ਰਾਗੁ ਗਉੜੀ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ ॥੧॥ ਰਹਾਉ ॥

ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ ॥
ਪਰੈ ਪਰੈ ਹੀ ਕਉ ਲੁਝੀ ਹੇ ॥੧॥

ਸੁੰਦਰ ਨਾਰੀ ਅਨਿਕ ਪਰਕਾਰੀ ਪਰ ਗ੍ਰਿਹ ਬਿਕਾਰੀ ॥
ਬੁਰਾ ਭਲਾ ਨਹੀ ਸੁਝੀ ਹੇ ॥੨॥

ਅਨਿਕ ਬੰਧਨ ਮਾਇਆ ਭਰਮਤੁ ਭਰਮਾਇਆ ਗੁਣ ਨਿਧਿ ਨਹੀ ਗਾਇਆ ॥
ਮਨ ਬਿਖੈ ਹੀ ਮਹਿ ਲੁਝੀ ਹੇ ॥੩॥

ਜਾ ਕਉ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧਸੰਗਿ ਮਾਇਆ ਤਰੈ ॥
ਨਾਨਕ ਸੋ ਜਨੁ ਦਰਿ ਹਰਿ ਸਿਝੀ ਹੇ ॥੪॥੧॥੧੫੪॥

Sahib Singh
ਤਿ੍ਰਸਨਾ = ਲਾਲਚ, ਮਾਇਆ ਦੀ ਪਿਆਸ ।੧।ਰਹਾਉ।ਕੋਟਿ—ਕ੍ਰੋੜਾਂ ।
ਜੋਰੇ = ਜੋੜਦਾ ਹੈ ।
ਹੋਰੇ = ਰੋਕਦਾ ।
ਪਰੈ ਕਉ = ਵਧੀਕ ਧਨ ਵਾਸਤੇ ।
ਲੁਝੀ ਹੇ = ਝਗੜਦਾ ਹੈ ।੧ ।
ਪਰ ਗਿ੍ਰਹ = ਪਰਾਏ ਘਰ, ਪਰਾਈ ਇਸਤ੍ਰੀ ।
ਬਿਕਾਰ = ਮੰਦ ਕਰਮ ।
ਬਿਕਾਰੀ = ਮੰਦੇ ਕਰਮ ਕਰਨ ਵਾਲਾ ।੨ ।
ਗੁਣ ਨਿਧਿ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ।
ਮਨ = ਹੇ ਮਨ !
ਬਿਖੈ ਮਹਿ = ਵਿਸ਼ੇ = ਵਿਕਾਰਾਂ ਵਿਚ ।੩ ।
ਰੇ = ਹੇ ਭਾਈ !
ਸੋਈ = ਉਹੀ ਮਨੁੱਖ ।
ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ ।
ਦਰਿ ਹਰਿ = ਹਰੀ ਦੇ ਦਰ ਤੇ ।
ਸਿਝੀ ਹੇ = ਕਾਮਯਾਬ ਹੁੰਦਾ ਹੈ ।੪ ।
    
Sahib Singh
(ਹੇ ਭਾਈ!) ਕਿਸੇ ਵਿਰਲੇ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ (ਦੀ ਅੱਗ) ਬੁੱਝਦੀ ਹੈ ।੧।ਰਹਾਉ ।
(ਸਾਧਾਰਨ ਹਾਲਤ ਇਹ ਬਣੀ ਪਈ ਹੈ ਕਿ ਮਨੁੱਖ) ਕ੍ਰੋੜਾਂ ਰੁਪਏ ਕਮਾਂਦਾ ਹੈ, ਲੱਖਾਂ ਕ੍ਰੋੜਾਂ ਰੁਪਏ ਇਕੱਠੇ ਕਰਦਾ ਹੈ (ਫਿਰ ਭੀ ਮਾਇਆ ਦੇ ਲਾਲਚ ਵਲੋਂ ਆਪਣੇ) ਮਨ ਨੂੰ ਰੋਕਦਾ ਨਹੀਂ (ਸਗੋਂ) ਹੋਰ ਵਧੀਕ ਹੋਰ ਵਧੀਕ ਧਨ ਇਕੱਠਾ ਕਰਨ ਵਾਸਤੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ ।੧ ।
ਮਨੁੱਖ ਆਪਣੀ ਸੁੰਦਰ ਇਸਤ੍ਰੀ ਨਾਲ ਅਨੇਕਾਂ ਕਿਸਮਾਂ ਦੇ ਲਾਡ-ਪਿਆਰ ਕਰਦਾ ਹੈ, ਫਿਰ ਭੀ ਪਰ-ਇਸਤ੍ਰੀ-ਸੰਗ ਦਾ ਮੰਦ-ਕਰਮ ਕਰਦਾ ਹੈ (ਕਾਮ ਵਾਸ਼ਨਾ ਵਿਚ ਅੰਨ੍ਹੇ ਹੋਏ ਹੋਏ ਨੂੰ) ਇਹ ਨਹੀਂ ਸੁੱਝਦਾ ਕਿ ਭੈੜਾ ਕਰਮ ਕੇਹੜਾ ਹੈ ਤੇ ਚੰਗਾ ਕਰਮ ਕੇਹੜਾ ਹੈ ।੨ ।
(ਹੇ ਭਾਈ! ਮਾਇਆ ਦੇ ਮੋਹ ਦੇ) ਅਨੇਕਾਂ ਬੰਧਨਾਂ ਵਿਚ ਬੱਝਾ ਹੋਇਆ ਮਨੁੱਖ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ, ਮਾਇਆ ਇਸ ਨੂੰ ਖ਼ੁਆਰ ਕਰਦੀ ਹੈ, (ਮਾਇਆ ਦੇ ਪ੍ਰਭਾਵ ਹੇਠ ਰਹਿ ਕੇ) ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕਰਦਾ ।
ਮਨੁੱਖਾਂ ਦੇ ਮਨ ਵਿਸ਼ਿਆਂ ਦੀ ਅੱਗ ਵਿਚ ਹੀ ਸੜਦੇ ਰਹਿੰਦੇ ਹਨ ।੩ ।
ਹੇ ਨਾਨਕ! (ਆਖ—) ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹੀ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਭੀ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ, ਤੇ ਸਾਧ ਸੰਗਤਿ ਵਿਚ ਰਹਿ ਕੇ ਮਾਇਆ (ਦੀ ਘੁੰਮਣ-ਘੇਰੀ) ਤੋਂ ਪਾਰ ਲੰਘ ਜਾਂਦਾ ਹੈ ।
ਉਹ ਮਨੁੱਖ ਪਰਮਾਤਮਾ ਦੇ ਦਰ ਤੇ ਕਾਮਯਾਬ ਗਿਣਿਆ ਜਾਂਦਾ ਹੈ ।੪।੧।੧੫੪ ।
Follow us on Twitter Facebook Tumblr Reddit Instagram Youtube