ਰਾਗੁ ਗਉੜੀ ਚੇਤੀ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥
ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧਸੰਗਤਿ ਜਪਿ ਇਕ ਖਿਨਾ ॥੧॥ ਰਹਾਉ ॥

ਸੁਤ ਸੰਪਤਿ ਬਨਿਤਾ ਬਿਨੋਦ ॥
ਛੋਡਿ ਗਏ ਬਹੁ ਲੋਗ ਭੋਗ ॥੧॥

ਹੈਵਰ ਗੈਵਰ ਰਾਜ ਰੰਗ ॥
ਤਿਆਗਿ ਚਲਿਓ ਹੈ ਮੂੜ ਨੰਗ ॥੨॥

ਚੋਆ ਚੰਦਨ ਦੇਹ ਫੂਲਿਆ ॥
ਸੋ ਤਨੁ ਧਰ ਸੰਗਿ ਰੂਲਿਆ ॥੩॥

ਮੋਹਿ ਮੋਹਿਆ ਜਾਨੈ ਦੂਰਿ ਹੈ ॥
ਕਹੁ ਨਾਨਕ ਸਦਾ ਹਦੂਰਿ ਹੈ ॥੪॥੧॥੧੩੯॥

Sahib Singh
ਰੇ = ਹੇ ਭਾਈ !
ਜੀਤਿ = ਜਿੱਤ ਲੈ ।
ਅਮੋਲਕੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ ।੧।ਰਹਾਉ ।
ਸੁਤ = ਪੁੱਤਰ ।
ਸੰਪਤਿ = ਧਨ = ਪਦਾਰਥ ।
ਬਿਨੋਦ = ਲਾਡ = ਪਿਆਰ ।
ਬਨਿਤਾ = ਇਸਤ੍ਰੀ ।੧ ।
ਹੈਵਰ = {ਹਯ = ਵਰ} ਵਧੀਆ ਘੋੜੇ ।
ਗੈਵਰ {ਗਜ = ਵਰ} ਵਧੀਆ ਹਾਥੀ ।
ਮੂੜ = ਮੂਰਖ ।੨ ।
ਚੋਆ = ਅਤਰ ।
ਦੇਹ = ਸਰੀਰ ।
ਫੂਲਿਆ = ਹੰਕਾਰੀ ਹੋਇਆ ।
ਧਰ ਸੰਗਿ = ਧਰਤੀ ਨਾਲ ।੩ ।
ਮੋਹਿ = ਮੋਹ ਵਿਚ ।
ਹਦੂਰਿ = ਹਾਜ਼ਰ = ਨਾਜ਼ਰ, ਅੰਗ-ਸੰਗ ।੪ ।
    
Sahib Singh
(ਹੇ ਭਾਈ!) ਪਰਮਾਤਮਾ ਦੀ ਭਗਤੀ ਤੋਂ ਬਿਨਾ (ਹੋਰ ਕਿਸੇ ਤਰੀਕੇ ਨਾਲ) ਸੁਖ ਨਹੀਂ ਮਿਲ ਸਕਦਾ ।
(ਇਸ ਵਾਸਤੇ) ਸਾਧ ਸੰਗਤਿ ਵਿਚ ਮਿਲ ਕੇ ਪਲ ਪਲ ਪਰਮਾਤਮਾ ਦਾ ਨਾਮ ਜਪ ਤੇ ਇਹ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲੈ ।
ਇਹ (ਮਨੁੱਖਾ ਜਨਮ) ਇਕ ਐਸਾ ਰਤਨ ਹੈ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ (ਜੋ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ) ।੧।ਰਹਾਉ ।
(ਹੇ ਭਾਈ!) ਪੁੱਤਰ, ਧਨ, ਪਦਾਰਥ, ਇਸਤ੍ਰੀ ਦੇ ਲਾਡ-ਪਿਆਰ—ਅਨੇਕਾਂ ਲੋਕ ਇਹੋ ਜਿਹੇ ਮੌਜ-ਮੇਲੇ ਛੱਡ ਕੇ (ਇਥੋਂ) ਚਲੇ ਗਏ (ਤੇ ਚਲੇ ਜਾਣਗੇ) ।੧ ।
(ਹੇ ਭਾਈ!) ਵਧੀਆ ਘੋੜੇ, ਵਧੀਆ ਹਾਥੀ ਤੇ ਹਕੂਮਤ ਦੀਆਂ ਮੌਜਾਂ—ਮੂਰਖ ਮਨੁੱਖ ਇਹਨਾਂ ਨੂੰ ਛੱਡ ਕੇ (ਆਖਿ਼ਰ) ਨੰਗਾ ਹੀ (ਇਥੋਂ) ਤੁਰ ਪੈਂਦਾ ਹੈ ।੨ ।
(ਹੇ ਭਾਈ! ਮਨੁੱਖ ਆਪਣੇ) ਸਰੀਰ ਨੂੰ ਅਤਰ ਤੇ ਚੰਦਨ (ਆਦਿਕ ਲਾ ਕੇ) ਮਾਣ ਕਰਦਾ ਹੈ (ਪਰ ਇਹ ਨਹੀਂ ਸਮਝਦਾ ਕਿ) ਉਹ ਸਰੀਰ (ਆਖਿ਼ਰ) ਮਿੱਟੀ ਵਿਚ ਰੁਲ ਜਾਂਦਾ ਹੈ ।੩ ।
(ਹੇ ਭਾਈ! ਮਾਇਆ ਦੇ) ਮੋਹ ਵਿਚ ਫਸਿਆ ਮਨੁੱਖ ਸਮਝਦਾ ਹੈ (ਕਿ ਪਰਮਾਤਮਾ ਕਿਤੇ) ਦੂਰ ਵੱਸਦਾ ਹੈ ।(ਪਰ) ਹੇ ਨਾਨਕ! ਆਖ—ਪਰਮਾਤਮਾ ਸਦਾ (ਹਰੇਕ ਜੀਵ ਦੇ ਅੰਗ ਸੰਗ ਵੱਸਦਾ ਹੈ ।੪।੧।੧੩੯ ।
Follow us on Twitter Facebook Tumblr Reddit Instagram Youtube