ਗਉੜੀ ਮਹਲਾ ੫ ॥
ਚਿੰਤਾਮਣਿ ਕਰੁਣਾ ਮਏ ॥੧॥ ਰਹਾਉ ॥

ਦੀਨ ਦਇਆਲਾ ਪਾਰਬ੍ਰਹਮ ॥
ਜਾ ਕੈ ਸਿਮਰਣਿ ਸੁਖ ਭਏ ॥੧॥

ਅਕਾਲ ਪੁਰਖ ਅਗਾਧਿ ਬੋਧ ॥
ਸੁਨਤ ਜਸੋ ਕੋਟਿ ਅਘ ਖਏ ॥੨॥

ਕਿਰਪਾ ਨਿਧਿ ਪ੍ਰਭ ਮਇਆ ਧਾਰਿ ॥
ਨਾਨਕ ਹਰਿ ਹਰਿ ਨਾਮ ਲਏ ॥੩॥੧੩॥੧੫੧॥

Sahib Singh
ਚਿੰਤਾਮਣਿ = {ਚਿੰਤਾ = ਮਣਿ—ਹਰੇਕ ਚਿਤਵਨੀ ਪੂਰੀ ਕਰਨ ਵਾਲੀ ਮਣੀ—ਰਤਨ} ਪਰਮਾਤਮਾ ਜੋ ਜੀਵ ਦੀ ਹਰੇਕ ਚਿਤਵਨੀ ਪੂਰੀ ਕਰਨ ਵਾਲਾ ਹੈ ।
ਕਰੁਣਾ = ਤਰਸੁ, ਦਇਆ ।
ਕਰੁਣਾ ਮੈ = ਤਰਸ = ਰੂਪ, ਤਰਸ-ਭਰਪੂਰ ।
ਕਰੁਣਾ ਮਏ = ਹੇ ਤਰਸ = ਰੂਪ ਪ੍ਰਭੂ !
    ।੧।ਰਹਾਉ ।
ਜਾ ਕੈ ਸਿਮਰਿਣ = ਜਿਸ ਦੇ ਸਿਮਰਨ ਦੀ ਰਾਹੀਂ ।੧ ।
ਅਗਾਧਿ = ਅਥਾਹ ।
ਬੋਧ = ਗਿਆਨ, ਸਮਝ ।
ਅਗਾਧਿ ਬੋਧ = ਉਹ ਪ੍ਰਭੂ ਜਿਸ ਦੇ ਸਰੂਪ ਦੀ ਸਮਝ ਜੀਵਾਂ ਵਾਸਤੇ ਅਥਾਹ ਹੈ ।
ਜਸੋ = ਜਸੁ, ਸਿਫ਼ਤਿ = ਸਾਲਾਹ ।
ਕੋਟਿ = ਕ੍ਰੋੜਾਂ ।
ਅਘ = ਪਾਪ ।
ਖਏ = ਨਾਸ ਹੋ ਗਏ ।੨ ।
ਨਿਧਿ = ਖ਼ਜ਼ਾਨਾ ।
ਪ੍ਰਭ = ਹੇ ਪ੍ਰਭੂ !
ਮਇਆ = ਦਇਆ ।
ਧਾਰਿ = ਧਾਰੀ, ਕੀਤੀ ।੩ ।
    
Sahib Singh
ਹੇ ਤਰਸ-ਰੂਪ ਪ੍ਰਭੂ! ਤੂੰ ਹੀ ਐਸਾ ਰਤਨ ਹੈਂ ਜੋ ਸਭ ਜੀਵਾਂ ਦੀਆਂ ਚਿਤਵੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈਂ ।੧।ਰਹਾਉ ।
ਹੇ ਪਾਰਬ੍ਰਹਮ ਪ੍ਰਭੂ! ਤੂੰ ਗਰੀਬਾਂ ਉਤੇ ਦਇਆ ਕਰਨ ਵਾਲਾ ਹੈਂ (ਤੂੰ ਐਸਾ ਹੈਂ) ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ।੧ ।
ਹੇ ਅਕਾਲ ਪੁਰਖ! ਤੇਰੇ ਸਰੂਪ ਦੀ ਸਮਝ ਜੀਵਾਂ ਦੀ ਅਕਲ ਤੋਂ ਪਰੇ ਹੈ, ਤੇਰੀ ਸਿਫ਼ਤਿ-ਸਾਲਾਹ ਸੁਣਦਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ ।੨ ।
ਹੇ ਨਾਨਕ! (ਅਰਦਾਸ ਕਰ ਤੇ ਆਖ—) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜਿਸ ਜਿਸ ਮਨੁੱਖ ਉਤੇ ਤੂੰ ਤਰਸ ਕਰਦਾ ਹੈਂ, ਉਹ ਤੇਰਾ ਹਰਿ-ਨਾਮ ਸਿਮਰਦਾ ਹੈ ।੩।੧੩।੧੫੧ ।
Follow us on Twitter Facebook Tumblr Reddit Instagram Youtube