ਗਉੜੀ ਮਹਲਾ ੫ ॥
ਹੈ ਕੋਈ ਐਸਾ ਹਉਮੈ ਤੋਰੈ ॥
ਇਸੁ ਮੀਠੀ ਤੇ ਇਹੁ ਮਨੁ ਹੋਰੈ ॥੧॥ ਰਹਾਉ ॥

ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ ॥
ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ ॥੧॥

ਭ੍ਰਮਤੋ ਭ੍ਰਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ ॥
ਕਹੁ ਨਾਨਕ ਕਿਰਪਾ ਭਈ ਸਾਧਸੰਗਤਿ ਨਿਧਿ ਮੋਰੈ ॥੨॥੧੨॥੧੫੦॥

Sahib Singh
ਹੈ ਕੋਈ ਐਸਾ = ਕੀ ਕੋਈ ਇਹੋ ਜਿਹਾ ਹੈ ?
ਤੋਰੈ = ਤੋੜ ਦੇਵੇ ।
ਤੇ = ਤੋਂ ।
ਹੋਰੈ = ਰੋਕ ਦੇਵੇ ।੧।ਰਹਾਉ ।
ਅਗਿਆਨੀ = ਬੇ = ਸਮਝ ।
ਜੋ ਨਾਹੀ = ਜੇਹੜੀ (ਸਦਾ ਨਾਲ ਨਿਭਣ ਵਾਲੀ) ਨਹੀਂ ।
ਲੋਰੈ = ਲੋੜਦਾ ਹੈ, ਢੂੰਢਦਾ ਹੈ ।
ਰੈਣਿ = ਰਾਤ ।
ਅੰਧਾਰੀ = ਹਨੇਰੀ ।
ਕਾਰੀਆ = ਕਾਲੀ ।
ਜੁਗਤਿ = ਤਰੀਕਾ ।
ਜਿਤੁ = ਜਿਸ (ਤਰੀਕੇ) ਨਾਲ ।
ਭੋਰੈ = ਦਿਨ (ਚੜ੍ਹ ਪਏ) ।੧ ।
ਭ੍ਰਮਤੋ ਭ੍ਰਮਤੋ = ਭਟਕਦਾ ਭਟਕਦਾ ।
ਹਾਰਿਆ = ਥੱਕ ਗਿਆ ।
ਟੋਰੈ = ਟੋਲ, ਭਾਲ ।
ਨਿਧਿ = ਖ਼ਜ਼ਾਨਾ ।
ਮੋਰੈ = ਮੇਰੇ ਵਾਸਤੇ ।੨ ।
    
Sahib Singh
(ਹੇ ਭਾਈ!) ਕਿਤੇ ਕੋਈ ਅਜੇਹਾ ਮਨੁੱਖ ਭੀ ਮਿਲ ਜਾਇਗਾ ਜੋ (ਮੇਰੇ) ਇਸ ਮਨ ਨੂੰ ਇਸ ਮਿੱਠੀ (ਲੱਗਣ ਵਾਲੀ ਮਾਇਆ ਦੇ ਮੋਹ) ਤੋਂ ਰੋਕ ਸਕੇ ?
।੧।ਰਹਾਉ ।
(ਹੇ ਭਾਈ! ਇਸ ਮਿੱਠੀ ਦੇ ਅਸਰ ਹੇਠ) ਮਨੁੱਖ ਆਪਣੀ ਅਕਲ ਗਵਾ ਬੈਠਾ ਹੈ (ਕਿਉਂਕਿ) ਜੇਹੜੀ (ਸਦਾ ਨਾਲ ਨਿਭਣ ਵਾਲੀ) ਨਹੀਂ ਹੈ ਉਸੇ ਨੂੰ ਭਾਲਦਾ ਫਿਰਦਾ ਹੈ ।
(ਮਨੁੱਖ ਦੇ ਮਨ ਵਿਚ ਮਾਇਆ ਦੇ ਮੋਹ ਦੀ) ਕਾਲੀ ਹਨੇਰੀ ਰਾਤ ਪਈ ਹੋਈ ਹੈ ।
(ਹੇ ਭਾਈ!) ਉਹ ਕੇਹੜਾ ਤਰੀਕਾ ਹੋ ਸਕਦਾ ਹੈ ਜਿਸ ਨਾਲ (ਇਸ ਦੇ ਅੰਦਰ ਗਿਆਨ ਦਾ) ਦਿਨ ਚੜ੍ਹ ਪਏ ?
।੧ ।
ਹੇ ਨਾਨਕ! ਆਖ—(ਮਿੱਠੀ ਮਾਇਆ ਦੇ ਮੋਹ ਤੋਂ ਮਨ ਨੂੰ ਰੋਕ ਸਕਣ ਵਾਲੇ ਦੀ) ਅਨੇਕਾਂ ਤਰੀਕਿਆਂ ਨਾਲ ਭਾਲ ਕਰਦਾ ਕਰਦਾ ਤੇ ਭਟਕਦਾ ਭਟਕਦਾ ਮੈਂ ਥੱਕ ਗਿਆ (ਤਦੋਂ ਪ੍ਰਭੂ ਦੀ ਮੇਰੇ ਉਤੇ) ਮਿਹਰ ਹੋਈ (ਹੁਣ) ਸਾਧ ਸੰਗਤਿ ਹੀ ਮੇਰੇ ਵਾਸਤੇ (ਉਹਨਾਂ ਸਾਰੇ ਗੁਣਾਂ ਦਾ) ਖ਼ਜ਼ਾਨਾ ਹੈ (ਜਿਨ੍ਹਾਂ ਦੀ ਬਰਕਤਿ ਨਾਲ ਮਿੱਠੀ ਮਾਇਆ ਦੇ ਮੋਹ ਤੋਂ ਮਨ ਰੁਕ ਸਕਦਾ ਹੈ) ।੨।੧੨।੧੫੦ ।
Follow us on Twitter Facebook Tumblr Reddit Instagram Youtube