ਗਉੜੀ ਮਹਲਾ ੫ ॥
ਖਾਦਾ ਪੈਨਦਾ ਮੂਕਰਿ ਪਾਇ ॥
ਤਿਸ ਨੋ ਜੋਹਹਿ ਦੂਤ ਧਰਮਰਾਇ ॥੧॥

ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ ॥
ਕੋਟਿ ਜਨਮ ਭਰਮਹਿ ਬਹੁ ਜੂਨਾ ॥੧॥ ਰਹਾਉ ॥

ਸਾਕਤ ਕੀ ਐਸੀ ਹੈ ਰੀਤਿ ॥
ਜੋ ਕਿਛੁ ਕਰੈ ਸਗਲ ਬਿਪਰੀਤਿ ॥੨॥

ਜੀਉ ਪ੍ਰਾਣ ਜਿਨਿ ਮਨੁ ਤਨੁ ਧਾਰਿਆ ॥
ਸੋਈ ਠਾਕੁਰੁ ਮਨਹੁ ਬਿਸਾਰਿਆ ॥੩॥

ਬਧੇ ਬਿਕਾਰ ਲਿਖੇ ਬਹੁ ਕਾਗਰ ॥
ਨਾਨਕ ਉਧਰੁ ਕ੍ਰਿਪਾ ਸੁਖ ਸਾਗਰ ॥੪॥

ਪਾਰਬ੍ਰਹਮ ਤੇਰੀ ਸਰਣਾਇ ॥
ਬੰਧਨ ਕਾਟਿ ਤਰੈ ਹਰਿ ਨਾਇ ॥੧॥ ਰਹਾਉ ਦੂਜਾ ॥੭੮॥੧੪੭॥

Sahib Singh
ਮੂਕਰਿ ਪਾਇ = {ਸੰਯੁਕਤ ਕਿ੍ਰਆ ਦਾ ਪਹਿਲਾ ਹਿੱਸਾ ਸਦਾ ਇਕਾਰਾਂਤ ਹੁੰਦਾ ਹੈ, ਅਖ਼ੀਰਲੇ ਅੱਖਰ ਨਾਲ ਿਹੁੰਦੀ ਹੈ ।
    ਇਹ ਨਿਯਮ ਸਾਰੀ ਹੀ ਬਾਣੀ ਵਿਚ ਠੀਕ ਉਤਰਦਾ ਹੈ ।
    ਪਰ ‘ਜਪੁ’ ਬਾਣੀ ਵਿਚ ਵੇਖੋ “ਕੇਤੇ ਲੈ ਲੈ ਮੁਕਰੁ ਪਾਹਿ”} ਮੁੱਕਰ ਪੈਂਦਾ ਹੈ ।
ਜੋਹਹਿ = ਤੱਕ ਵਿਚ ਰੱਖਦੇ ਹਨ ।੧।ਜਿਨਿ—ਜਿਸ (ਪਰਮਾਤਮਾ) ਨੇ ।
ਜੀਉ = ਜਿੰਦ ।
ਪਿੰਡੁ = ਸਰੀਰ ।
ਭਰਮਹਿ = ਤੂੰ ਭਟਕੇਂਗਾ ।੧।ਰਹਾਉ ।
ਸਾਕਤ = ਮਾਇਆ = ਵੇੜਿ੍ਹਆ ਜੀਵ, ਪ੍ਰਭੂ ਨਾਲੋਂ ਟੁੱਟਾ ਹੋਇਆ ।
ਰੀਤਿ = ਜੀਵਨ = ਮਰਯਾਦਾ ।
ਬਿਪਰੀਤਿ = ਉਲਟ ।੨ ।
ਜਿਨਿ = ਜਿਸ (ਪ੍ਰਭੂ) ਨੇ ।
ਧਾਰਿਆ = (ਆਪਣੀ ਜੋਤਿ ਨਾਲ) ਸਹਾਰਾ ਦਿੱਤਾ ਹੋਇਆ ਹੈ ।
ਮਨਹੁ = ਮਨ ਤੋਂ ।੩ ।
ਬਧੇ = ਵਧੇ ਹੋਏ ਹਨ ।
ਕਾਗਰ = ਕਾਗ਼ਜ਼, ਦਫ਼ਤਰ ।
ਉਧਰੁ = ਬਚਾ ਲੈ ।
ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ ਪ੍ਰਭੂ !
    ।੪ ।
ਪਾਰਬ੍ਰਹਮ = ਹੇ ਪਾਰਬ੍ਰਹਮ !
ਨਾਇ = ਨਾਮ ਦੀ ਰਾਹੀਂ ।੧ ।
    ਰਹਾਉ ਦੂਜਾ ।
    
