ਗਉੜੀ ਮਹਲਾ ੫ ॥
ਓਹੁ ਅਬਿਨਾਸੀ ਰਾਇਆ ॥
ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ ॥੧॥ ਰਹਾਉ ॥

ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥
ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ ॥੧॥

ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥
ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ ॥੨॥

ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥
ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥੩॥

ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ ॥
ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ ॥੪॥

ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ ॥
ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ ॥੫॥੫॥੧੨੬॥

Sahib Singh
ਰਾਇਆ = ਰਾਜਾ ।
ਸੰਗਿ ਤੁਮਾਰੈ = ਤੇਰੇ ਨਾਲ ।
ਕਹਾ ਤੇ = ਕਿਥੋਂ ?
    ।੧।ਰਹਾਉ ।
ਮਹਲਿ = ਸਰੀਰ ਵਿਚ ।
ਅਫਾਰੋ = ਅਹੰਕਾਰੀ ।
ਨਿਮਾਨੋ = ਮਾਣ = ਰਹਿਤ ।
ਆਪੇ ਆਪੇ = ਆਪ ਹੀ ਆਪ, ਪੂਰਾ ਮਾਲਕ, ਸਭ ਇਖ਼ਤਿਆਰਾਂ ਵਾਲਾ ।੧ ।
ਬਕਤਾ = ਚੰਗਾ ਬੋਲ ਸਕਣ ਵਾਲਾ ।
ਖਲੁ = ਮੂਰਖ ।
ਗ੍ਰਾਹਜੁ = ਲੈ ਲੈਣ ਵਾਲਾ ।੨ ।
ਪੁਤਰੀ = ਪੁਤਲੀ ।
ਕਹਾ ਕਰੈ = ਕੀਹ ਕਰ ਸਕਦੀ ਹੈ ?
ਭੇਖੁ = ਸਾਂਗ ।
ਸਾਜੁ = ਬਨਾਵਟ ।
ਆਨੈ = ਲਿਆਉਂਦਾ ਹੈ ।੩ ।
ਕਰੀਆ = ਬਣਾਈਆਂ ।
ਤੈਸੈ = ਉਹੋ ਜਿਹੇ (ਮਹਲ) ਵਿਚ ।
ਇਹੁ = ਇਹ ਜੀਵ ।੪ ।
ਜਿਨਿ = ਜਿਸ (ਪਰਮਾਤਮਾ) ਨੇ ।
ਸਭ ਬਿਧਿ = ਸਾਰੀ ਰਚਨਾ ।
ਸਾਜੀ = ਰਚੀ ।
ਕੀਮਤ ਅਪੁਨੈ ਕਾਜੀ = ਆਪਣੇ ਕਾਜਾਂ (ਕੰਮਾਂ) ਦੀ ਕੀਮਤ ।੫ ।
    
