ਗਉੜੀ ਮਹਲਾ ੫ ॥
ਆਠ ਪਹਰ ਸੰਗੀ ਬਟਵਾਰੇ ॥
ਕਰਿ ਕਿਰਪਾ ਪ੍ਰਭਿ ਲਏ ਨਿਵਾਰੇ ॥੧॥

ਐਸਾ ਹਰਿ ਰਸੁ ਰਮਹੁ ਸਭੁ ਕੋਇ ॥
ਸਰਬ ਕਲਾ ਪੂਰਨ ਪ੍ਰਭੁ ਸੋਇ ॥੧॥ ਰਹਾਉ ॥

ਮਹਾ ਤਪਤਿ ਸਾਗਰ ਸੰਸਾਰ ॥
ਪ੍ਰਭ ਖਿਨ ਮਹਿ ਪਾਰਿ ਉਤਾਰਣਹਾਰ ॥੨॥

ਅਨਿਕ ਬੰਧਨ ਤੋਰੇ ਨਹੀ ਜਾਹਿ ॥
ਸਿਮਰਤ ਨਾਮ ਮੁਕਤਿ ਫਲ ਪਾਹਿ ॥੩॥

ਉਕਤਿ ਸਿਆਨਪ ਇਸ ਤੇ ਕਛੁ ਨਾਹਿ ॥
ਕਰਿ ਕਿਰਪਾ ਨਾਨਕ ਗੁਣ ਗਾਹਿ ॥੪॥੮੩॥੧੫੨॥

Sahib Singh
ਸੰਗੀ = ਸਾਥੀ ।
ਬਟਵਾਰੇ = ਵਾਟ = ਮਾਰੇ, ਰਾਹਜ਼ਨ, ਡਾਕੂ ।
ਕਰਿ = ਕਰ ਕੇ ।
ਪ੍ਰਭਿ = ਪ੍ਰਭੂ ਨੇ ।
ਲਏ ਨਿਵਾਰੇ = ਨਿਵਾਰਿ ਲਏ, ਦੂਰ ਕਰ ਦਿੱਤੇ ।੧ ।
ਰਮਹੁ = ਮਾਣੋ ।
ਸਭੁ ਕੋਇ = ਹਰੇਕ ਜੀਵ ।
ਕਲਾ = ਤਾਕਤ ।
ਸੋਇ = ਉਹ ।੧।ਰਹਾਉ ।
ਤਪਤਿ = ਤਪਸ਼, ਸੜਨ ।
ਸਾਗਰ = ਸਮੁੰਦਰ ।
ਉਤਾਰਣਹਾਰ = ਲੰਘਾਣ ਦੀ ਤਾਕਤ ਰੱਖਣ ਵਾਲਾ ।੨ ।
ਸਿਮਰਤ = ਸਿਮਰਦਿਆਂ ।
ਮੁਕਤਿ = ਖ਼ਲਾਸੀ ।
ਪਾਹਿ = ਪ੍ਰਾਪਤ ਕਰ ਲੈਂਦੇ ਹਨ ।੩ ।
ਉਕਤਿ = ਯੁਕਤੀ, ਦਲੀਲ ।
ਇਸ ਤੇ = ਇਸ ਜੀਵ ਪਾਸੋਂ {ਲਫ਼ਜ਼ ‘ਇਸੁ’ ਦਾ ੁ ਸੰਬੰਧਕ ‘ਤੇ’ ਦੇ ਕਾਰਨ ਉਡ ਗਿਆ ਹੈ} ।
ਕਰਿ ਕਿਰਪਾ = ਮਿਹਰ ਕਰ ।
ਗਾਹਿ = ਗਾ ਸਕਦੇ ਹਨ ।੪ ।
    
