ਰਾਗੁ ਗਉੜੀ ਪੂਰਬੀ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ ॥
ਕੋਈ ਐਸਾ ਸੰਤੁ ਸਹਜ ਸੁਖਦਾਤਾ ਮੋਹਿ ਮਾਰਗੁ ਦੇਇ ਬਤਾਈ ॥੧॥ ਰਹਾਉ ॥

ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ ॥
ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ ॥੧॥

ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥
ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ ॥੨॥

ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ ॥
ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ ॥੩॥

ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧਸੰਗਤਿ ਲਿਵ ਲਾਈ ॥
ਪੰਚ ਜਨਾ ਮਿਲਿ ਮੰਗਲੁ ਗਾਇਆ ਹਰਿ ਨਾਨਕ ਭੇਦੁ ਨ ਭਾਈ ॥੪॥

ਮੇਰੇ ਰਾਮ ਰਾਇ ਇਨ ਬਿਧਿ ਮਿਲੈ ਗੁਸਾਈ ॥
ਸਹਜੁ ਭਇਆ ਭ੍ਰਮੁ ਖਿਨ ਮਹਿ ਨਾਠਾ ਮਿਲਿ ਜੋਤੀ ਜੋਤਿ ਸਮਾਈ ॥੧॥ ਰਹਾਉ ਦੂਜਾ ॥੧॥੧੨੨॥

Sahib Singh
ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ ?
ਗੁਸਾਈ = ਸਿ੍ਰਸ਼ਟੀ ਦਾ ਮਾਲਕ ।
ਰਾਮ ਰਾਇ = ਹੇ ਪ੍ਰਭੂ ਪਾਤਿਸ਼ਾਹ !
ਸਹਜ = ਆਤਮਕ ਅਡੋਲਤਾ ।
ਮੋਹਿ = ਮੈਨੂੰ ।
ਮਾਰਗੁ = ਰਸਤਾ ।੧।ਰਹਾਉ ।
ਅੰਤਰਿ = (ਜੀਵ ਦੇ) ਅੰਦਰ ।
ਅਲਖੁ = ਅਦਿ੍ਰਸ਼ਟ ਪ੍ਰਭੂ ।
ਪਾਈ = ਪਾਇਆ ਹੋਇਆ ਹੈ ।
ਮੋਹਿ = ਮੋਹ ਵਿਚ ।੧ ।
ਇਕਤੁ ਗਿ੍ਰਹਿ = ਇਕੋ ਘਰ ਵਿਚ ।
ਭਾਈ = ਹੇ ਭਾਈ !
ਪੰਚ = ਪੰਜੇ ਗਿਆਨ = ਇੰਦ੍ਰੇ ।
ਦੁਹੇਲੇ = ਦੁੱਖੀ ।
ਓਹ = (ਇਹ ਲਫ਼ਜ਼ ਇਸਤ੍ਰੀ ਲਿੰਗ ਹੈ, ਲਫ਼ਜ਼ ‘ਬਸਤੁ’ ਦਾ ਵਿਸ਼ੇਸ਼ਣ} ।
ਅਗੋਚਰ = {ਅ = ਗੋ-ਚਰ} ਗਿਆਨ-ਇੰਦਿ੍ਰਆਂ ਦੀ ਪਹੁੰਚ ਤੋਂ ਪਰੇ ।
ਠਾਈ = ਠਾਇ, ਥਾਂ ਵਿਚ ।੨ ।
ਤਾਲਾ = ਜੰਦ੍ਰਾ ।
ਗੁਰ ਸਉਪਾਈ = ਗੁਰੂ ਨੂੰ ਸੌਂਪੀ ਹੋਈ ਹੈ ।੩ ।
ਸਤਿਗੁਰ = ਹੇ ਸਤਿਗੁਰ !
ਲਿਵ = ਲਗਨ, ਪ੍ਰੀਤਿ ।
ਪੰਚ ਜਨਾ = ਪੰਜੇ ਗਿਆਨ = ਇੰਦਿ੍ਰਆਂ ਨੇ ।
ਮੰਗਲੁ = ਖ਼ੁਸ਼ੀ ਦਾ ਗੀਤ ।
ਭੇਦੁ = ਵਿੱਥ, ਫ਼ਰਕ ।
ਭਾਈ = ਹੇ ਭਾਈ !
    ।੪ ।
ਇਨ ਬਿਧਿ = ਇਹਨਾਂ ਤਰੀਕਿਆਂ ਨਾਲ ।
ਨਾਠਾ = ਨੱਸ ਗਿਆ ।
ਜੋਤੀ = ਪਰਮਾਤਮਾ ।
    ਰਹਾਉ ਦੂਜਾ ।
    
