ਗਉੜੀ ਮਹਲਾ ੫ ॥
ਉਦਮੁ ਕਰਤ ਸੀਤਲ ਮਨ ਭਏ ॥
ਮਾਰਗਿ ਚਲਤ ਸਗਲ ਦੁਖ ਗਏ ॥
ਨਾਮੁ ਜਪਤ ਮਨਿ ਭਏ ਅਨੰਦ ॥
ਰਸਿ ਗਾਏ ਗੁਨ ਪਰਮਾਨੰਦ ॥੧॥

ਖੇਮ ਭਇਆ ਕੁਸਲ ਘਰਿ ਆਏ ॥
ਭੇਟਤ ਸਾਧਸੰਗਿ ਗਈ ਬਲਾਏ ॥ ਰਹਾਉ ॥

ਨੇਤ੍ਰ ਪੁਨੀਤ ਪੇਖਤ ਹੀ ਦਰਸ ॥
ਧਨਿ ਮਸਤਕ ਚਰਨ ਕਮਲ ਹੀ ਪਰਸ ॥
ਗੋਬਿੰਦ ਕੀ ਟਹਲ ਸਫਲ ਇਹ ਕਾਂਇਆ ॥
ਸੰਤ ਪ੍ਰਸਾਦਿ ਪਰਮ ਪਦੁ ਪਾਇਆ ॥੨॥

ਜਨ ਕੀ ਕੀਨੀ ਆਪਿ ਸਹਾਇ ॥
ਸੁਖੁ ਪਾਇਆ ਲਗਿ ਦਾਸਹ ਪਾਇ ॥
ਆਪੁ ਗਇਆ ਤਾ ਆਪਹਿ ਭਏ ॥
ਕ੍ਰਿਪਾ ਨਿਧਾਨ ਕੀ ਸਰਨੀ ਪਏ ॥੩॥

ਜੋ ਚਾਹਤ ਸੋਈ ਜਬ ਪਾਇਆ ॥
ਤਬ ਢੂੰਢਨ ਕਹਾ ਕੋ ਜਾਇਆ ॥
ਅਸਥਿਰ ਭਏ ਬਸੇ ਸੁਖ ਆਸਨ ॥
ਗੁਰ ਪ੍ਰਸਾਦਿ ਨਾਨਕ ਸੁਖ ਬਾਸਨ ॥੪॥੧੧੦॥