Sahib Singh
(ਹੇ ਭਾਈ!) ਉਹ ਪਰਮਾਤਮਾ ਸਾਰੀਆਂ ਮੁਕੰਮਲ ਤਾਕਤਾਂ ਦਾ ਮਾਲਕ ਹੈ (ਜੇਹੜਾ ਮਨੁੱਖ ਉਸ ਦਾ ਪੱਲਾ ਫੜਦਾ ਹੈ, ਉਹ ਕਿਸੇ ਵਿਕਾਰ ਨੂੰ ਉਸ ਦੇ ਨੇੜੇ ਨਹੀਂ ਢੁੱਕਣ ਦੇਂਦਾ) ।
ਹਰੇਕ ਜੀਵ ਅਜੇਹੀ ਸਮਰੱਥਾ ਵਾਲੇ ਪ੍ਰਭੂ ਦੇ ਨਾਮ ਦਾ ਰਸ ਮਾਣੋ ।੧।ਰਹਾਉ ।
(ਹੇ ਭਾਈ! ਕਾਮਾਦਿਕ ਪੰਜੇ) ਡਾਕੂ ਅੱਠੇ ਪਹਰ (ਮਨੁੱਖ ਦੇ ਨਾਲ) ਸਾਥੀ ਬਣੇ ਰਹਿੰਦੇ ਹਨ (ਤੇ ਇਸ ਦੇ ਆਤਮਕ ਜੀਵਨ ਉਤੇ ਡਾਕਾ ਮਾਰਦੇ ਰਹਿੰਦੇ ਹਨ ।
ਜਿਨ੍ਹਾਂ ਨੂੰ ਬਚਾਇਆ ਹੈ) ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਬਚਾ ਲਿਆ ਹੈ ।੧ ।
(ਹੇ ਭਾਈ! ਕਾਮਾਦਿਕ ਵਿਕਾਰਾਂ ਦੀ) ਸੰਸਾਰ-ਸਮੁੰਦਰ ਵਿਚ ਬੜੀ ਤਪਸ਼ ਪੈ ਰਹੀ ਹੈ (ਇਸ ਤਪਸ਼ ਤੋਂ ਬਚਣ ਲਈ ਪ੍ਰਭੂ ਦਾ ਹੀ ਆਸਰਾ ਲਵੋ) ਪ੍ਰਭੂ ਇਕ ਖਿਨ ਵਿਚ ਇਸ ਸੜਨ ਵਿਚੋਂ ਪਾਰ ਲੰਘਾਣ ਦੀ ਤਾਕਤ ਰੱਖਣ ਵਾਲਾ ਹੈ ।੨।(ਹੇ ਭਾਈ! ਮਾਇਆ ਦੇ ਮੋਹ ਦੀਆਂ ਇਹ ਵਿਕਾਰ ਆਦਿਕ) ਅਨੇਕਾਂ ਫਾਹੀਆਂ ਹਨ (ਮਨੁੱਖਾਂ ਪਾਸੋਂ ਆਪਣੇ ਜਤਨ ਨਾਲ ਇਹ ਫਾਹੀਆਂ) ਤੋੜੀਆਂ ਨਹੀਂ ਜਾ ਸਕਦੀਆਂ ।
ਪਰ ਪਰਮਾਤਮਾ ਦਾ ਨਾਮ ਸਿਮਰਦਿਆਂ ਇਹਨਾਂ ਫਾਹੀਆਂ ਤੋਂ ਖ਼ਲਾਸੀ-ਰੂਪ ਫਲ ਹਾਸਲ ਕਰ ਲੈਂਦੇ ਹਨ ।੩ ।
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ—ਹੇ ਪ੍ਰਭੂ!) ਇਸ ਜੀਵ ਪਾਸੋਂ ਕੋਈ ਅਜੇਹੀ ਸਿਆਣਪ ਕੋਈ ਅਜੇਹੀ ਦਲੀਲ ਨਹੀ ਚੱਲ ਸਕਦੀ (ਜਿਸ ਕਰਕੇ ਇਹ ਇਹਨਾਂ ਡਾਕੂਆਂ ਦੇ ਪੰਜੇ ਤੋਂ ਬਚ ਸਕੇ ।
ਹੇ ਪ੍ਰਭੂ! ਤੂੰ ਆਪ) ਕਿਰਪਾ ਕਰ, ਜੀਵ ਤੇਰੇ ਗੁਣ ਗਾਵਣ (ਤੇ ਇਹਨਾਂ ਤੋਂ ਬਚ ਸਕਣ) ।੪।੮੩।੧੫੨ ।
Follow us on Twitter Facebook Tumblr Reddit Instagram Youtube