਦੇ ਅੰਦਰ ਵਿਕਾਰ ਵਧਦੇ ਗਏ ।
ਇਸ ਤ੍ਰਹਾਂ ਨਰਕ ਤੇ ਸੁਰਗ ਦੋਵੇਂ ਭੋਗਣੇ ਪੈਂਦੇ ਹਨ, ਤੇ ਮੁੜ ਮੁੜ ਜਨਮਾਂ ਦਾ ਚੱਕਰ ਚੱਲਦਾ ਰਹਿੰਦਾ ਹੈ ।੨ ।
(ਹੇ ਮਿੱਤਰ! ਹਵਨ ਜੱਗ ਤੀਰਥ ਆਦਿਕ ਕਰਮ ਕਰ ਕੇ ਲੋਕ ਸ਼ਿਵ-ਪੁਰੀ ਬ੍ਰਹਮ-ਪੁਰੀ ਇੰਦਰ-ਪੁਰੀ ਆਦਿਕ ਦੀ ਪ੍ਰਾਪਤੀ ਦੀਆਂ ਆਸਾਂ ਬਣਾਂਦੇ ਹਨ, ਪਰ) ਸ਼ਿਵ-ਪੁਰੀ, ਬ੍ਰਹਮ-ਪੁਰੀ, ਇੰਦ੍ਰ-ਪੁਰੀ—ਇਹਨਾਂ ਵਿਚੋਂ ਕੋਈ ਭੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ ।
ਪਰਮਾਤਮਾ ਦੇ ਸਿਮਰਨ ਤੋਂ ਬਿਨਾ ਕਿਤੇ ਆਤਮਕ ਆਨੰਦ ਭੀ ਨਹੀਂ ਮਿਲਦਾ ।
ਹੇ ਭਾਈ! ਪਰਮਾਤਮਾ ਨਾਲੋਂ ਵਿਛੁੱੜੇ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ) ।੩।(ਹੇ ਭਾਈ!) ਜਿਸ ਤ੍ਰਹਾਂ ਗੁਰੂ ਨੇ (ਮੈਨੂੰ) ਉਪਦੇਸ਼ ਦਿੱਤਾ ਹੈ, ਮੈਂ ਉਸੇ ਤ੍ਰਹਾਂ ਉੱਚੀ ਬੋਲ ਕੇ ਦੱਸ ਦਿੱਤਾ ਹੈ ।
ਨਾਨਕ ਆਖਦਾ ਹੈ—ਹੇ (ਮੇਰੇ) ਮਨ! ਸੁਣ ਪਰਮਾਤਮਾ ਦਾ ਕੀਰਤਨ ਕਰਦਾ ਰਹੁ (ਕੀਰਤਨ ਦੀ ਬਰਕਤਿ ਨਾਲ ਵਿਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ) ਬਚਾਉ ਹੋ ਜਾਂਦਾ ਹੈ ।੪।੧।੧੫੮ ।

ਨੋਟ: ਇਹ ਇਕ ਸ਼ਬਦ “ਗੌੜੀ ਮਾਲਵਾ” ਦਾ ਹੈ ।
Follow us on Twitter Facebook Tumblr Reddit Instagram Youtube