Sahib Singh
(ਹੇ ਪ੍ਰਭੂ! ਤੂੰ ਇਕ) ਉਹ ਰਾਜਾ ਹੈਂ ਜੋ ਕਦੇ ਨਾਸ ਹੋਣ ਵਾਲਾ ਨਹੀਂ ।
ਜੇਹੜੇ ਜੀਵ ਤੇਰੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹ ਨਿਡਰ ਹੋ ਜਾਂਦੇ ਹਨ, ਉਹਨਾਂ ਨੂੰ ਕਿਤੋਂ ਭੀ ਕੋਈ ਡਰ-ਖ਼ੌਫ਼ ਨਹੀਂ ਆਉਂਦਾ ।੧।ਰਹਾਉ ।
(ਹੇ ਪ੍ਰਭੂ! ਤੇਰੇ ਚਰਨਾਂ ਵਿਚ ਟਿਕੇ ਰਹਿਣ ਵਾਲਿਆਂ ਨੂੰ ਯਕੀਨ ਹੈ ਕਿ) ਇਕ (ਮਨੁੱਖ ਦੇ) ਸਰੀਰ ਵਿਚ ਤੂੰ (ਆਪ ਹੀ) ਅਹੰਕਾਰੀ ਬਣਿਆ ਹੈਂ ਤੇ ਇਕ ਹੋਰ ਸਰੀਰ ਵਿਚ ਤੂੰ ਮਾਣ-ਰਹਿਤ ਹੈਂ ।
ਇਕ ਸਰੀਰ ਵਿਚ ਤੂੰ ਆਪ ਹੀ ਸਭ ਇਖ਼ਤਿਆਰ ਵਾਲਾ ਹੈਂ ਤੇ ਇਕ ਸਰੀਰ ਵਿਚ ਤੂੰ ਗ਼ਰੀਬ ਕੰਗਾਲ ਹੈਂ ।੧ ।
(ਹੇ ਪ੍ਰਭੂ!) ਇਕ (ਮਨੁੱਖਾ) ਸਰੀਰ ਵਿਚ ਤੂੰ ਚੰਗਾ ਬੋਲ ਸਕਣ ਵਾਲਾ ਵਿਦਵਾਨ ਹੈਂ ਤੇ ਇਕ ਸਰੀਰ ਵਿਚ ਤੂੰ ਮੂਰਖ ਬਣਿਆ ਹੋਇਆ ਹੈਂ ।
ਇਕ ਸਰੀਰ ਵਿਚ (ਬੈਠ ਕੇ ਤੂੰ ਗਰੀਬਾਂ, ਕਮਜ਼ੋਰਾਂ ਪਾਸੋਂ) ਸਭ ਕੁਝ (ਖੋਹ ਕੇ ਆਪਣੇ ਪਾਸ) ਇਕੱਠਾ ਕਰਨ ਵਾਲਾ ਹੈਂ, ਤੇ ਇਕ ਸਰੀਰ ਵਿਚ ਤੂੰ (ਵਿਰਕਤ ਬਣ ਕੇ) ਕੋਈ ਚੀਜ਼ ਭੀ ਅੰਗੀਕਾਰ ਨਹੀਂ ਕਰਦਾ ।੨ ।
(ਪਰ, ਹੇ ਭਾਈ!) ਇਹ ਜੀਵ ਵਿਚਾਰਾ ਕਾਠ ਦੀ ਪੁਤਲੀ ਹੈ, ਇਸ ਨੂੰ ਖਿਡਾਣ ਵਾਲਾ ਪ੍ਰਭੂ ਹੀ ਜਾਣਦਾ ਹੈ ਕਿ ਇਸ ਨੂੰ ਕਿਵੇਂ ਨਚਾ ਰਿਹਾ ਹੈ ।
(ਬਾਜੀ ਖਿਡਾਣ ਵਾਲਾ ਪ੍ਰਭੂ) ਬਾਜੀਗਰ ਜਿਹੋ ਜਿਹਾ ਸਾਂਗ ਰਚਾਂਦਾ ਹੈ, ਉਹ ਜੀਵ ਉਹੋ ਜਿਹਾ ਸਾਂਗ ਰਚਦਾ ਹੈ ।੩ ।
ਪ੍ਰਭੂ ਨੇ (ਜਗਤ ਵਿਚ ਬੇਅੰਤ ਜੂਨਾਂ ਦੇ ਜੀਵਾਂ ਦੀਆਂ) ਅਨੇਕ (ਸਰੀਰ-) ਕੋਠੜੀਆਂ ਕਈ ਕਿਸਮਾਂ ਦੀਆਂ ਬਣਾ ਦਿੱਤੀਆਂ ਹਨ ਤੇ ਪ੍ਰਭੂ ਆਪ ਹੀ (ਸਭ ਦਾ) ਰਾਖਾ ਬਣਿਆ ਹੋਇਆ ਹੈ ।
ਇਹ ਵਿਚਾਰਾ ਜੀਵ (ਆਪਣੇ ਆਪ) ਕੁਝ ਭੀ ਕਰਨ ਜੋਗਾ ਨਹੀਂ ਹੈ ।
ਜਿਹੋ ਜਿਹੇ ਸਰੀਰ ਵਿਚ ਪਰਮਾਤਮਾ ਇਸ ਨੂੰ ਰੱਖਦਾ ਹੈ, ਉਹੋ ਜਿਹੇ ਸਰੀਰ ਵਿਚ ਇਸ ਨੂੰ ਰਹਿਣਾ ਪੈਂਦਾ ਹੈ ।੪ ।
ਹੇ ਨਾਨਕ! ਆਖ—ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਜਿਸ ਪਰਮਾਤਮਾ ਨੇ ਇਹ ਸਾਰੀ ਖੇਡ ਬਣਾਈ ਹੈ, ਓਹੀ (ਇਸ ਦੇ ਭੇਦ ਨੂੰ) ਜਾਣਦਾ ਹੈ ।
ਉਹ ਪਰਮਾਤਮਾ ਪਰੇ ਤੋਂ ਪਰੇ ਹੈ, (ਸਾਰੀ ਰਚਨਾ ਦਾ) ਮਾਲਕ ਹੈ, ਤੇ ਉਹ ਆਪਣੇ ਕੰਮਾਂ ਦੀ ਕਦਰ ਆਪ ਹੀ ਜਾਣਦਾ ਹੈ ।੫।੫।੧੨੬ ।
Follow us on Twitter Facebook Tumblr Reddit Instagram Youtube