ਗਉੜੀ ਮਹਲਾ ੫ ॥
ਜਲਿ ਥਲਿ ਮਹੀਅਲਿ ਪੂਰਨ ਹਰਿ ਮੀਤ ॥
ਭ੍ਰਮ ਬਿਨਸੇ ਗਾਏ ਗੁਣ ਨੀਤ ॥੧॥

ਊਠਤ ਸੋਵਤ ਹਰਿ ਸੰਗਿ ਪਹਰੂਆ ॥
ਜਾ ਕੈ ਸਿਮਰਣਿ ਜਮ ਨਹੀ ਡਰੂਆ ॥੧॥ ਰਹਾਉ ॥

ਚਰਣ ਕਮਲ ਪ੍ਰਭ ਰਿਦੈ ਨਿਵਾਸੁ ॥
ਸਗਲ ਦੂਖ ਕਾ ਹੋਇਆ ਨਾਸੁ ॥੨॥

ਆਸਾ ਮਾਣੁ ਤਾਣੁ ਧਨੁ ਏਕ ॥
ਸਾਚੇ ਸਾਹ ਕੀ ਮਨ ਮਹਿ ਟੇਕ ॥੩॥

ਮਹਾ ਗਰੀਬ ਜਨ ਸਾਧ ਅਨਾਥ ॥
ਨਾਨਕ ਪ੍ਰਭਿ ਰਾਖੇ ਦੇ ਹਾਥ ॥੪॥੮੫॥੧੫੪॥

Sahib Singh
ਜਲਿ = ਜਲ ਵਿਚ ।
ਥਲਿ = ਧਰਤੀ ਵਿਚ ।
ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ ।
ਹਰਿ ਮੀਤ ਗੁਣ = ਪ੍ਰਭੂ = ਮਿੱਤਰ ਦੇ ਗੁਣ ।
ਨੀਤ = ਸਦਾ ।
ਭ੍ਰਮ = ਭਟਕਣ ।੧ ।
ਸੰਗਿ = (ਜੀਵ ਦੇ) ਨਾਲ ।
ਪਹਰੂਆ = ਰਾਖਾ ।
ਜਾ ਕੈ ਸਿਮਰਣਿ = ਜਿਸ ਦੇ ਸਿਮਰਨ ਨਾਲ ।
ਜਮ ਡਰੂਆ = ਮੌਤ ਦਾ ਡਰ ।੧।ਰਹਾਉ ।
ਰਿਦੈ = ਹਿਰਦੈ ਵਿਚ ।੨ ।
ਏਕ = ਇਕ ਪਰਮਾਤਮਾ ਦੀ ।
ਟੇਕ = ਸਹਾਰਾ ।੩ ।
ਜਨ ਸਾਧ = ਸਾਧ ਜਨ, ਗੁਰਮੁਖਿ, ਗੁਰੂ ਦੇ ਸੇਵਕ ।
ਅਨਾਥ = ਨਿਆਸਰੇ ।
ਪ੍ਰਭਿ = ਪ੍ਰਭੂ ਨੇ ।੪ ।
    
Sahib Singh
(ਹੇ ਭਾਈ!) ਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਮੌਤ ਦਾ ਡਰ ਨਹੀਂ ਰਹਿ ਜਾਂਦਾ (ਆਤਮਕ ਮੌਤ ਨੇੜੇ ਨਹੀਂ ਢੁਕ ਸਕਦੀ), ਉਹ ਪਰਮਾਤਮਾ ਜਾਗਦਿਆਂ ਸੁੱਤਿਆਂ ਹਰ ਵੇਲੇ ਜੀਵ ਦੇ ਨਾਲ ਰਾਖਾ ਹੈ ।੧।ਰਹਾਉ ।
(ਹੇ ਭਾਈ!) ਜੇਹੜਾ ਪ੍ਰਭੂ-ਮਿੱਤਰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵਿਆਪਕ ਹੈ, ਉਸ ਦੇ ਗੁਣ ਸਦਾ ਗਾਵਿਆਂ ਸਭ ਕਿਸਮ ਦੇ ਭਟਕਣ ਨਾਸ ਹੋ ਜਾਂਦੇ ਹਨ ।
(ਹੇ ਭਾਈ!) ਪ੍ਰਭੂ ਦੇ ਸੋਹਣੇ ਚਰਨਾਂ ਦਾ ਜਿਸ ਮਨੁੱਖ ਦੇ ਹਿਰਦੇ ਵਿਚ ਨਿਵਾਸ ਹੋ ਜਾਂਦਾ ਹੈ, ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ; ਇਕ ਪਰਮਾਤਮਾ ਦਾ ਨਾਮ ਹੀ ਉਸ ਮਨੁੱਖ ਦੀ ਆਸ ਬਣ ਜਾਂਦਾ ਹੈ, ਪ੍ਰਭੂ ਦਾ ਨਾਮ ਹੀ ਉਸ ਦਾ ਮਾਣ-ਤਾਣ ਤੇ ਧਨ ਹੋ ਜਾਂਦਾ ਹੈ, ਉਸ ਮਨੁੱਖ ਦੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਸ਼ਾਹ-ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ ।੨, ੩ ।
ਹੇ ਨਾਨਕ! (ਆਖ—ਹੇ ਭਾਈ! ਜੇਹੜੇ) ਬੜੇ ਗਰੀਬ ਤੇ ਅਨਾਥ ਬੰਦੇ (ਸਨ, ਜਦੋਂ ਉਹ) ਗੁਰੂ ਦੇ ਸੇਵਕ (ਬਣ ਗਏ, ਗੁਰੂ ਦੀ ਸਰਨ ਆ ਪਏ) ਪਰਮਾਤਮਾ ਨੇ (ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ) ਹੱਥ ਦੇ ਕੇ ਰੱਖ ਲਿਆ ।੪।੮੫।੧੫੪ ।
Follow us on Twitter Facebook Tumblr Reddit Instagram Youtube