ਗਉੜੀ ਮਹਲਾ ੫ ॥
ਬਾਰਨੈ ਬਲਿਹਾਰਨੈ ਲਖ ਬਰੀਆ ॥
ਨਾਮੋ ਹੋ ਨਾਮੁ ਸਾਹਿਬ ਕੋ ਪ੍ਰਾਨ ਅਧਰੀਆ ॥੧॥ ਰਹਾਉ ॥

ਕਰਨ ਕਰਾਵਨ ਤੁਹੀ ਏਕ ॥
ਜੀਅ ਜੰਤ ਕੀ ਤੁਹੀ ਟੇਕ ॥੧॥

ਰਾਜ ਜੋਬਨ ਪ੍ਰਭ ਤੂੰ ਧਨੀ ॥
ਤੂੰ ਨਿਰਗੁਨ ਤੂੰ ਸਰਗੁਨੀ ॥੨॥

ਈਹਾ ਊਹਾ ਤੁਮ ਰਖੇ ॥
ਗੁਰ ਕਿਰਪਾ ਤੇ ਕੋ ਲਖੇ ॥੩॥

ਅੰਤਰਜਾਮੀ ਪ੍ਰਭ ਸੁਜਾਨੁ ॥
ਨਾਨਕ ਤਕੀਆ ਤੁਹੀ ਤਾਣੁ ॥੪॥੫॥੧੪੩॥

Sahib Singh
ਬਾਰਨੈ = ਵਾਰਨੇ, ਸਦਕੇ ।
ਬਰੀਆ = ਵਾਰੀ ।
ਹੋ = ਹੇ ਭਾਈ !
ਨਾਮੋ = ਨਾਮ ਹੀ ।
ਕੋ = ਦਾ ।
ਪ੍ਰਾਨ ਅਧਰੀਆ = ਜਿੰਦ ਦਾ ਆਸਰਾ ।੧।ਰਹਾਉ ।
ਤੁਹੀ = ਹੇ ਪ੍ਰਭੂ !
    ਤੂੰ ਹੀ ।
ਜੀਅ ਟੇਕ = ਜੀਵਾਂ ਦਾ ਆਸਰਾ ।੧ ।
ਧਨੀ = ਮਾਲਕ ।
ਨਿਰਗੁਨੁ = ਮਾਇਆ ਦੇ ਗੁਣਾਂ ਤੋਂ ਰਹਿਤ, ਅਦਿ੍ਰਸ਼ਟ-ਰੂਪ ।
ਸਰਗੁਨੀ = ਇਹ ਸਾਰਾ ਜਗਤ ਜਿਸ ਦਾ ਸਰੂਪ ਹੈ ।੨ ।
ਈਹਾ = ਇਸ ਲੋਕ ਵਿਚ ।
ਊਹਾ = ਪਰਲੋਕ ਵਿਚ ।
ਤੇ = ਤੋਂ, ਨਾਲ ।
ਕੋ = ਕੋਈ ਵਿਰਲਾ ।
ਲਖੇ = ਸਮਝਦਾ ਹੈ ।੩ ।
ਪ੍ਰਭ = ਹੇ ਪ੍ਰਭੂ !
ਸੁਜਾਨੁ = ਸਿਆਣਾ ।
ਤਕੀਆ = ਸਹਾਰਾ ।
ਤਾਣੁ = ਬਲ, ਤਾਕਤ ।੪ ।
    
Sahib Singh
ਹੇ ਭਾਈ! ਮੈਂ (ਪਰਮਾਤਮਾ ਦੇ ਨਾਮ ਤੋਂ) ਲੱਖਾਂ ਵਾਰੀ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ।
ਮਾਲਕ-ਪ੍ਰਭੂ ਦਾ ਨਾਮ ਹੀ ਨਾਮ ਜੀਵਾਂ ਦੀਆਂ ਜਿੰਦਾਂ ਦਾ ਆਸਰਾ ਹੈ ।੧।ਰਹਾਉ ।
ਹੇ ਪ੍ਰਭੂ! ਸਿਰਫ਼ ਤੂੰ ਹੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ, ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈਂ, ਤੂੰ ਹੀ ਸਾਰੇ ਜੀਵਾਂ-ਜੰਤਾਂ ਦਾ ਸਹਾਰਾ ਹੈਂ ।੧ ।
ਹੇ ਪ੍ਰਭੂ! ਤੂੰ ਹੀ ਹਕੂਮਤ ਦਾ ਮਾਲਕ ਹੈਂ, ਤੂੰ ਹੀ ਜਵਾਨੀ ਦਾ ਮਾਲਕ ਹੈਂ (ਤੈਥੋਂ ਹੀ ਜੀਵ ਦੁਨੀਆ ਵਿਚਹਕੂਮਤ ਕਰਨ ਦੀ ਦਾਤਿ ਲੈਂਦੇ ਹਨ, ਤੈਥੋਂ ਹੀ ਜਵਾਨੀ ਪ੍ਰਾਪਤ ਕਰਦੇ ਹਨ) ।
(ਜਦੋਂ ਜਗਤ ਨਹੀਂ ਸੀ ਬਣਿਆ) ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਭੀ ਤੂੰ ਹੈਂ, (ਹੁਣ ਤੂੰ ਜਗਤ ਰਚ ਦਿੱਤਾ ਹੈ) ਇਹ ਦਿੱਸਦਾ ਆਕਾਰ ਮਾਇਆ ਦੇ ਤਿੰਨਾਂ ਗੁਣਾਂ ਵਾਲਾ—ਇਹ ਭੀ ਤੂੰ ਆਪ ਹੀ ਹੈਂ ।੨ ।
(ਹੇ ਪ੍ਰਭੂ! ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਦੀ ਰੱਖਿਆ ਕਰਦਾ ਹੈਂ, (ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਦਾ ਹੈ ।੩ ।
ਹੇ ਪ੍ਰਭੂ! ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਹੀ ਸਿਆਣਾ ਹੈਂ ।
ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਤਾਣ ਤੂੰ ਹੀ ਹੈਂ ।੪।੫।੧੪੩ ।
Follow us on Twitter Facebook Tumblr Reddit Instagram Youtube