ਗਉੜੀ ਮਹਲਾ ੫ ॥
ਕਰਿ ਕਿਰਪਾ ਭੇਟੇ ਗੁਰ ਸੋਈ ॥
ਤਿਤੁ ਬਲਿ ਰੋਗੁ ਨ ਬਿਆਪੈ ਕੋਈ ॥੧॥

ਰਾਮ ਰਮਣ ਤਰਣ ਭੈ ਸਾਗਰ ॥
ਸਰਣਿ ਸੂਰ ਫਾਰੇ ਜਮ ਕਾਗਰ ॥੧॥ ਰਹਾਉ ॥

ਸਤਿਗੁਰਿ ਮੰਤ੍ਰੁ ਦੀਓ ਹਰਿ ਨਾਮ ॥
ਇਹ ਆਸਰ ਪੂਰਨ ਭਏ ਕਾਮ ॥੨॥

ਜਪ ਤਪ ਸੰਜਮ ਪੂਰੀ ਵਡਿਆਈ ॥
ਗੁਰ ਕਿਰਪਾਲ ਹਰਿ ਭਏ ਸਹਾਈ ॥੩॥

ਮਾਨ ਮੋਹ ਖੋਏ ਗੁਰਿ ਭਰਮ ॥
ਪੇਖੁ ਨਾਨਕ ਪਸਰੇ ਪਾਰਬ੍ਰਹਮ ॥੪॥੮੧॥੧੫੦॥

Sahib Singh
ਕਰਿ = ਕਰੇ, ਕਰਦਾ ਹੈ ।
ਭੇਟੇ = ਮਿਲਦਾ ਹੈ ।
ਗੁਰ = ਗੁਰੂ ਨੂੰ ।
ਸੋਈ = ਉਹੀ ।
ਤਿਤੁ = ਉਸ ਦੀ ਰਾਹੀਂ ।
ਤਿਤੁ ਬਲਿ = ਉਸ (ਆਤਮਕ) ਬਲ ਦੀ ਰਾਹੀਂ ।
ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ ।੧ ।
ਰਮਣ = ਸਿਮਰਨ ।
ਤਰਣ = ਪਾਰ ਲੰਘ ਜਾਣਾ ।
ਭੈ ਸਾਗਰ = ਸੰਸਾਰ = ਸਮੁੰਦਰ ।
ਸੂਰ = ਸੂਰਮਾ (ਗੁਰੂ) ।
ਫਾਰੇ = ਪਾੜੇ ਜਾਂਦੇ ਹਨ ।
ਜਮ ਕਾਗਰ = ਜਮਾਂ ਦੇ ਕਾਗ਼ਜ਼, ਜਮਾਂ ਦੇ ਲੇਖੇ, ਆਤਮਕ ਮੌਤ ਲਿਆਉਣ ਵਾਲੇ ਸੰਸਕਾਰ ।੧।ਰਹਾਉ ।
ਸਤਿਗੁਰਿ = ਸਤਿਗੁਰੂ ਨੇ ।
ਆਸਰ = ਆਸਰੇ ।੨ ।
ਸੰਜਮ = ਇੰਦਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੇ ਯਤਨ ।
ਸਹਾਈ = ਮਦਦ ਕਰਨ ਵਾਲੇ ।੩ ।
ਗੁਰਿ = ਗੁਰੂ ਨੇ ।
ਪੇਖੁ = ਵੇਖ ।
ਨਾਨਕ = ਹੇ ਨਾਨਕ !
ਪਸਰੇ = ਵਿਆਪਕ ।੪ ।
    
Sahib Singh
(ਹੇ ਭਾਈ!) ਪਰਮਾਤਮਾ ਦਾ ਸਿਮਰਨ ਕਰਨ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ।
ਸੂਰਮੇ ਗੁਰੂ ਦੀ ਸਰਨ ਪਿਆਂ ਜਮਾਂ ਦੇ ਲੇਖੇ ਪਾੜੇ ਜਾਂਦੇ ਹਨ, (ਆਤਮਕ ਮੌਤ ਲਿਆਉਣ ਵਾਲੇ ਸਾਰੇ ਸੰਸਕਾਰ ਮਿਟ ਜਾਂਦੇ ਹਨ) ।੧।ਰਹਾਉ।(ਪਰ ਹੇ ਭਾਈ!) ਉਹੀ ਮਨੁੱਖ ਗੁਰੂ ਨੂੰ ਮਿਲਦਾ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ।
(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਆਤਮਕ ਬਲ ਪੈਦਾ ਹੁੰਦਾ ਹੈ) ਉਸ ਬਲ ਦੇ ਕਾਰਨ ਕੋਈ ਰੋਗ ਆਪਣਾ ਜ਼ੋਰ ਨਹੀਂ ਪਾ ਸਕਦਾ ।੧ ।
(ਹੇ ਭਾਈ! ਜਿਸ ਮਨੁੱਖ ਨੂੰ) ਸਤਿਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਦੇ ਦਿੱਤਾ, ਇਸ ਨਾਮ-ਮੰਤ੍ਰ ਦੇ ਆਸਰੇ ਉਸ ਦੇ ਸਾਰੇ ਮਨੋਰਥ ਪੂਰੇ ਹੋ ਗਏ ।੨ ।
(ਹੇ ਭਾਈ! ਜਿਸ ਮਨੁੱਖ ਉਤੇ) ਸਤਿਗੁਰੂ ਜੀ ਕਿਰਪਾਲ ਹੋਏ, ਜਿਸ ਦੇ ਮਦਦਗਾਰ ਪ੍ਰਭੂ ਜੀ ਬਣ ਗਏ, ਉਸ ਨੂੰ ਸਾਰੇ ਜਪਾਂ ਦੀ, ਸਾਰੇ ਤਪਾਂ ਦੀ, ਸਾਰੇ ਸੰਜਮਾਂ ਦੀ ਵਡਿਆਈ ਪ੍ਰਾਪਤ ਹੋ ਗਈ ।੩ ।
ਹੇ ਨਾਨਕ! ਵੇਖ, ਗੁਰੂ ਨੇ ਜਿਸ ਮਨੁੱਖ ਦੇ ਅਹੰਕਾਰ ਮੋਹ ਆਦਿਕ ਭਰਮ ਨਾਸ ਕਰ ਦਿੱਤੇ, ਉਸ ਨੂੰ ਪਾਰਬ੍ਰਹਮ ਪ੍ਰਭੂ ਜੀ ਹਰ ਥਾਂ ਵਿਆਪਕ ਦਿੱਸ ਪਏ ।੪।੮੧।੧੫੦ ।
Follow us on Twitter Facebook Tumblr Reddit Instagram Youtube