Sahib Singh
ਸੀਤਲ = ਮਨ = ਠੰਢੇ ਮਨ ਵਾਲੇ, ਸ਼ਾਂਤ-ਚਿੱਤ ।
ਮਾਰਗਿ = ਰਸਤੇ ਵਿਚ ।
ਸਗਲ = ਸਾਰੇ ।
ਮਨਿ = ਮਨ ਵਿਚ ।
ਰਸਿ = ਪ੍ਰੇਮ ਨਾਲ ।
ਗੁਨ ਪਰਮਾਨੰਦ = ਪਰਮਾਨੰਦ ਦੇ ਗੁਣ ।
ਪਰਮਾਨੰਦ = ਸਭ ਤੋਂ ਉੱਚੇ ਆਨੰਦ ਦਾ ਮਾਲਕ ਪ੍ਰਭੂ ।੧ ।
ਖੇਮ = ਸੁਖ ।
ਕੁਸਲ ਘਰਿ = ਸੁਖ ਦੇ ਘਰਿ ਵਿਚ, ਸੁਖ ਦੀ ਅਵਸਥਾ ਵਿਚ ।
ਭੇਟਤ = ਮਿਲਿਆਂ ।
ਬਲਾਏ = ਮਾਇਆ = ਚੁੜੇਲ ।੧।ਰਹਾਉ ।
ਨੇਤ੍ਰ = ਅੱਖਾਂ ।
ਪੁਨੀਤ = ਪਵਿਤ੍ਰ, ਪਰਾਇਆ ਰੂਪ ਤੱਕਣ ਦੀ ਬਾਣ ਤੋਂ ਰਹਿਤ ।
ਪੇਖਤ = ਵੇਖਦਿਆਂ ।
ਧਨਿ = {ਧਂਯ} ਭਾਗਾਂ ਵਾਲੇ ।
ਮਸਤਕ = ਮੱਥੇ {ਮਸਤਕੁ—ਮੱਥਾ} ।
ਪਰਸ = ਛੁਹ ।
ਕਾਂਇਆ = ਸਰੀਰ ।
ਸੰਤ ਪ੍ਰਸਾਦਿ = ਗੁਰੂ = ਸੰਤ ਦੀ ਕਿਰਪਾ ਨਾਲ ।
ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ।੨ ।
ਸਹਾਇ = ਸਹਾਇਤਾ ।
ਲਗਿ = ਲੱਗ ਕੇ ।
ਦਾਸਹ ਪਾਇ = ਦਾਸਾਂ ਦੀ ਪੈਰੀਂ ।
ਆਪੁ = ਆਪਾ = ਭਾਵ {ਨੋਟ:- ਲਫ਼ਜ਼ ‘ਆਪਿ’ ਅਤੇ ‘ਆਪੁ’ ਦਾ ਫ਼ਰਕ ਚੇਤੇ ਰੱਖਣ-ਜੋਗ ਹੈ} ।
ਆਪਹਿ = ਆਪਿ ਹੀ, ਪ੍ਰਭੂ ਆਪਿ ਹੀ, ਪਰਮਾਤਮਾ ਦਾ ਰੂਪ ਹੀ ।
ਤਾ = ਤਦੋਂ ।
ਕਿ੍ਰਪਾ ਨਿਧਾਨ = ਕਿਰਪਾ ਦਾ ਖ਼ਜ਼ਾਨਾ ।੩ ।
ਜੋ ਚਾਹਤ = ਜਿਸ ਨੂੰ ਮਿਲਣਾ ਚਾਹੁੰਦਾ ਹੈ ।
ਸੋਈ = ਉਹੀ (ਪਰਮਾਤਮਾ) ।
ਕਹਾ = ਕਿੱਥੇ ?
ਕੋ = ਕੋਈ ।
ਅਸਥਿਰ = ਅਡੋਲ = ਚਿੱਤ ।
ਸੁਖ ਆਸਨ = ਆਨੰਦ ਦੇ ਆਸਣ (ਉੱਤੇ) ।
ਸੁਖ ਬਾਸਨ = ਸੁਖਾਂ ਵਿਚ ਵੱਸਣ ਵਾਲੇ ।੪ ।
    
