ਗਉੜੀ ਮਹਲਾ ੫ ॥
ਦਇਆ ਮਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ ॥
ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ ਉਕਤਿ ਨ ਮੋਰੀ ॥੧॥ ਰਹਾਉ ॥

ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ॥੧॥

ਅਪੁਨੇ ਸੇਵਕ ਸੰਗਿ ਤੁਮ ਪ੍ਰਭ ਰਾਤੇ ਓਤਿ ਪੋਤਿ ਭਗਤਨ ਸੰਗਿ ਜੋਰੀ ॥
ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ ਦ੍ਰਿਸਟਿ ਓਹ ਚੰਦ ਚਕੋਰੀ ॥੨॥

ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ॥
ਜਾ ਕੈ ਹੀਐ ਪ੍ਰਗਟੁ ਪ੍ਰਭੁ ਹੋਆ ਅਨਦਿਨੁ ਕੀਰਤਨੁ ਰਸਨ ਰਮੋਰੀ ॥੩॥

ਤੁਮ ਸਮਰਥ ਅਪਾਰ ਅਤਿ ਊਚੇ ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ॥
ਨਾਨਕ ਕਉ ਪ੍ਰਭ ਕੀਜੈ ਕਿਰਪਾ ਉਨ ਸੰਤਨ ਕੈ ਸੰਗਿ ਸੰਗੋਰੀ ॥੪॥੧੩॥੧੩੪॥

Sahib Singh
ਮਇਆ = ਕਿਰਪਾ ।
ਪ੍ਰਾਨਪਤਿ ਮੋਰੇ = ਹੇ ਮੇਰੀ ਜਿੰਦ ਦੇ ਮਾਲਕ !
ਮੋਹਿ = ਮੈਂ ।
ਪ੍ਰਭ = ਹੇ ਪ੍ਰਭੂ !
ਕੂਪ = ਖੂਹ ।
ਅੰਧ = ਅੰਨ੍ਹਾ, ਹਨੇਰਾ ।
ਦੇ = ਦੇ ਕੇ ।
ਉਕਤਿ = ਦਲੀਲ ।
ਮੋਰੀ = ਮੇਰੀ ।੧।ਰਹਾਉ ।
ਸਮਰਥ = ਹਰੇਕ ਕਿਸਮ ਦੀ ਤਾਕਤ ਰੱਖਣ ਵਾਲਾ ।
ਅਨ = {ਅਂਯ} ਕੋਈ ਦੂਸਰਾ ।
ਗਤਿ = ਹਾਲਤ ।
ਮਿਤਿ = ਅੰਦਾਜ਼ਾ, ਮਾਪ ।
ਜਿਨ ਮਥੋਰੀ = ਜਿਨ੍ਹਾਂ ਦੇ ਮੱਥੇ ਉਤੇ ।੧ ।
ਪ੍ਰਭ = ਹੇ ਪ੍ਰਭੂ !
ਰਾਤੇ = ਰੱਤੇ ਹੋਏ, ਪਿਆਰ ਕਰਦੇ ।
ਓਤਿ = ਉਣੇ ਹੋਏ ਵਿਚ ।
ਪੋਤਿ = ਪ੍ਰੋਤਿ, ਪ੍ਰੋਤੇ ਹੋਏ ਵਿਚ ।
ਜੋਰੀ = ਜੋੜੀ ਹੋਈ ਹੈ ।
ਪਿ੍ਰਉ ਪਿ੍ਰਉ = ‘ਪਿਆਰਾ ਪ੍ਰਭੂ, ਪਿਆਰਾ ਪ੍ਰਭੂ’ (ਆਖ ਆਖ ਕੇ) ।
ਦਿ੍ਰਸਟਿ = ਨਿਗਾਹ ।
ਓਹ ਦਿ੍ਰਸਟਿ = ਉਹੋ ਨਜ਼ਰ ।੨ ।
ਭੇਦੁ = ਫ਼ਰਕ ।
ਜਾ ਕੈ ਹੀਐ = ਜਿਸ ਮਨੁੱਖ ਦੇ ਹਿਰਦੇ ਵਿਚ ।
ਅਨਦਿਨੁ = ਹਰ ਰੋਜ਼ ।
ਰਸਨ = ਜੀਭ (ਨਾਲ) ।
ਰਮੋਰੀ = ਰਮਦਾ ਹੈ, ਸਿਮਰਦਾ ਹੈ ।੩ ।
ਪ੍ਰਾਨ ਅਧੋਰੀ = ਪ੍ਰਾਣਾਂ ਦਾ ਆਧਾਰ ।
ਕਉ = ਨੂੰ, ਉਤੇ ।
ਸੰਗਿ = ਮੇਲਿ ਵਿਚ ।੪ ।
    
