ਗਉੜੀ ਮਹਲਾ ੫ ॥
ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥
ਪਾਇ ਲਗਉ ਮੋਹਿ ਕਰਉ ਬੇਨਤੀ ਕੋਊ ਸੰਤੁ ਮਿਲੈ ਬਡਭਾਗੀ ॥੧॥ ਰਹਾਉ ॥

ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ ॥
ਜੋ ਪ੍ਰਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ ਤਿਸੁ ਪਿਛੈ ਵਿਰਾਗੀ ॥੧॥

ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥

Sahib Singh
ਮਿਲਬੇ ਕਉ = ਮਿਲਣ ਵਾਸਤੇ ।
ਮਨਿ = ਮਨ ਵਿਚ ।
ਪਾਇ = ਪੈਰੀਂ ।
ਲਗਉ = ਲਗਉਂ, ਮੈਂ ਲੱਗਾ ।
ਕਰਉ = ਮੈਂ ਕਰਾਂ ।੧।ਰਹਾਉ ।
ਅਰਪਉ = ਮੈਂ ਹਵਾਲੇ ਕਰ ਦਿਆਂ ।
ਮਤਿ = ਅਕਲ, ਚਤੁਰਾਈ ।
ਮੋਹਿ = ਮੈਂ ।
ਅਨਦਿਨੁ = ਹਰ ਰੋਜ਼ ।
ਵਿਰਾਗੀ = ਬਉਰੀ, ਪਿਆਰ ਵਿਚ ਕਮਲੀ ਹੋਈ ।੧ ।
ਪੂਰਬ ਕਰਮ ਅੰਕੁਰ = ਪਹਿਲੇ ਜਨਮਾਂ ਵਿਚ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ ।
ਪ੍ਰਗਟੇ = ਉੱਘੜ ਪਏ ।
ਰਸਿਕ = (ਸਭ ਜੀਵਾਂ ਵਿਚ ਵਿਆਪਕ ਹੋ ਕੇ) ਰਸ ਮਾਣਨ ਵਾਲਾ ।
ਬੈਰਾਗੀ = ਵਿਰਕਤ, ਨਿਰਲੇਪ ।
ਅੰਧੇਰੁ = ਹਨੇਰਾ ।
ਮਿਲਤ = ਮਿਲਿਆਂ ।
ਸੋਈ = ਸੁੱਤੀ ਹੋਈ ।੨ ।
    
Sahib Singh
(ਹੇ ਭੈਣ!) ਪਰਮਾਤਮਾ ਨੂੰ ਮਿਲਣ ਵਾਸਤੇ ਮੇਰੇ ਮਨ ਵਿਚ ਪ੍ਰੀਤਿ ਪੈਦਾ ਹੋ ਗਈ ਹੈ ।
(ਪਰਮਾਤਮਾ ਨਾਲ ਮਿਲਾ ਸਕਣ ਵਾਲਾ ਜੇ) ਵੱਡੇ ਭਾਗਾਂ ਵਾਲਾ (ਗੁਰੂ-) ਸੰਤ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰੀਂ ਲੱਗਾਂ, ਮੈਂ ਉਸ ਅਗੇ ਬੇਨਤੀ ਕਰਾਂ (ਕਿ ਮੈਨੂੰ ਪਰਮਾਤਮਾ ਨਾਲ ਮਿਲਾ ਦੇ) ।੧।ਰਹਾਉ ।
(ਹੇ ਭੈਣ!) ਜੇਹੜਾ (ਵਡਭਾਗੀ ਸੰਤ ਮੈਨੂੰ) ਪਰਮਾਤਮਾ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦਾ ਰਹੇ, ਮੈਂ ਹਰ ਵੇਲੇ ਉਸ ਦੇ ਪਿੱਛੇ ਪਿੱਛੇ ਪ੍ਰੇਮ ਵਿਚ ਕਮਲੀ ਹੋਈ ਫਿਰਦੀ ਰਹਾਂ, ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ ਆਪਣਾ ਧਨ ਉਸ ਦੇ ਅੱਗੇ ਰੱਖ ਦਿਆਂ ।
(ਹੇ ਭੈਣ!) ਮੈਂ ਆਪਣੇ ਮਨ ਦੀ ਸਾਰੀ ਚਤੁਰਾਈ ਛੱਡ ਦਿੱਤੀ ਹੈ ।੧ ।
ਹੇ ਨਾਨਕ! (ਆਖ—) ਪਹਿਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ ਜਿਸ ਜੀਵ-ਇਸਤ੍ਰੀ ਦੇ ਉੱਘੜ ਪਏ, ਉਸ ਨੂੰ ਉਹ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ ਜੋ ਸਾਰੇ ਜੀਵਾਂ ਵਿਚ ਬੈਠਾ ਸਭ ਰਸ ਮਾਣਨ ਵਾਲਾ ਹੈ ਤੇ ਜੋ ਰਸਾਂ ਤੋਂ ਨਿਰਲੇਪ ਭੀ ਹੈ ।
ਪਰਮਾਤਮਾ ਨੂੰ ਮਿਲਦਿਆਂ ਹੀ ਉਸ ਜੀਵ-ਇਸਤ੍ਰੀ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, ਉਹ ਅਨੇਕਾਂ ਜਨਮਾਂ ਤੋਂ ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜਾਗ ਪੈਂਦੀ ਹੈ ।੨।੨।੧੧੯ ।
Follow us on Twitter Facebook Tumblr Reddit Instagram Youtube