ਗਉੜੀ ਮਹਲਾ ੫ ॥
ਸਾ ਮਤਿ ਨਿਰਮਲ ਕਹੀਅਤ ਧੀਰ ॥
ਰਾਮ ਰਸਾਇਣੁ ਪੀਵਤ ਬੀਰ ॥੧॥

ਹਰਿ ਕੇ ਚਰਣ ਹਿਰਦੈ ਕਰਿ ਓਟ ॥
ਜਨਮ ਮਰਣ ਤੇ ਹੋਵਤ ਛੋਟ ॥੧॥ ਰਹਾਉ ॥

ਸੋ ਤਨੁ ਨਿਰਮਲੁ ਜਿਤੁ ਉਪਜੈ ਨ ਪਾਪੁ ॥
ਰਾਮ ਰੰਗਿ ਨਿਰਮਲ ਪਰਤਾਪੁ ॥੨॥

ਸਾਧਸੰਗਿ ਮਿਟਿ ਜਾਤ ਬਿਕਾਰ ॥
ਸਭ ਤੇ ਊਚ ਏਹੋ ਉਪਕਾਰ ॥੩॥

ਪ੍ਰੇਮ ਭਗਤਿ ਰਾਤੇ ਗੋਪਾਲ ॥
ਨਾਨਕ ਜਾਚੈ ਸਾਧ ਰਵਾਲ ॥੪॥੯੨॥੧੬੧॥

Sahib Singh
ਸਾ = ਉਹ {ਇਹ ਲਫ਼ਜ਼ ਇਸਤ੍ਰੀ ਲਿੰਗ ਹੈ} ।
ਮਤਿ = ਅਕਲ ।
ਕਹੀਅਤ = ਆਖੀ ਜਾਂਦੀ ਹੈ ।
ਧੀਰ = ਧੀਰਜ ਵਾਲੀ ।
ਰਸਾਇਣ = ਰਸਾਂ ਦਾ ਘਰ, ਸਭ ਰਸਾਂ ਤੋਂ ਸ੍ਰੇਸ਼ਟ ।
ਬੀਰ = ਹੇ ਵੀਰ !
    ।੧ ।
ਓਟ = ਆਸਰਾ ।
ਛੋਟ = ਖ਼ਲਾਸੀ ।੧।ਰਹਾਉ ।
ਨਿਰਮਲੁ = ਪਵਿਤ੍ਰ {ਇਹ ਲਫ਼ਜ਼ ਪੁਲਿੰਗ ਹੈ ।
    ਪਹਿਲੀ ਤੁਕ ਵਾਲਾ ਲਫ਼ਜ਼ ‘ਨਿਰਮਲ’ ਇਸਤ੍ਰੀ ਲਿੰਗ ਹੈ} ।
ਜਿਤੁ = ਜਿਸ ਵਿਚ, ਜਿਸ ਦੀ ਰਾਹੀਂ ।
ਰੰਗਿ = ਪ੍ਰੇਮ ਵਿਚ ।੨ ।
ਮਿਟਿ ਜਾਤ = ਮਿਟ ਜਾਂਦੇ ਹਨ ।
ਤੇ = ਤੋਂ ।੩ ।
ਰਾਤੇ = ਰੰਗੇ ਹੋਏ ।
ਜਾਚੈ = ਮੰਗਦਾ ਹੈ ।
ਰਵਾਲ = ਚਰਨਾਂ ਦੀ ਧੂੜ ।੪ ।
    
Sahib Singh
(ਹੇ ਭਾਈ!) ਆਪਣੇ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਆਸਰਾ ਬਣਾ, (ਇਉਂ ਕੀਤਿਆਂ) ਜਨਮ ਮਰਨ ਦੇ ਗੇੜ ਤੋਂ ਖ਼ਲਾਸੀ ਹੋ ਜਾਂਦੀ ਹੈ ।੧।ਰਹਾਉ ।
ਹੇ ਭਾਈ! ਉਹ ਅਕਲ ਪਵਿਤ੍ਰ ਆਖੀ ਜਾਂਦੀ ਹੈ ਧੀਰਜ ਵਾਲੀ ਆਖੀ ਜਾਂਦੀ ਹੈ, (ਜਿਸ ਦਾ ਆਸਰਾ ਲੈ ਕੇ ਮਨੁੱਖ) ਸਭ ਰਸਾਂ ਤੋਂ ਸ੍ਰੇਸ਼ਟ ਪ੍ਰਭੂ-ਨਾਮ ਦਾ ਰਸ ਪੀਂਦਾ ਹੈ ।੧ ।
(ਹੇ ਭਾਈ!) ਉਹ ਸਰੀਰ ਪਵਿਤ੍ਰ ਹੈ ਜਿਸ ਵਿਚ ਕੋਈ ਪਾਪ ਨਹੀਂ ਪੈਦਾ ਹੁੰਦਾ ।
ਪਰਮਾਤਮਾ ਦੇ ਪ੍ਰੇਮ-ਰੰਗ ਦੀ ਬਰਕਤਿ ਨਾਲ ਪਵਿਤ੍ਰ ਹੋਏ ਮਨੁੱਖ ਦਾ ਤੇਜ-ਪਰਤਾਪ (ਚਮਕਦਾ ਹੈ) ।੨ ।
(ਹੇ ਭਾਈ! ਸਾਧ ਸੰਗਤਿ ਕਰਿਆ ਕਰ) ਸਾਧ ਸੰਗਤਿ ਵਿਚ ਰਿਹਾਂ (ਅੰਦਰੋਂ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ ।
(ਸਾਧ ਸੰਗਤਿ ਦਾ) ਸਭ ਤੋਂ ਉੱਚਾ ਇਹੀ ਉਪਕਾਰ ਹੈ ।੩ ।
ਜੇਹੜੇ ਮਨੁੱਖ ਪਰਮਾਤਮਾ ਦੀ ਪ੍ਰੇਮ-ਭਗਤੀ ਦੇ ਰੰਗ ਵਿਚ ਰੰਗੇ ਰਹਿੰਦੇ ਹਨ, ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ।੪।੯੨।੧੬੧ ।
Follow us on Twitter Facebook Tumblr Reddit Instagram Youtube