ਗਉੜੀ ਮਹਲਾ ੫ ॥
ਤੂੰਹੈ ਮਸਲਤਿ ਤੂੰਹੈ ਨਾਲਿ ॥
ਤੂਹੈ ਰਾਖਹਿ ਸਾਰਿ ਸਮਾਲਿ ॥੧॥

ਐਸਾ ਰਾਮੁ ਦੀਨ ਦੁਨੀ ਸਹਾਈ ॥
ਦਾਸ ਕੀ ਪੈਜ ਰਖੈ ਮੇਰੇ ਭਾਈ ॥੧॥ ਰਹਾਉ ॥

ਆਗੈ ਆਪਿ ਇਹੁ ਥਾਨੁ ਵਸਿ ਜਾ ਕੈ ॥
ਆਠ ਪਹਰ ਮਨੁ ਹਰਿ ਕਉ ਜਾਪੈ ॥੨॥

ਪਤਿ ਪਰਵਾਣੁ ਸਚੁ ਨੀਸਾਣੁ ॥
ਜਾ ਕਉ ਆਪਿ ਕਰਹਿ ਫੁਰਮਾਨੁ ॥੩॥

ਆਪੇ ਦਾਤਾ ਆਪਿ ਪ੍ਰਤਿਪਾਲਿ ॥
ਨਿਤ ਨਿਤ ਨਾਨਕ ਰਾਮ ਨਾਮੁ ਸਮਾਲਿ ॥੪॥੧੦੫॥੧੭੪॥

Sahib Singh
ਮਸਲਤਿ = ਸਾਲਾਹ (ਦੇਣ ਵਾਲਾ) ।
ਰਾਖਹਿ = ਰੱਖਦਾ ਹੈਂ, ਰੱਖਿਆ ਕਰਦਾ ਹੈਂ ।
ਸਾਰਿ = ਸਾਂਭ ਕੇ, ਸਾਰ ਲੈ ਕੇ ।
ਸਮਾਲਿ = ਸੰਭਾਲ ਕਰ ਕੇ ।੧ ।
ਦੀਨ ਦੁਨੀ ਸਹਾਈ = ਦੀਨ ਦਾ ਸਾਥੀ ਤੇ ਦੁਨੀਆ ਦਾ ਸਾਥੀ, ਲੋਕ ਪਰਲੋਕ ਦਾ ਸਾਥੀ ।
ਪੈਜ = ਇੱਜ਼ਤ, ਲਾਜ ।
ਭਾਈ = ਹੇ ਭਾਈ !
    ।੧।ਰਹਾਉ ।
ਆਗੈ = ਪਰਲੋਕ ਵਿਚ ।
ਇਹੁ ਥਾਨੁ = ਇਹ ਲੋਕ ।
ਵਸਿ ਜਾ ਕੈ = ਜਿਸ ਦੇ ਵੱਸ ਵਿਚ ।
ਮਨੁ = (ਮੇਰਾ) ਮਨ ।
ਜਾਪੈ = ਜਪਦਾ ਹੈ ।੨ ।
ਪਤਿ = ਇੱਜ਼ਤ ।
ਪਰਵਾਣੁ = ਕਬੂਲ ।
ਸਚੁ = ਸਦਾ = ਥਿਰ ਪ੍ਰਭੂ ਦਾ ਨਾਮ ।
ਨੀਸਾਣੁ = ਪਰਵਾਨਾ, ਜ਼ਿੰਦਗੀ ਦੇ ਸਫ਼ਰ ਵਿਚ ਰਾਹਦਾਰੀ ।
ਫੁਰਮਾਨੁ = ਹੁਕਮ ।੩ ।
ਪ੍ਰਤਿਪਾਲਿ = ਪਿ੍ਰਤਪਾਲੇ, ਪਾਲਣਾ ਕਰਦਾ ਹੈ ।
ਸਮਾਲਿ = ਸਾਂਭ ।੪ ।
    
Sahib Singh
ਹੇ ਮੇਰੇ ਵੀਰ! ਪਰਮਾਤਮਾ ਇਸ ਲੋਕ ਤੇ ਪਰਲੋਕ ਵਿਚ ਅਜਿਹਾ ਸਾਥੀ ਹੈ ਕਿ ਉਹ ਆਪਣੇ ਸੇਵਕ ਦੀ ਇੱਜ਼ਤ (ਹਰ ਥਾਂ) ਰੱਖਦਾ ਹੈ ।੧।ਰਹਾਉ ।
ਹੇ ਪ੍ਰਭੂ! ਤੂੰ (ਹਰ ਥਾਂ ਮੇਰਾ) ਸਲਾਹਕਾਰ ਹੈਂ, ਤੂੰ ਹੀ (ਹਰ ਥਾਂ) ਮੇਰੇ ਨਾਲ ਵੱਸਦਾ ਹੈਂ ।
ਤੂੰ ਹੀ (ਜੀਵਾਂ ਦੀ) ਸਾਰ ਲੈ ਕੇ ਸੰਭਾਲ ਕਰ ਕੇ ਰੱਖਿਆ ਕਰਦਾ ਹੈਂ ।੧ ।
(ਹੇ ਭਾਈ!) ਜਿਸ ਪਰਮਾਤਮਾ ਦੇ ਵੱਸ ਵਿਚ ਸਾਡਾ ਇਹ ਲੋਕ ਹੈ, ਉਹੀ ਆਪ ਪਰਲੋਕ ਵਿਚ ਭੀ (ਸਾਡਾ ਰਾਖਾ) ਹੈ ।
(ਹੇ ਭਾਈ!) ਮੇਰਾ ਮਨ ਤਾਂ ਅੱਠੇ ਪਹਿਰ ਉਸ ਪਰਮਾਤਮਾ ਦਾ ਨਾਮ ਜਪਦਾ ਹੈ ।੨ ।
ਹੇ ਪ੍ਰਭੂ! ਜਿਸ (ਸੇਵਕ) ਦੇ ਵਾਸਤੇ ਤੂੰ ਆਪ ਹੁਕਮ ਕਰਦਾ ਹੈਂ, ਉਸ ਨੂੰ (ਤੇਰੇ ਦਰਬਾਰ ਵਿਚ) ਇੱਜ਼ਤ ਮਿਲਦੀ ਹੈ, ਉਹ (ਤੇਰੇ ਦਰ ਤੇ) ਕਬੂਲ ਹੁੰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ, ਰਾਹਦਾਰੀ (ਵਜੋਂ) ਮਿਲਦਾ ਹੈ ।੩ ।
ਹੇ ਨਾਨਕ! ਪਰਮਾਤਮਾ ਆਪ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈ, ਆਪ ਹੀ (ਸਭ ਦੀ) ਪਾਲਣਾ ਕਰਨ ਵਾਲਾ ਹੈ ।
ਤੂੰ ਸਦਾ ਹੀ ਉਸ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ ।੪।੧੦੫।੧੭੪ ।

ਨੋਟ: ਪਾਠਕ ਇਹ ਚੇਤੇ ਰੱਖਣ ਕਿ ਇਥੋਂ ਤਕ ਵੱਡੇ ਜੋੜ ਵਿਚ ਇਕ ਦੀ ਘਾਟ ਤੁਰੀ ਆ ਰਹੀ ਹੈ ।
ਵੱਡਾ ਅੰਕ ਇਥੇ ੧੭੫ ਚਾਹੀਦਾ ਸੀ ।
Follow us on Twitter Facebook Tumblr Reddit Instagram Youtube