ਗਉੜੀ ਮਹਲਾ ੫ ॥
ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ ॥
ਸਾਧਸੰਗਤਿ ਮਿਲਿ ਹਰਿ ਰਵਹਿ ਸੇ ਗੁਣੀ ਗਹੀਰ ॥੧॥ ਰਹਾਉ ॥

ਜਾ ਕਉ ਗੁਰਮੁਖਿ ਰਿਦੈ ਬੁਧਿ ॥
ਤਾ ਕੈ ਕਰ ਤਲ ਨਵ ਨਿਧਿ ਸਿਧਿ ॥੧॥

ਜੋ ਜਾਨਹਿ ਹਰਿ ਪ੍ਰਭ ਧਨੀ ॥
ਕਿਛੁ ਨਾਹੀ ਤਾ ਕੈ ਕਮੀ ॥੨॥

ਕਰਣੈਹਾਰੁ ਪਛਾਨਿਆ ॥
ਸਰਬ ਸੂਖ ਰੰਗ ਮਾਣਿਆ ॥੩॥

ਹਰਿ ਧਨੁ ਜਾ ਕੈ ਗ੍ਰਿਹਿ ਵਸੈ ॥
ਕਹੁ ਨਾਨਕ ਤਿਨ ਸੰਗਿ ਦੁਖੁ ਨਸੈ ॥੪॥੯॥੧੪੭॥

Sahib Singh
ਜਾ ਕਉ = ਜਿਸ ਮਨੁੱਖ ਨੂੰ ।
ਤਾਹੂ ਕਉ = ਉਸੇ ਨੂੰ ਹੀ ।
ਪੀਰ = ਪੀੜ, ਦੁੱਖ ।
ਰਵਹਿ = (ਜੋ) ਸਿਮਰਦੇ ਹਨ ।
ਗੁਣੀ = ਗੁਣਾਂ ਦੇ ਮਾਲਕ ।
ਗਹੀਰ = ਡੂੰਘੇ ਜਿਗਰੇ ਵਾਲੇ ।੧।ਰਹਾਉ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਰਿਦੈ = ਹਿਰਦੇ ਵਿਚ ।
ਬੁਧਿ = (ਸਿਮਰਨ ਦੀ) ਅਕਲ ।
ਕਰ = ਹੱਥ ।
ਤਲ = ਤਲੀ ।
ਤਾ ਕੈ ਕਰ ਤਲ = ਉਸ ਦੇ ਹੱਥ ਦੀਆਂ ਤਲੀਆਂ ਉਤੇ ।
ਨਵ ਨਿਧਿ = ਨੌ ਖ਼ਜ਼ਾਨੇ ।
ਸਿਧਿ = ਸਿੱਧੀਆਂ ।੧ ।
ਜਾਨਹਿ = ਜਾਣਦੇ ਹਨ, ਡੂੰਘੀ ਸਾਂਝ ਪਾਂਦੇ ਹਨ ।
ਧਨੀ = ਮਾਲਕ ।
ਤਾ ਕੈ = ਉਹਨਾਂ ਦੇ ਘਰ ਵਿਚ ।
ਕਮੀ = ਘਾਟ ।੨ ।
ਕਰਣੈਹਾਰੁ = ਸਿਰਜਣਹਾਰ ਕਰਤਾਰ ।੩ ।
ਜਾ ਕੈ ਗਿ੍ਰਹਿ = ਜਿਨ੍ਹਾਂ ਦੇ ਹਿਰਦੇ-ਘਰ ਵਿਚ ।
ਤਿਨ ਸੰਗਿ = ਉਹਨਾਂ ਦੀ ਸੰਗਤਿ ਵਿਚ ਰਿਹਾਂ ।੪ ।
    
Sahib Singh
(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਉਸੇ ਨੂੰ ਹੀ ਦੁੱਖ ਆ ਘੇਰਦਾ ਹੈ ।
ਜੇਹੜੇ ਮਨੁੱਖ ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਗੁਣਾਂ ਦੇ ਮਾਲਕ ਬਣ ਜਾਂਦੇ ਹਨ, ਉਹ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ ।੧।ਰਹਾਉ ।
(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਹਿਰਦੇ ਵਿਚ (ਸਿਮਰਨ ਦੀ) ਸੂਝ ਪੈਦਾ ਹੋ ਜਾਂਦੀ ਹੈ, ਉਸ ਮਨੁੱਖ ਦੇ ਹੱਥਾਂ ਦੀਆਂ ਤਲੀਆਂ ਉਤੇ ਨੌ ਹੀ ਖ਼ਜ਼ਾਨੇ ਤੇ ਸਾਰੀਆਂ ਸਿੱਧੀਆਂ (ਆ ਟਿਕਦੀਆਂ ਹਨ) ।੧ ।
(ਹੇ ਭਾਈ!) ਜੇਹੜੇ ਮਨੁੱਖ (ਸਭ ਖ਼ਜ਼ਾਨਿਆਂ ਦੇ) ਮਾਲਕ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਉਹਨਾਂ ਦੇ ਘਰ ਵਿਚ ਕਿਸੇ ਚੀਜ਼ ਦੀ ਕੋਈ ਥੁੜ ਨਹੀਂ ਰਹਿੰਦੀ ।੨ ।
(ਹੇ ਭਾਈ!) ਜਿਸ ਮਨੁੱਖ ਨੇ ਸਿਰਜਣਹਾਰ ਕਰਤਾਰ ਨਾਲ ਸਾਂਝ ਪਾ ਲਈ, ਉਹ ਆਤਮਕ ਸੁਖ ਤੇ ਆਨੰਦ ਮਾਣਦਾ ਹੈ ।੩ ।
ਹੇ ਨਾਨਕ! ਆਖ—ਜਿਨ੍ਹਾਂ ਮਨੁੱਖਾਂ ਦੇ ਹਿਰਦੇ-ਘਰ ਵਿਚ ਪਰਮਾਤਮਾ ਦਾ ਨਾਮ-ਧਨ ਆ ਵੱਸਦਾ ਹੈ, ਉਹਨਾਂ ਦੀ ਸੰਗਤਿ ਵਿਚ ਰਿਹਾਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ ।੪।੯।੧੪੭ ।
Follow us on Twitter Facebook Tumblr Reddit Instagram Youtube