ਗਉੜੀ ਮਹਲਾ ੫ ॥
ਮੋਹਿ ਦਾਸਰੋ ਠਾਕੁਰ ਕੋ ॥
ਧਾਨੁ ਪ੍ਰਭ ਕਾ ਖਾਨਾ ॥੧॥ ਰਹਾਉ ॥

ਐਸੋ ਹੈ ਰੇ ਖਸਮੁ ਹਮਾਰਾ ॥
ਖਿਨ ਮਹਿ ਸਾਜਿ ਸਵਾਰਣਹਾਰਾ ॥੧॥

ਕਾਮੁ ਕਰੀ ਜੇ ਠਾਕੁਰ ਭਾਵਾ ॥
ਗੀਤ ਚਰਿਤ ਪ੍ਰਭ ਕੇ ਗੁਨ ਗਾਵਾ ॥੨॥

ਸਰਣਿ ਪਰਿਓ ਠਾਕੁਰ ਵਜੀਰਾ ॥
ਤਿਨਾ ਦੇਖਿ ਮੇਰਾ ਮਨੁ ਧੀਰਾ ॥੩॥

ਏਕ ਟੇਕ ਏਕੋ ਆਧਾਰਾ ॥
ਜਨ ਨਾਨਕ ਹਰਿ ਕੀ ਲਾਗਾ ਕਾਰਾ ॥੪॥੧੧॥੧੪੯॥

Sahib Singh
ਮੋਹਿ = ਮੈਂ ।
ਦਾਸਰੋ = ਗਰੀਬ ਜਿਹਾ ਦਾਸ ।
ਕੋ = ਦਾ ।
ਧਾਨੁ = ਦਾਨ ਵਜੋਂ ਦਿੱਤਾ ਹੋਇਆ ਅੰਨ ।੧।ਰਹਾਉ ।
ਰੇ = ਹੇ ਭਾਈ !
ਐਸੋ = ਇਹੋ ਜਿਹਾ ।
ਖਿਨ ਮਹਿ = ਥੋੜੇ ਜਿਤਨੇ ਸਮੇ ਵਿਚ ਹੀ ।
ਸਾਜਿ = ਸਾਜ ਕੇ ।
ਸਵਾਰਣਹਾਰਾ = ਸੋਹਣਾ ਬਣਾ ਦੇਣ ਦੀ ਸਮਰੱਥਾ ਵਾਲਾ ।੧ ।
ਕਰੀ = ਕਰੀਂ, ਮੈਂ ਕਰਾਂ ।
ਠਾਕੁਰ ਭਾਵਾ = ਠਾਕੁਰ ਨੂੰ ਚੰਗਾ ਲੱਗਾਂ ।
ਚਰਿਤ = ਸਿਫ਼ਤਿ = ਸਾਲਾਹ ਦੀਆਂ ਗੱਲਾਂ ।੨ ।
ਠਾਕੁਰ ਵਜੀਰਾ = ਠਾਕੁਰ ਦੇ ਵਜ਼ੀਰ, ਸੰਤ ਜਨ ।
ਦੇਖਿ = ਵੇਖ ਕੇ ।
ਧੀਰਾ = ਧੀਰਜ ਵਾਲਾ ।੩ ।
ਟੇਕ = ਆਸਰਾ ।
ਆਧਾਰਾ = ਆਸਰਾ ।
ਲਾਗਾ = ਲੱਗ ਪਿਆ ਹਾਂ ।
ਕਾਰਾ = ਕਾਰ ਵਿਚ, ਕੰਮ ਵਿਚ ।੪ ।
    
Sahib Singh
ਪਾਲਣਹਾਰ ਪ੍ਰਭੂ ਦਾ ਮੈਂ ਇਕ ਨਿਮਾਣਾ ਜਿਹਾ ਸੇਵਕ ਹਾਂ, ਮੈਂ ਉਸੇ ਪ੍ਰਭੂ ਦਾ ਬਖ਼ਸ਼ਿਆ ਹੋਇਆ ਅੰਨ ਹੀ ਖਾਂਦਾ ਹਾਂ ।੧।ਰਹਾਉ ।
ਹੇ ਭਾਈ! ਮੇਰਾ ਖਸਮ-ਪ੍ਰਭੂ ਇਹੋ ਜਿਹਾ ਹੈ ਕਿ ਇਕ ਖਿਨ ਵਿਚ ਰਚਨਾ ਰਚ ਕੇ ਉਸ ਨੂੰ ਸੁੰਦਰ ਬਣਾਨ ਦੀ ਸਮਰੱਥਾ ਰੱਖਦਾ ਹੈ ।੧ ।
(ਹੇ ਭਾਈ! ਮੈਂ ਠਾਕੁਰ-ਪ੍ਰਭੂ ਦਾ ਦਿੱਤਾ ਹੋਇਆ ਖਾਂਦਾ ਹਾਂ) ਜੇ ਉਸ ਠਾਕੁਰ-ਪ੍ਰਭੂ ਦੀ ਕਿਰਪਾ ਮੇਰੇ ਉਤੇ ਹੋਵੇ,ਤਾਂ ਮੈਂ (ਉਸ ਦਾ ਹੀ) ਕੰਮ ਕਰਾਂ, ਉਸ ਦੇ ਗੁਣ ਗਾਂਦਾ ਰਹਾਂ, ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਾਂ ।੨ ।
(ਹੇ ਭਾਈ!) ਮੈਂ ਉਸ ਠਾਕੁਰ-ਪ੍ਰਭੂ ਦੇ ਵਜ਼ੀਰਾਂ (ਸੰਤ ਜਨਾਂ) ਦੀ ਸਰਨ ਆ ਪਿਆ ਹਾਂ, ਉਹਨਾਂ ਦਾ ਦਰਸਨ ਕਰ ਕੇ ਮੇਰੇ ਮਨ ਨੂੰ ਭੀ ਹੌਸਲਾ ਬਣ ਰਿਹਾ ਹੈ (ਕਿ ਮੈਂ ਉਸ ਮਾਲਕ ਦੀ ਸਿਫ਼ਤਿ-ਸਾਲਾਹ ਕਰ ਸਕਾਂਗਾ) ।੩ ।
ਹੇ ਦਾਸ ਨਾਨਕ! (ਆਖ—ਠਾਕੁਰ ਦੇ ਵਜ਼ੀਰਾਂ ਦੀ ਸਰਨ ਪੈ ਕੇ) ਮੈਂ ਇਕ ਪਰਮਾਤਮਾ ਨੂੰ ਹੀ (ਆਪਣੇ ਜੀਵਨ ਦੀ) ਓਟ ਤੇ ਆਸਰਾ ਬਣਾਇਆ ਹੈ, ਤੇ ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਦੀ ਕਾਰ ਵਿਚ ਲੱਗ ਪਿਆ ਹਾਂ ।੪।੧੧।੧੪੯ ।
Follow us on Twitter Facebook Tumblr Reddit Instagram Youtube