Sahib Singh
(ਹੇ ਭਾਈ!) ਸਾਧ ਸੰਗਤਿ ਵਿਚ ਮਿਲਿਆਂ (ਮਾਇਆ-) ਚੁੜੇਲ (ਦੀ ਚੰਬੜ) ਦੂਰ ਹੋ ਜਾਂਦੀ ਹੈ ।
(ਜੇਹੜੇ ਮਨੁੱਖ ਸਾਧ ਸੰਗਤਿ ਵਿਚ ਜੁੜਦੇ ਹਨ ਉਹਨਾਂ ਨੂੰ) ਸੁਖ ਹੀ ਸੁਖ ਹੋ ਜਾਂਦਾ ਹੈ, ਉਹ ਆਨੰਦ ਦੀ ਅਵਸਥਾ ਵਿਚ ਟਿਕ ਜਾਂਦੇ ਹਨ ।੧।ਰਹਾਉ ।
(ਹੇ ਭਾਈ! ਸਾਧ ਸੰਗਤਿ ਵਿਚ ਜਾਣ ਦਾ) ਉੱਦਮ ਕਰਦਿਆਂ (ਮਨੁੱਖ) ਸ਼ਾਂਤ-ਚਿੱਤ ਹੋ ਜਾਂਦੇ ਹਨ, (ਸਾਧ ਸੰਗਤਿ ਦੇ) ਰਾਹ ਉਤੇ ਤੁਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ (ਪੋਹ ਨਹੀਂ ਸਕਦੇ) ।
(ਹੇ ਭਾਈ!) ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਦੇ ਗੁਣ ਪ੍ਰੇਮ ਨਾਲ ਗਾਵਿਆਂ, ਪ੍ਰਭੂ ਦਾ ਨਾਮ ਜਪਿਆਂ ਮਨ ਵਿਚ ਆਨੰਦ ਹੀ ਆਨੰਦ ਪੈਦਾ ਹੋ ਜਾਂਦੇ ਹਨ ।੧ ।
(ਹੇ ਭਾਈ!) ਗੋਬਿੰਦ ਦਾ ਦਰਸਨ ਕਰਦਿਆਂ ਹੀ ਅੱਖਾਂ ਪਵਿਤ੍ਰ ਹੋ ਜਾਂਦੀਆਂ ਹਨ (ਵਿਕਾਰ-ਵਾਸਨਾ ਤੋਂ ਰਹਿਤ ਹੋ ਜਾਂਦੀਆਂ ਹਨ) ।
(ਹੇ ਭਾਈ!) ਭਾਗਾਂ ਵਾਲੇ ਹਨ ਉਹ ਮੱਥੇ ਜਿਨ੍ਹਾਂ ਨੂੰ ਗੋਬਿੰਦ ਦੇ ਸੋਹਣੇ ਚਰਨਾਂ ਦੀ ਛੋਹ ਮਿਲਦੀ ਹੈ ।
ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਇਹ ਸਰੀਰ ਸਫਲ ਹੋ ਜਾਂਦਾ ਹੈ, ਗੁਰੂ-ਸੰਤ ਦੀਕਿਰਪਾ ਨਾਲ ਸਭ ਤੋਂ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ।੨ ।
(ਹੇ ਭਾਈ!) ਪਰਮਾਤਮਾ ਨੇ ਆਪ ਜਿਸ ਮਨੁੱਖ ਦੀ ਸਹਾਇਤਾ ਕੀਤੀ, ਉਸ ਨੇ ਪਰਮਾਤਮਾ ਦੇ ਭਗਤਾਂ ਦੀ ਚਰਨੀਂ ਲੱਗ ਕੇ ਆਤਮਕ ਆਨੰਦ ਮਾਣਿਆ ।
ਜੇਹੜੇ ਮਨੁੱਖ ਦਇਆ ਦੇ ਖ਼ਜ਼ਾਨੇ ਪਰਮਾਤਮਾ ਦੀ ਸਰਨ ਆ ਪਏ, ਉਹਨਾਂ ਦੇ ਅੰਦਰੋਂ (ਜਦੋਂ) ਆਪਾ-ਭਾਵ ਦੂਰ ਹੋ ਗਿਆ ਤਦੋਂ ਉਹ ਪਰਮਾਤਮਾ ਦਾ ਰੂਪ ਹੀ ਹੋ ਗਏ ।੩ ।
(ਹੇ ਭਾਈ!) ਜਦੋਂ ਕਿਸੇ ਮਨੁੱਖ ਨੂੰ (ਗੁਰੂ ਦੀ ਕਿਰਪਾ ਨਾਲ) ਉਹ ਪਰਮਾਤਮਾ ਹੀ ਮਿਲ ਪੈਂਦਾ ਹੈ ਜਿਸ ਨੂੰ ਉਹ ਮਿਲਣਾ ਚਾਹੁੰਦਾ ਹੈ, ਤਦੋਂ ਉਹ (ਬਾਹਰ ਜੰਗਲਾਂ ਪਹਾੜਾਂ ਆਦਿਕ ਵਿਚ ਉਸ ਨੂੰ) ਲੱਭਣ ਲਈ ਨਹੀਂ ਜਾਂਦਾ ।
ਹੇ ਨਾਨਕ! (ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲੈਣ ਵਾਲੇ ਮਨੁੱਖ) ਅਡੋਲ-ਚਿੱਤ ਹੋ ਜਾਂਦੇ ਹਨ, ਉਹ ਸਦਾ ਆਨੰਦ ਅਵਸਥਾ ਵਿਚ ਟਿਕੇ ਰਹਿੰਦੇ ਹਨ, ਗੁਰੂ ਦੀ ਕਿਰਪਾ ਨਾਲ ਉਹ ਸਦਾ ਸੁਖਾਂ ਵਿਚ ਵੱਸਣ ਵਾਲੇ ਹੋ ਜਾਂਦੇ ਹਨ ।੪।੧੧੦ ।
Follow us on Twitter Facebook Tumblr Reddit Instagram Youtube