ਗਉੜੀ ਮਹਲਾ ੫ ॥
ਸਭਹੂ ਕੋ ਰਸੁ ਹਰਿ ਹੋ ॥੧॥ ਰਹਾਉ ॥

ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ॥
ਕਾਹੂ ਹੋ ਡੰਡ ਧਰਿ ਹੋ ॥੧॥

ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ॥
ਕਾਹੂ ਹੋ ਗਉਨੁ ਕਰਿ ਹੋ ॥੨॥

ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ ॥
ਨਾਨਕਾ ਭਗਤਿ ਪ੍ਰਿਅ ਹੋ ॥੩॥੨॥੧੫੫॥

Sahib Singh
ਕੋ = ਦਾ ।
ਸਭਹੂ ਕੋ = ਸਾਰੇ ਹੀ ਜੀਵਾਂ ਦਾ ।
ਰਸੁ = ਸ੍ਰੇਸ਼ਟ ਆਨੰਦ ।
ਹੋ = ਹੇ ਭਾਈ !
ਹਰਿ = ਹਰਿ ਨਾਮ ।੧।ਰਹਾਉ ।
ਕਾਹੂ ਜੋਗ = ਕਿਸੇ ਨੂੰ ਜੋਗ ਕਮਾਣ ਦਾ ਰਸ ਹੈ ।
ਭੋਗ = ਦੁਨੀਆ ਦੇ ਪਦਾਰਥ ਮਾਨਣੇ ।
ਧਿਆਨ = ਸਮਾਧੀ ਲਾਣੀ ।
ਡੰਡ ਧਰਿ = ਡੰਡਾਧਾਰੀ ਜੋਗੀ ।੧।ਤਾਪ—ਧੂਣੀਆਂ ਤਪਾਣੀਆਂ ।
ਹੋਮ = ਹਵਨ ।
ਨੇਮ = ਨਿੱਤ ਦੀ ਕਾਰ ।
ਗਉਨੁ = (ਧਰਤੀ ਉਤੇ) ਰਮਤੇ ਸਾਧੂ ਬਣ ਕੇ ਫਿਰਦੇ ਰਹਿਣਾ ।੨ ।
ਤੀਰ = ਕੰਢਾ, ਨਦੀ ਦਾ ਕੰਢਾ ।
ਨੀਰ = ਪਾਣੀ, ਤੀਰਥ = ਇਸ਼ਨਾਨ ।
ਪਿ੍ਰਅ = ਪਿਆਰਾ ।੩ ।
    
Sahib Singh
ਹੇ ਭਾਈ! ਪਰਮਾਤਮਾ ਦਾ ਨਾਮ ਹੀ ਸਭ ਜੀਵਾਂ ਦਾ ਸ੍ਰੇਸ਼ਟ ਆਨੰਦ ਹੈ ।੧।ਰਹਾਉ ।
(ਪਰ) ਹੇ ਭਾਈ! (ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਕਿਸੇ ਮਨੁੱਖ ਨੂੰ ਜੋਗ ਕਮਾਣ ਦਾ ਸ਼ੌਕ ਪੈ ਗਿਆ ਹੈ, ਕਿਸੇ ਨੂੰ ਦੁਨੀਆ ਦੇ ਪਦਾਰਥ ਮਾਨਣ ਦਾ ਚਸਕਾ ਹੈ ।
ਕਿਸੇ ਨੂੰ ਗਿਆਨ-ਚਰਚਾ ਚੰਗੀ ਲੱਗਦੀ ਹੈ, ਕਿਸੇ ਨੂੰ ਸਮਾਧੀਆਂ ਪਸੰਦ ਹਨ ਤੇ ਕਿਸੇ ਨੂੰ ਡੰਡਾ-ਧਾਰੀ ਜੋਗੀ ਬਣਨਾ ਚੰਗਾ ਲੱਗਦਾ ਹੈ ।੧ ।
ਹੇ ਭਾਈ! (ਪਰਮਾਤਮਾ ਦਾ ਨਾਮ ਛੱਡ ਕੇ) ਕਿਸੇ ਨੂੰ (ਦੇਵੀ ਦੇਵਤਿਆਂ ਦੇ ਵੱਸ ਕਰਨ ਦੇ) ਜਾਪ ਪਸੰਦ ਆ ਰਹੇ ਹਨ, ਕਿਸੇ ਨੂੰ ਧੂਣੀਆਂ ਤਪਾਣੀਆਂ ਚੰਗੀਆਂ ਲੱਗਦੀਆਂ ਹਨ, ਕਿਸੇ ਨੂੰ ਦੇਵ-ਪੂਜਾ, ਕਿਸੇ ਨੂੰ ਹਵਨ ਆਦਿਕ ਦੀ ਨਿੱਤ ਦੀ ਕਾਰ ਪਸੰਦ ਹੈ ਤੇ ਕਿਸੇ ਨੂੰ (ਰਮਤਾ ਸਾਧੂ ਬਣ ਕੇ) ਧਰਤੀ ਉਤੇ ਤੁਰੇ ਫਿਰਨਾ ਚੰਗਾ ਲੱਗਦਾ ਹੈ ।੨ ।
ਹੇ ਭਾਈ! ਕਿਸੇ ਨੂੰ ਕਿਸੇ ਨਦੀ ਦੇ ਕੰਢੇ ਬੈਠਣਾ, ਕਿਸੇ ਨੂੰ ਤੀਰਥ-ਇਸ਼ਨਾਨ, ਤੇ ਕਿਸੇ ਨੂੰ ਵੇਦਾਂ ਦੀ ਵਿਚਾਰ ਪਸੰਦ ਹੈ ।
ਪਰ, ਹੇ ਨਾਨਕ! ਪਰਮਾਤਮਾ ਭਗਤੀ ਨੂੰ ਪਿਆਰ ਕਰਨ ਵਾਲਾ ਹੈ ।੩।੨।੧੫੫ ।
Follow us on Twitter Facebook Tumblr Reddit Instagram Youtube