ਗਉੜੀ ਮਹਲਾ ੫ ॥
ਸਹਜਿ ਸਮਾਇਓ ਦੇਵ ॥
ਮੋ ਕਉ ਸਤਿਗੁਰ ਭਏ ਦਇਆਲ ਦੇਵ ॥੧॥ ਰਹਾਉ ॥

ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ ॥
ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ ॥੧॥

ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ ॥
ਅੰਮ੍ਰਿਤੁ ਨਾਮੁ ਪੀਓ ਮਨੁ ਤ੍ਰਿਪਤਿਆ ਅਨਭੈ ਠਹਰਾਇਓ ॥੨॥

ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ ॥
ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ ਸਭੁ ਆਨਦ ਰੂਪੁ ਦਿਖਾਇਓ ॥੩॥

ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ ॥
ਕਹੁ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਿ ਨਾਇਓ ॥੪॥੧੫॥੧੩੬॥

Sahib Singh
ਸਹਜਿ = ਆਤਮਕ ਅਡੋਲਤਾ ਵਿਚ ।
ਦੇਵ = ਹੇ ਪ੍ਰਕਾਸ਼ = ਰੂਪ ਪ੍ਰਭੂ !
    ।੧।ਰਹਾਉ ।
ਕਾਟਿ = ਕੱਟ ਕੇ ।
ਜੇਵਰੀ = ਮਾਇਆ ਦੀ ਫਾਹੀ ।
ਕੋ = ਦਾ ।
ਥੀਓ = ਹੋ ਗਿਆ ਹਾਂ ।
ਗੁਰਹਿ = ਗੁਰੂ ਨੇ ।੧ ।
ਮਨਹਿ = ਮਨ ਵਿਚ ।
ਤਿ੍ਰਪਤਿਆ = ਰੱਜ ਗਿਆ ਹੈ ।
ਅਨਭੈ = ਅਨਭਉ ਵਿਚ, ਉਸ ਪ੍ਰਭੂ ਵਿਚ ਜਿਸ ਨੂੰ ਕੋਈ ਭਉ ਪੋਹ ਨਹੀਂ ਸਕਦਾ, {ਅਨਭਉ—ਅਨ ਭਉ, ਭਉ ਤੋਂ ਬਿਨਾ} ।੨ ।
ਮਾਨਿ = ਮੰਨ ਕੇ ।
ਦੂਖਹ ਠਾਉ = ਦੁੱਖਾਂ ਦਾ ਥਾਂ, ਦੁੱਖਾਂ ਦਾ ਨਾਮ-ਨਿਸ਼ਾਨ ।
ਸਭੁ = ਹਰ ਥਾਂ ।੩ ।
ਜਾਵਤ = ਮਰਦਾ ।
ਸਭੁ = ਸਾਰਾ ।
ਖੇਲੁ = ਤਮਾਸ਼ਾ ।
ਅਗਮ = ਅਪਹੁੰਚ ।
ਹਰਿ ਨਾਇਓ = ਹਰੀ ਦੇ ਨਾਮ ਦੀ ।੪ ।
    
Sahib Singh
ਹੇ ਪ੍ਰਕਾਸ਼-ਰੂਪ ਪ੍ਰਭੂ! (ਤੇਰੀ ਮਿਹਰ ਨਾਲ) ਮੇਰੇ ਉਤੇ ਸਤਿਗੁਰੂ ਜੀ ਦਇਆਵਾਨ ਹੋ ਗਏ, ਤੇ ਮੈਂ ਹੁਣ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹਾਂ ।੧।ਰਹਾਉ ।
(ਹੇ ਪ੍ਰਭੂ!) ਗੁਰੂ ਨੇ ਮੈਨੂੰ ਤੇਰਾ (ਹਰ ਥਾਂ ਵਿਆਪਕ) ਅਸਚਰਜ ਰੂਪ ਵਿਖਾ ਦਿੱਤਾ ਹੈ, ਉਸ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਮੈਨੂੰ ਤੇਰਾ ਦਾਸ ਬਣਾ ਦਿੱਤਾ ਹੈ, ਮੈਨੂੰ ਸੰਤ ਜਨਾਂ ਦੀ ਸੇਵਾ ਵਿਚ ਲਾ ਦਿੱਤਾ ਹੈ, ਹੁਣ ਮੈਂ ਸਿਰਫ਼ ਤੇਰੇ ਹੀ ਨਾਮ ਦਾ ਪੁਜਾਰੀ ਬਣ ਗਿਆ ਹਾਂ ।੧ ।
(ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ ਮੇਰੇ ਮਨ ਵਿਚ ਪਰਗਟ ਹੋ ਗਿਆ, ਤਾਂ ਮੇਰੇ ਅੰਦਰ ਪਰਮਾਤਮਾ ਦੀ ਹੋਂਦ ਦਾ ਚਾਨਣ ਹੋ ਗਿਆ, ਮੈਨੂੰ ਸਭ ਥਾਂ ਉਸੇ ਦਾ ਚਾਨਣ ਦਿੱਸ ਪਿਆ ।
ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਪੀਤਾ ਹੈ, ਤੇ ਮੇਰਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਿਆ ਹੈ ।
ਮੈਂ ਉਸ ਪਰਮਾਤਮਾ ਵਿਚ ਟਿਕ ਗਿਆ ਹਾਂ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ ।੨ ।
(ਹੇ ਭਾਈ!) ਗੁਰੂ ਦਾ ਹੁਕਮ ਮੰਨ ਕੇ ਮੈਂ ਸਾਰੇ ਸੁਖ-ਆਨੰਦ ਪ੍ਰਾਪਤ ਕਰ ਲਏ ਹਨ, ਮੈਂ ਆਪਣੇ ਅੰਦਰੋਂ ਦੁੱਖਾਂ ਦਾ ਡੇਰਾ ਹੀ ਉਠਾ ਦਿੱਤਾ ਹੈ ।
ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਠਾਕੁਰ-ਪ੍ਰਭੂ ਜੀ ਮੇਰੇ ਉਤੇ ਮਿਹਰਬਾਨ ਹੋਏ ਹਨ, ਮੈਨੂੰ ਹਰ ਥਾਂ ਉਹ ਆਨੰਦ-ਸਰੂਪ ਪਰਮਾਤਮਾ ਹੀ ਦਿੱਸ ਰਿਹਾ ਹੈ ।੩ ।
(ਹੇ ਭਾਈ! ਜਦੋਂ ਤੋਂ ਸਤਿਗੁਰੂ ਜੀ ਮੇਰੇ ਉਤੇ ਦਇਆਵਾਨ ਹੋਏ ਹਨ, ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ, ਇਹ ਸਾਰਾ ਤਾਂ ਪ੍ਰਭੂ-ਪਾਤਿਸ਼ਾਹ ਨੇ ਇਕ ਖੇਲ ਰਚਾਇਆ ਹੋਇਆ ਹੈ ।
ਹੇ ਨਾਨਕ! ਆਖ—ਸਰਬ-ਪਾਲਕ ਪਰਮਾਤਮਾ ਅਪਹੁੰਚ ਹੈ, ਸਭ ਜੀਵਾਂ ਦੀ ਪਹੁੰਚ ਤੋਂ ਪਰੇ ਹੈ ।
ਉਸ ਦੇਭਗਤਾਂ ਨੂੰ ਉਸ ਹਰੀ ਦੇ ਨਾਮ ਦਾ ਹੀ ਸਹਾਰਾ ਹੈ ।੪।੧੫।੧੩੬ ।
Follow us on Twitter Facebook Tumblr Reddit Instagram Youtube