ਗਉੜੀ ਮਹਲਾ ੫ ॥
ਅਪਨੇ ਸੇਵਕ ਕਉ ਆਪਿ ਸਹਾਈ ॥
ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ ॥੧॥

ਪ੍ਰਭ ਕੀ ਸਰਨਿ ਉਬਰੈ ਸਭ ਕੋਇ ॥
ਕਰਨ ਕਰਾਵਨ ਪੂਰਨ ਸਚੁ ਸੋਇ ॥ ਰਹਾਉ ॥

ਅਬ ਮਨਿ ਬਸਿਆ ਕਰਨੈਹਾਰਾ ॥
ਭੈ ਬਿਨਸੇ ਆਤਮ ਸੁਖ ਸਾਰਾ ॥੨॥

ਕਰਿ ਕਿਰਪਾ ਅਪਨੇ ਜਨ ਰਾਖੇ ॥
ਜਨਮ ਜਨਮ ਕੇ ਕਿਲਬਿਖ ਲਾਥੇ ॥੩॥

ਕਹਨੁ ਨ ਜਾਇ ਪ੍ਰਭ ਕੀ ਵਡਿਆਈ ॥
ਨਾਨਕ ਦਾਸ ਸਦਾ ਸਰਨਾਈ ॥੪॥੧੧੩॥

Sahib Singh
ਕਉ = ਵਾਸਤੇ ।
ਸਹਾਈ = ਮਦਦਗਾਰ ।
ਨਿਤ = ਸਦਾ ।
ਪ੍ਰਤਿਪਾਰ = ਪਾਲਣਾ ਕਰਦਾ ਹੈ, ਸੰਭਾਲ ਕਰਦਾ ਹੈ ।੧ ।
ਉਬਰੈ = (ਡਰਾਂ ਖ਼ਤਰਿਆਂ ਕਿਲਬਿਖਾਂ ਤੋਂ) ਬਚ ਜਾਂਦਾ ਹੈ ।
ਸਭ ਕੋਇ = ਹਰੇਕ ਜੀਵ ।
ਸਚੁ = ਸਦਾ ਕਾਇਮ ਰਹਿਣ ਵਾਲਾ ।
ਸੋਇ = ਉਹ ਪਰਮਾਤਮਾ ।ਰਹਾਉ ।
ਅਬ = ਹੁਣ ।
ਮਨਿ = ਮਨ ਵਿਚ ।
ਕਰਨੈਹਾਰਾ = ਪੈਦਾ ਕਰਨ ਵਾਲਾ ਪ੍ਰਭੂ ।
ਸਾਰਾ = ਸੰਭਾਲਿਆ ਹੈ, ਮਾਣਿਆ ਹੈ ।੨ ।
ਕਰਿ = ਕਰ ਕੇ ।
ਕਿਲਬਿਖ = ਪਾਪ ।੩ ।
ਕਹਨੁ ਨ ਜਾਇ = ਦੱਸੀ ਨਹੀਂ ਜਾ ਸਕਦੀ ।੪ ।
    
Sahib Singh
(ਹੇ ਭਾਈ!) ਹਰੇਕ ਮਨੁੱਖ (ਜੇਹੜਾ) ਪਰਮਾਤਮਾ ਦੀ ਸਰਨ ਵਿਚ (ਆਉਂਦਾ ਹੈ, ਸਾਰੇ ਵਿਕਾਰਾਂ ਡਰਾਂ-ਸਹਿਮਾਂ ਤੋਂ) ਬਚ ਜਾਂਦਾ ਹੈ, ਉਸ ਨੂੰ ਨਿਸਚਾ ਬਣ ਜਾਂਦਾ ਹੈ ਕਿ ਉਹ ਸਰਬ-ਵਿਆਪਕ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਜੀਵਾਂ ਪਾਸੋਂ ਸਭ ਕੁਝ ਕਰਾਣ ਵਾਲਾ ਹੈ ।ਰਹਾਉ ।
(ਹੇ ਭਾਈ!) ਪਰਮਾਤਮਾ ਆਪਣੇ ਸੇਵਕ ਦੇ ਵਾਸਤੇ (ਸਦਾ) ਮਦਦਗਾਰ ਬਣਿਆ ਰਹਿੰਦਾ ਹੈ, ਸਦਾ (ਆਪਣੇ ਸੇਵਕ ਦੀ) ਸੰਭਾਲ ਕਰਦਾ ਹੈ ਜਿਵੇਂ ਮਾਂ ਤੇ ਪਿਉ (ਆਪਣੇ ਬੱਚੇ ਦੀ ਸੰਭਾਲ ਕਰਦੇ ਹਨ) ।੧ ।
(ਹੇ ਭਾਈ!) ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ (ਮੇਰੇ) ਮਨ ਵਿਚ ਆ ਵੱਸਿਆ ਹੈ, ਹੁਣ ਮੇਰੇ ਸਾਰੇ ਡਰ-ਖ਼ਤਰੇ ਨਾਸ ਹੋ ਗਏ ਹਨ ਤੇ ਮੈਂ ਆਤਮਕ ਆਨੰਦ ਮਾਣ ਰਿਹਾ ਹਾਂ ।੨ ।
(ਹੇ ਭਾਈ!) ਪਰਮਾਤਮਾ ਕਿਰਪਾ ਕਰ ਕੇ ਆਪਣੇ ਸੇਵਕਾਂ ਦੀ ਆਪ ਰੱਖਿਆ ਕਰਦਾ ਹੈ, ਉਹਨਾਂ ਦੇ (ਪਹਿਲੇ) ਅਨੇਕਾਂ ਜਨਮਾਂ ਦੇ (ਕੀਤੇ) ਪਾਪਾਂ ਦੇ ਸੰਸਕਾਰ (ਉਹਨਾਂ ਦੇ ਮਨ ਤੋਂ) ਲਹਿ ਜਾਂਦੇ ਹਨ ।੩ ।
ਪਰਮਾਤਮਾ ਕੇਡੀ ਵੱਡੀ ਸਮਰੱਥਾ ਵਾਲਾ ਹੈ—ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ।
ਹੇ ਨਾਨਕ! ਪਰਮਾਤਮਾ ਦੇ ਸੇਵਕ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ।੪।੧੧੩ ।
Follow us on Twitter Facebook Tumblr Reddit Instagram Youtube