ਗਉੜੀ ਮਹਲਾ ੫ ॥
ਦੀਬਾਨੁ ਹਮਾਰੋ ਤੁਹੀ ਏਕ ॥
ਸੇਵਾ ਥਾਰੀ ਗੁਰਹਿ ਟੇਕ ॥੧॥ ਰਹਾਉ ॥

ਅਨਿਕ ਜੁਗਤਿ ਨਹੀ ਪਾਇਆ ॥
ਗੁਰਿ ਚਾਕਰ ਲੈ ਲਾਇਆ ॥੧॥

ਮਾਰੇ ਪੰਚ ਬਿਖਾਦੀਆ ॥
ਗੁਰ ਕਿਰਪਾ ਤੇ ਦਲੁ ਸਾਧਿਆ ॥੨॥

ਬਖਸੀਸ ਵਜਹੁ ਮਿਲਿ ਏਕੁ ਨਾਮ ॥
ਸੂਖ ਸਹਜ ਆਨੰਦ ਬਿਸ੍ਰਾਮ ॥੩॥

ਪ੍ਰਭ ਕੇ ਚਾਕਰ ਸੇ ਭਲੇ ॥
ਨਾਨਕ ਤਿਨ ਮੁਖ ਊਜਲੇ ॥੪॥੩॥੧੪੧॥

Sahib Singh
ਦੀਬਾਨੁ = ਹਾਕਮ, ਆਸਰਾ ।
ਥਾਰੀ = ਤੇਰੀ ।
ਗੁਰਹਿ = ਗੁਰੂ ਦੀ ।
ਟੇਕ = ਓਟ ।੧।ਰਹਾਉ ।
ਜੁਗਤਿ = ਢੰਗ, ਤਰੀਕੇ ।
ਗੁਰਿ = ਗੁਰੂ ਨੇ ।
ਚਾਕਰ = ਨੌਕਰ, ਸੇਵਕ ।੧ ।
ਬਿਖਾਦੀ = ਝਗੜਾਲੂ ।
ਦਲੁ = ਫ਼ੌਜ ।
ਸਾਧਿਆ = ਕਾਬੂ ਕਰ ਲਿਆ ।੨ ।
ਬਖਸੀਸ = ਦਾਨ ।
ਵਜਹੁ = ਦੇ ਤੌਰ ਤੇ ।
ਮਿਲਿ = ਮਿਲੈ, ਮਿਲ ਜਾਏ ।
ਸਹਜ = ਆਤਮਕ ਅਡੋਲਤਾ ।੩ ।
ਸੇ = {ਬਹੁ = ਵਚਨ} ਉਹ ਬੰਦੇ ।
ਊਜਲੇ = ਰੋਸ਼ਨ, ਚਮਕਦੇ ।੪ ।
    
Sahib Singh
ਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ ਆਸਰਾ ਹੈਂ ।
ਗੁਰੂ ਦੀ ਓਟ ਲੈ ਕੇ ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ ।੧।ਰਹਾਉ ।
ਹੇ ਪ੍ਰਭੂ! (ਹੋਰ ਹੋਰ) ਅਨੇਕਾਂ ਢੰਗਾਂ ਨਾਲ ਮੈਂ ਤੈਨੂੰ ਨਹੀਂ ਲੱਭ ਸਕਿਆ ।
(ਹੁਣ) ਗੁਰੂ ਨੇ (ਮਿਹਰ ਕਰ ਕੇ ਮੈਨੂੰ) ਤੇਰਾ ਚਾਕਰ ਬਣਾ ਕੇ (ਤੇਰੀ ਚਰਨੀਂ) ਲਾ ਦਿੱਤਾ ਹੈ ।੧ ।
(ਹੇ ਪ੍ਰਭੂ! ਹੁਣ ਮੈਂ ਕਾਮਾਦਿਕ) ਪੰਜੇ ਝਗੜਾਲੂ ਵੈਰੀ ਮਾਰ ਮੁਕਾਏ ਹਨ, ਗੁਰੂ ਦੀ ਮਿਹਰ ਨਾਲ ਮੈਂ (ਇਹਨਾਂ ਪੰਜਾਂ ਦੀ) ਫ਼ੌਜ ਕਾਬੂ ਕਰ ਲਈ ਹੈ ।੨ ।
(ਹੇ ਪ੍ਰਭੂ! ਜਿਸ ਮਨੁੱਖ ਨੂੰ) ਸਿਰਫ਼ ਤੇਰਾ ਨਾਮ ਬਖ਼ਸ਼ੀਸ਼ ਦੇ ਤੌਰ ਤੇ ਮਿਲ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਵੱਸ ਪੈਂਦੇ ਹਨ ।
ਹੇ ਨਾਨਕ! (ਆਖ—ਜੇਹੜੇ ਮਨੁੱਖ) ਪਰਮਾਤਮਾ ਦੇ ਸੇਵਕ ਬਣਦੇ ਹਨ, ਉਹ ਭਾਗਾਂ ਵਾਲੇ ਹੋ ਜਾਂਦੇ ਹਨ (ਪਰਮਾਤਮਾ ਦੇ ਦਰਬਾਰ ਵਿਚ) ਉਹਨਾਂ ਦੇ ਮੂੰਹ ਰੋਸ਼ਨ ਹੁੰਦੇ ਹਨ ।੪।੩।੧੪੧ ।
Follow us on Twitter Facebook Tumblr Reddit Instagram Youtube