Sahib Singh
ਹੇ ਮੇਰੀ ਜਿੰਦ ਦੇ ਮਾਲਕ! (ਮੇਰੇ ਉਤੇ) ਦਇਆ ਕਰ ਮਿਹਰ ਕਰ ।
ਹੇ ਪ੍ਰਭੂ! ਮੈਂ ਅਨਾਥ ਤੇਰੀ ਸਰਨ ਆਇਆ ਹਾਂ ।
(ਮੈਂ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚ ਡਿੱਗਾ ਪਿਆ ਹਾਂ, ਆਪਣਾ) ਹੱਥ ਦੇ ਕੇ ਮੈਨੂੰ (ਇਸ ਹਨੇਰੇ ਖੂਹ ਵਿਚੋਂ) ਬਚਾ ਲੈ ।
ਮੇਰੀ ਕੋਈ ਸਿਆਣਪ ਮੇਰੀ ਕੋਈ ਦਲੀਲ (ਇਥੇ) ਨਹੀਂ ਚੱਲ ਸਕਦੀ ।੧।ਰਹਾਉ ।
ਹੇ ਮੇਰੇ ਪ੍ਰਭੂ! (ਸਭ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਸਭ ਕੁਝ ਕਰ ਰਿਹਾ ਹੈਂ, ਤੂੰ ਆਪ ਹੀ ਸਭ ਕੁਝ ਕਰਾ ਰਿਹਾ ਹੈਂ, ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਤੇਰੇ ਬਰਾਬਰ ਦਾ ਕੋਈ ਹੋਰ ਦੂਜਾ ਨਹੀਂ ਹੈ ।
(ਹੇ ਪ੍ਰਭੂ!) ਤੂੰ ਕਿਹੋ ਜਿਹਾ ਹੈਂ ਤੂੰ ਕੇਡਾ ਵੱਡਾ ਹੈਂ—ਇਹ ਭੇਦ ਤੂੰ ਆਪ ਹੀ ਜਾਣਦਾ ਹੈਂ ।
ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ (ਤੇਰੀ ਬਖ਼ਸ਼ਸ਼ ਦੇ) ਭਾਗ ਜਾਗਦੇ ਹਨ, ਉਹ ਤੇਰੇ ਸੇਵਕ ਬਣ ਜਾਂਦੇ ਹਨ ।੧ ।
ਹੇ ਮੇਰੇ ਪ੍ਰਭੂ! ਤੂੰ ਆਪਣੇ ਸੇਵਕਾਂ ਨਾਲ ਸਦਾ ਪਿਆਰ ਕਰਦਾ ਹੈਂ, ਆਪਣੇ ਭਗਤਾਂ ਨਾਲ ਤੂੰ ਆਪਣੀ ਪ੍ਰੀਤਿ ਇਉਂ ਜੋੜੀ ਹੋਈ ਹੈ ਜਿਵੇਂ ਤਾਣੇ ਪੇਟੇ ਵਿਚ ਧਾਗੇ ਮਿਲੇ ਹੁੰਦੇ ਹਨ ਜਿਵੇਂ ਚਕੋਰ ਦੀ ਨਿਗਾਹ ਚੰਦ ਵਲ ਰਹਿੰਦੀ ਹੈ, ਉਹੀ ਨਿਗਾਹ ਤੇਰੇ ਭਗਤ ਦੀ ਹੁੰਦੀ ਹੈ ।
ਤੇਰਾ ਭਗਤ ਤੈਨੂੰ ‘ਪਿਆਰਾ ਪਿਆਰਾ’ ਆਖ ਆਖ ਕੇ ਤੇਰਾ ਨਾਮ ਜਪਦਾ ਹੈ, ਤੇ ਤੇਰਾ ਦੀਦਾਰ ਲੋਚਦਾ ਹੈ ।੨ ।
(ਹੇ ਭਾਈ!) ਪਰਮਾਤਮਾ ਤੇ ਪਰਮਾਤਮਾ ਦੇ ਸੰਤ ਵਿਚ ਕੋਈ ਫ਼ਰਕ ਨਹੀਂ ਹੁੰਦਾ, ਪਰ ਇਹੋ ਜਿਹਾ ਮਨੁੱਖ ਕਈ ਲੱਖਾਂ ਕ੍ਰੋੜਾਂ ਵਿਚੋਂ ਕੋਈ ਇੱਕ ਹੀ ਹੁੰਦਾ ਹੈ ।
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪਣਾ ਪਰਕਾਸ਼ ਕਰਦਾ ਹੈ, ਉਹ ਮਨੁੱਖ ਹਰ ਵੇਲੇ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਉਚਾਰਦਾ ਰਹਿੰਦਾ ਹੈ ।੩ ।
ਹੇ ਮੇਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ! ਹੇ ਬੇਅੰਤ ਉੱਚੇ! ਹੇ ਸਭ ਨੂੰ ਸੁਖ ਦੇਣ ਵਾਲੇ! ਤੂੰ ਸਭ ਤਾਕਤਾਂ ਦਾ ਮਾਲਕ ਹੈਂ ।
ਹੇ ਪ੍ਰਭੂ! ਮੈਂ ਨਾਨਕ ਉਤੇ ਕਿਰਪਾ ਕਰ, ਮੈਨੂੰ ਉਹਨਾਂ ਸੰਤ ਜਨਾਂ ਦੀ ਸੰਗਤਿ ਵਿਚ ਥਾਂ ਦੇਈ ਰੱਖ ।੪।੧੩।੧੩੪ ।
Follow us on Twitter Facebook Tumblr Reddit Instagram Youtube