ਗਉੜੀ ਮਹਲਾ ੫ ॥
ਹਰਿ ਹਰਿ ਨਾਮਿ ਮਜਨੁ ਕਰਿ ਸੂਚੇ ॥
ਕੋਟਿ ਗ੍ਰਹਣ ਪੁੰਨ ਫਲ ਮੂਚੇ ॥੧॥ ਰਹਾਉ ॥

ਹਰਿ ਕੇ ਚਰਣ ਰਿਦੇ ਮਹਿ ਬਸੇ ॥
ਜਨਮ ਜਨਮ ਕੇ ਕਿਲਵਿਖ ਨਸੇ ॥੧॥

ਸਾਧਸੰਗਿ ਕੀਰਤਨ ਫਲੁ ਪਾਇਆ ॥
ਜਮ ਕਾ ਮਾਰਗੁ ਦ੍ਰਿਸਟਿ ਨ ਆਇਆ ॥੨॥

ਮਨ ਬਚ ਕ੍ਰਮ ਗੋਵਿੰਦ ਅਧਾਰੁ ॥
ਤਾ ਤੇ ਛੁਟਿਓ ਬਿਖੁ ਸੰਸਾਰੁ ॥੩॥

ਕਰਿ ਕਿਰਪਾ ਪ੍ਰਭਿ ਕੀਨੋ ਅਪਨਾ ॥
ਨਾਨਕ ਜਾਪੁ ਜਪੇ ਹਰਿ ਜਪਨਾ ॥੪॥੮੬॥੧੫੫॥

Sahib Singh
ਨਾਮਿ = ਨਾਮ ਵਿਚ, ਨਾਮ (-ਤੀਰਥ) ਵਿਚ ।
ਮਜਨੁ = ਇਸ਼ਨਾਨ ।
ਕਰਿ = ਕਰ ਕੇ ।
ਸੂਚੇ = ਸੁੱਚੇ, ਪਵਿਤ੍ਰ ।
ਕੋਟਿ = ਕ੍ਰੋੜਾਂ ।
ਮੂਚੇ = ਬਹੁਤ, ਵਧੀਕ ।੧।ਰਹਾਉ ।
ਕਿਲਵਿਖ = ਪਾਪ ।੧ ।
ਸੰਗਿ = ਸੰਗਤਿ ਵਿਚ ।
ਮਾਰਗੁ = ਰਸਤਾ ।੨ ।
ਬਚ = ਬਚਨ ।
ਕ੍ਰਮ = ਕਰਮ, ਕੰਮ ।
ਅਧਾਰੁ = ਆਸਰਾ ।
ਤਾ ਤੇ = ਉਸ ਤੋਂ ।
ਬਿਖੁ = ਜ਼ਹਰ ।੩ ।
ਪ੍ਰਭਿ = ਪ੍ਰਭੂ ਨੇ ।
ਜਪੇ = ਜਪਦਾ ਹੈ ।
    
Sahib Singh
(ਹੇ ਭਾਈ!) ਪਰਮਾਤਮਾ ਦੇ ਨਾਮ (-ਤੀਰਥ ਵਿਚ ਇਸ਼ਨਾਨ ਕਰ ਕੇ ਸੁੱਚੇ (ਜੀਵਨ ਵਾਲਾ ਬਣ ਜਾਈਦਾ ਹੈ) ।
(ਨਾਮ-ਤੀਰਥ ਵਿਚ ਇਸ਼ਨਾਨ ਕੀਤਿਆਂ) ਕ੍ਰੋੜਾਂ ਗ੍ਰਹਣਾਂ ਸਮੇ ਕੀਤੇ ਪੁੰਨਾਂ ਦੇ ਫਲਾਂ ਨਾਲੋਂ ਭੀ ਵਧੀਕ ਫਲ ਮਿਲਦੇ ਹਨ ।੧।ਰਹਾਉ ।
(ਹੇ ਭਾਈ! ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸ ਪੈਣ, ਉਸ ਦੇ ਅਨੇਕਾਂ ਜਨਮਾਂ ਦੇ (ਕੀਤੇ) ਪਾਪ ਨਾਸ ਹੋ ਜਾਂਦੇ ਹਨ ।੧ ।
(ਹੇ ਭਾਈ! ਜਿਸ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਫਲ ਪ੍ਰਾਪਤ ਕਰ ਲਿਆ, ਜਮਾਂ ਦਾ ਰਸਤਾ ਉਸ ਦੀ ਨਜ਼ਰੀਂ ਭੀ ਨ ਪਿਆ (ਆਤਮਕ ਮੌਤ ਉਸ ਦੇ ਕਿਤੇ ਨੇੜੇ ਭੀ ਨਾਹ ਢੁੱਕੀ) ।੨ ।
(ਹੇ ਭਾਈ! ਜਿਸ ਮਨੁੱਖ ਨੇ) ਆਪਣੇ ਮਨ ਦਾ ਆਪਣੇ ਬੋਲਾਂ ਦਾ ਆਪਣੇ ਕੰਮਾਂ ਦਾ ਆਸਰਾ ਪਰਮਾਤਮਾ (ਦੇ ਨਾਮ) ਨੂੰ ਬਣਾ ਲਿਆ, ਉਸ ਤੋਂ ਸੰਸਾਰ (ਦਾ ਮੋਹ) ਪਰੇ ਹਟ ਗਿਆ, ਉਸ ਤੋਂ (ਵਿਕਾਰਾਂ ਦਾ ਉਹ) ਜ਼ਹਰ ਪਰੇ ਰਹਿ ਗਿਆ (ਜੋ ਮਨੁੱਖ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) ।੩ ।
ਹੇ ਨਾਨਕ! ਮਿਹਰ ਕਰ ਕੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ ।
ਉਹ ਮਨੁੱਖ ਸਦਾ ਪ੍ਰਭੂ ਦਾ ਜਾਪ ਜਪਦਾ ਹੈ ਪ੍ਰਭੂ ਦਾ ਭਜਨ ਕਰਦਾ ਹੈ ।੪।੮੬।੧੫੫ ।
Follow us on Twitter Facebook Tumblr Reddit Instagram Youtube