Sahib Singh
ਹੇ ਮੇਰੇ ਪ੍ਰਭੂ ਪਾਤਿਸ਼ਾਹ! ਮੈਨੂੰ ਧਰਤੀ ਦਾ ਖਸਮ-ਪ੍ਰਭੂ ਕਿਨ੍ਹਾਂ ਤਰੀਕਿਆਂ ਨਾਲ ਮਿਲ ਸਕੇ ?
ਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਕੋਈ ਇਹੋ ਜਿਹਾ ਸੰਤ ਮੈਨੂੰ ਮਿਲ ਪਏ, ਜੇਹੜਾ ਮੈਨੂੰ ਰਸਤਾ ਦੱਸ ਦੇਵੇ ।੧।ਰਹਾਉ ।
(ਹਰੇਕ ਜੀਵ ਦੇ) ਅੰਦਰ ਅਦਿ੍ਰਸ਼ਟ ਪ੍ਰਭੂ ਵੱਸਦਾ ਹੈ, ਪਰ (ਜੀਵ ਨੂੰ) ਇਹ ਸਮਝ ਨਹੀਂ ਆ ਸਕਦੀ, ਕਿਉਂਕਿ (ਜੀਵ ਦੇ ਅੰਦਰ) ਹਉਮੈ ਦਾ ਪਰਦਾ ਪਿਆ ਹੋਇਆ ਹੈ ।
ਸਾਰਾ ਜਗਤ ਹੀ ਮਾਇਆ ਦੇ ਮੋਹ ਵਿਚ ਸੁੱਤਾ ਪਿਆ ਹੈ ।
(ਹੇ ਭਾਈ!) ਦੱਸ, (ਜੀਵ ਦੀ) ਇਹ ਭਟਕਣਾ ਕਿਵੇਂ ਦੂਰ ਹੋਵੇ ?
।੧ ।
(ਹੇ ਭਾਈ! ਆਤਮਾ ਤੇ ਪਰਮਾਤਮਾ ਦੀ) ਇਕੋ ਹੀ ਸੰਗਤਿ ਹੈ, ਦੋਵੇਂ ਇਕੋ ਹੀ (ਹਿਰਦੇ-) ਘਰ ਵਿਚ ਵੱਸਦੇਹਨ, ਪਰ (ਆਪੋ ਵਿਚ) ਮਿਲ ਕੇ (ਕਦੇ) ਗੱਲ ਨਹੀਂ ਕਰਦੇ ।
ਇਕ (ਨਾਮ) ਪਦਾਰਥ ਤੋਂ ਬਿਨਾ (ਜੀਵ ਦੇ) ਪੰਜੇ ਗਿਆਨ-ਇੰਦ੍ਰੇ ਦੁੱਖੀ ਰਹਿੰਦੇ ਹਨ ।
ਉਹ (ਨਾਮ) ਪਦਾਰਥ ਅਜੇਹੇ ਥਾਂ ਵਿਚ ਹੈ, ਜਿਥੇ ਗਿਆਨ-ਇੰਦਿ੍ਰਆਂ ਦੀ ਪਹੁੰਚ ਨਹੀਂ ।੨ ।
(ਹੇ ਭਾਈ!) ਜਿਸ ਹਰੀ ਦਾ ਇਹ ਬਣਾਇਆ ਹੋਇਆ (ਸਰੀਰ-) ਘਰ ਹੈ, ਉਸ ਨੇ ਹੀ (ਮੋਹ ਦਾ) ਜੰਦ੍ਰਾ ਮਾਰਿਆ ਹੋਇਆ ਹੈ, ਤੇ ਕੁੰਜੀ ਗੁਰੂ ਨੂੰ ਸੌਂਪ ਦਿੱਤੀ ਹੈ ।
ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਹੋਰ ਹੋਰ ਅਨੇਕਾਂ ਹੀਲੇ ਕਰਦਾ ਹੈ, (ਪਰ ਉਹਨਾਂ ਹੀਲਿਆਂ ਨਾਲ ਪਰਮਾਤਮਾ ਨੂੰ) ਲੱਭ ਨਹੀਂ ਸਕਦਾ ।੩ ।
ਹੇ ਸਤਿਗੁਰੂ! ਜਿਨ੍ਹਾਂ ਦੇ (ਮਾਇਆ ਦੇ) ਬੰਧਨ ਤੂੰ ਕੱਟ ਦਿੱਤੇ, ਉਹਨਾਂ ਨੇ ਸਾਧ ਸੰਗਤਿ ਵਿਚ ਟਿਕ ਕੇ (ਪ੍ਰਭੂ ਨਾਲ) ਪ੍ਰੀਤਿ ਬਣਾਈ ।
ਹੇ ਨਾਨਕ! (ਆਖ—) ਉਹਨਾਂ ਦੇ ਪੰਜੇ ਗਿਆਨ-ਇੰਦਿ੍ਰਆਂ ਨੇ ਮਿਲ ਕੇ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ।
ਹੇ ਭਾਈ! ਉਹਨਾਂ ਵਿਚ ਤੇ ਹਰੀ ਵਿਚ ਕੋਈ ਵਿੱਥ ਨਾਹ ਰਹਿ ਗਈ ।੪ ।
ਹੇ ਮੇਰੇ ਪ੍ਰਭੂ ਪਾਤਿਸ਼ਾਹ! ਇਹਨਾਂ ਤਰੀਕਿਆਂ ਨਾਲ ਧਰਤੀ ਦਾ ਖਸਮ-ਪਰਮਾਤਮਾ ਮਿਲਦਾ ਹੈ ।
ਜਿਸ ਮਨੁੱਖ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਗਈ ਹੈ, ਉਸ ਦੀ (ਮਾਇਆ ਦੀ ਖ਼ਾਤਰ) ਭਟਕਣਾ ਇਕ ਖਿਨ ਵਿਚ ਦੂਰ ਹੋ ਗਈ ।
ਉਸ ਦੀ ਜੋਤਿ ਪ੍ਰਭੂ ਵਿਚ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਈ ।੧।ਰਹਾਉ ਦੂਜਾ।੧।੧੨੨ ।

ਨੋਟ: ‘ਗਉੜੀ ਪੂਰਬੀ ਘਰੁ ੧’ ਦਾ ਇਹ ਪਹਿਲਾ ਸ਼ਬਦ ਹੈ ।
Follow us on Twitter Facebook Tumblr Reddit Instagram Youtube