ਗਉੜੀ ਮਹਲਾ ੫ ॥
ਬਾਹਰਿ ਰਾਖਿਓ ਰਿਦੈ ਸਮਾਲਿ ॥
ਘਰਿ ਆਏ ਗੋਵਿੰਦੁ ਲੈ ਨਾਲਿ ॥੧॥

ਹਰਿ ਹਰਿ ਨਾਮੁ ਸੰਤਨ ਕੈ ਸੰਗਿ ॥
ਮਨੁ ਤਨੁ ਰਾਤਾ ਰਾਮ ਕੈ ਰੰਗਿ ॥੧॥ ਰਹਾਉ ॥

ਗੁਰ ਪਰਸਾਦੀ ਸਾਗਰੁ ਤਰਿਆ ॥
ਜਨਮ ਜਨਮ ਕੇ ਕਿਲਵਿਖ ਸਭਿ ਹਿਰਿਆ ॥੨॥

ਸੋਭਾ ਸੁਰਤਿ ਨਾਮਿ ਭਗਵੰਤੁ ॥
ਪੂਰੇ ਗੁਰ ਕਾ ਨਿਰਮਲ ਮੰਤੁ ॥੩॥

ਚਰਣ ਕਮਲ ਹਿਰਦੇ ਮਹਿ ਜਾਪੁ ॥
ਨਾਨਕੁ ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥

Sahib Singh
ਬਾਹਰਿ = ਜਗਤ ਨਾਲ ਵਰਤਣ = ਵਿਹਾਰ ਕਰਦਿਆਂ ।
ਰਿਦੈ = ਹਿਰਦੇ ਵਿਚ ।
ਸਮਾਲਿ = ਸਾਂਭ ਕੇ ।
ਘਰਿ = ਹਿਰਦੇ = ਘਰ ਵਿਚ ।
ਲੈ ਨਾਲਿ = ਨਾਲ ਲੈ ਕੇ ।੧ ।
ਸੰਤਨ ਕੈ ਸੰਗਿ = ਸੰਤਾਂ ਦੇ ਨਾਲ ।
ਰਾਤਾ = ਰੰਗਿਆ ਹੋਇਆ ।
ਰੰਗਿ = ਰੰਗ ਵਿਚ ।੧।ਰਹਾਉ ।
ਪਰਸਾਦੀ = ਪਰਸਾਦਿ, ਕਿਰਪਾ ਨਾਲ ।
ਸਾਗਰੁ = (ਸੰਸਾਰ = ) ਸਮੁੰਦਰ ।
ਕਿਲਵਿਖ = ਪਾਪ ।
ਸਭਿ = ਸਾਰੇ ।
ਹਿਰਿਆ = ਦੂਰ ਕਰ ਲਏ ।੨ ।
ਨਾਮਿ = ਨਾਮ ਵਿਚ ।
ਭਗਵੰਤੁ = ਭਾਗਾਂ ਵਾਲਾ ।
ਮੰਤੁ = ਉਪਦੇਸ਼ ।੩ ।
ਜਾਪੁ = ਜਪਦਾ ਰਹੁ ।
ਨਾਨਕੁ ਜੀਵੈ = ਨਾਨਕ ਆਤਮਕ ਜੀਵਨ ਹਾਸਲ ਕਰਦਾ ਹੈ ।
ਪੇਖਿ = ਵੇਖ ਕੇ ।੪ ।
    
Sahib Singh
(ਹੇ ਭਾਈ!) ਪਰਮਾਤਮਾ ਦਾ ਨਾਮ ਸਦਾ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ ।
ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਸੰਤ ਜਨਾਂ ਦਾ) ਮਨ ਰੰਗਿਆ ਰਹਿੰਦਾ ਹੈ ਤਨ (ਭਾਵ, ਹਰੇਕ ਗਿਆਨ-ਇੰਦ੍ਰਾ) ਰੰਗਿਆ ਰਹਿੰਦਾ ਹੈ ।੧।ਰਹਾਉ ।
(ਹੇ ਭਾਈ!) ਜਗਤ ਨਾਲ ਕਾਰ-ਵਿਹਾਰ ਕਰਦਿਆਂ ਸੰਤ ਜਨਾਂ ਨੇ ਗੋਬਿੰਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਿਆ ਹੁੰਦਾ ਹੈ, ਗੋਬਿੰਦ ਨੂੰ ਸੰਤ ਜਨ ਆਪਣੇ ਹਿਰਦੇ-ਘਰ ਵਿਚ ਸਦਾ ਆਪਣੇ ਨਾਲ ਰੱਖਦੇ ਹਨ ।੧ ।
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਹਿਰਦੇ ਵਿਚ ਸਾਂਭ ਕੇ ਸੰਤ ਜਨ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ, ਤੇ ਅਨੇਕਾਂ ਜਨਮਾਂ ਦੇ (ਪਹਿਲੇ ਕੀਤੇ ਹੋਏ) ਸਾਰੇ ਪਾਪ ਦੂਰ ਕਰ ਲੈਂਦੇ ਹਨ ।੨ ।
(ਹੇ ਭਾਈ! ਤੂੰ ਭੀ) ਪੂਰੇ ਗੁਰੂ ਦਾ ਉਪਦੇਸ਼ (ਆਪਣੇ ਹਿਰਦੇ ਵਿਚ ਵਸਾ ।
ਜੇਹੜਾ ਮਨੁੱਖ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ) ਭਾਗਾਂ ਵਾਲਾ ਹੋ ਜਾਂਦਾ ਹੈ, ਉਹ (ਲੋਕ ਪਰਲੋਕ ਵਿਚ) ਵਡਿਆਈ ਖੱਟਦਾ ਹੈ, ਉਸ ਦੀ ਸੁਰਤਿ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ ।੩ ।
(ਹੇ ਭਾਈ! ਤੂੰ ਭੀ ਪਰਮਾਤਮਾ ਦੇ) ਸੋਹਣੇ ਚਰਨ (ਆਪਣੇ) ਹਿਰਦੇ ਵਿਚ ਜਪਦਾ ਰਹੁ ।
ਨਾਨਕ (ਉਸ ਪਰਮਾਤਮਾ ਦਾ) ਪਰਤਾਪ ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ ।੪।੮੮।੧੫੭ ।
Follow us on Twitter Facebook Tumblr Reddit Instagram Youtube