Sahib Singh
(ਹੇ ਭਾਈ! ਤੂੰ) ਉਸ ਪਰਮਾਤਮਾ (ਦੀ ਯਾਦ) ਵਲੋਂ ਮੂੰਹ ਮੋੜੀ ਬੈਠਾ ਹੈਂ, ਜਿਸ ਨੇ (ਤੈਨੂੰ) ਜਿੰਦ ਦਿੱਤੀ, ਜਿਸ ਨੇ (ਤੈਨੂੰ) ਸਰੀਰ ਦਿੱਤਾ ।
(ਯਾਦ ਰੱਖ, ਇਥੋਂ ਖੁੰਝ ਕੇ) ਕ੍ਰੋੜਾਂ ਜਨਮਾਂ ਵਿਚ ਅਨੇਕਾਂ ਜੂਨਾਂ ਵਿਚ ਭਟਕਦਾ ਫਿਰੇਂਗਾ ।੧।ਰਹਾਉ ।
(ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀਆਂ ਬਖ਼ਸ਼ੀਆਂ ਦਾਤਾਂ) ਖਾਂਦਾ ਰਹਿੰਦਾ ਹੈ ਪਹਿਨਦਾ ਰਹਿੰਦਾ ਹੈ ਤੇ ਇਸ ਗੱਲੋਂ ਮੁਕਰਿਆ ਰਹਿੰਦਾ ਹੈ ਕਿ ਇਹ ਪਰਮਾਤਮਾ ਨੇ ਦਿੱਤੀਆਂ ਹਨ, ਉਸ ਮਨੁੱਖ ਨੂੰ ਧਰਮ-ਰਾਜ ਦੇ ਦੂਤ ਆਪਣੀ ਤੱਕ ਵਿਚ ਰੱਖਦੇ ਹਨ (ਭਾਵ, ਉਹ ਮਨੁੱਖ ਸਦਾ ਆਤਮਕ ਮੌਤੇ ਮਰਿਆ ਰਹਿੰਦਾ ਹੈ) ।੧ ।
(ਹੇ ਭਾਈ!) ਮਾਇਆ-ਵੇੜ੍ਹੇ ਮਨੁੱਖ ਦੀ ਜੀਵਨ-ਮਰਯਾਦਾ ਹੀ ਐਸੀ ਹੈ ਕਿ ਉਹ ਜੋ ਕੁਝ ਕਰਦਾ ਹੈ ਸਾਰਾ ਬੇ-ਮੁਖਤਾ ਦਾ ਕੰਮ ਹੀ ਕਰਦਾ ਹੈ ।੨ ।
(ਹੇ ਭਾਈ!) ਜਿਸ ਪਰਮਾਤਮਾ ਨੇ ਜੀਵ ਦੀ ਜਿੰਦ ਨੂੰ ਮਨ ਨੂੰ ਸਰੀਰ ਨੂੰ (ਆਪਣੀ ਜੋਤਿ ਦਾ) ਸਹਾਰਾ ਦਿੱਤਾ ਹੋਇਆ ਹੈ, ਉਸ ਪਾਲਣਹਾਰ ਪ੍ਰਭੂ ਨੂੰ ਸਾਕਤ ਮਨੁੱਖ ਆਪਣੇ ਮਨ ਤੋਂ ਭੁਲਾਈ ਰੱਖਦਾ ਹੈ ।੩ ।
(ਇਸ ਤ੍ਰਹਾਂ, ਹੇ ਭਾਈ! ਉਸ ਸਾਕਤ ਦੇ ਇਤਨੇ) ਵਿਕਾਰ ਵਧ ਜਾਂਦੇ ਹਨ ਕਿ ਉਹਨਾਂ ਦੇ ਅਨੇਕਾਂ ਦਫ਼ਤਰ ਹੀ ਲਿਖੇ ਜਾਂਦੇ ਹਨ ।
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ—) ਹੇ ਦਇਆ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! (ਤੂੰ ਆਪ ਸਾਨੂੰ ਜੀਵਾਂ ਨੂੰ ਵਿਕਾਰਾਂ ਤੋਂ) ਬਚਾ ਰੱਖ ।੪ ।
ਹੇ ਪਾਰਬ੍ਰਹਮ ਪ੍ਰਭੂ! ਜੇਹੜੇ ਮਨੁੱਖ (ਤੇਰੀ ਮਿਹਰ ਨਾਲ) ਤੇਰੀ ਸਰਨ ਆਉਂਦੇ ਹਨ, ਉਹ ਤੇਰੇ ਹਰਿ-ਨਾਮ ਦੀ ਬਰਕਤਿ ਨਾਲ (ਆਪਣੇ ਮਾਇਆ ਦੇ) ਬੰਧਨ ਕੱਟ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ।੧।ਰਹਾਉ ਦੂਜਾ ।੭੮।੧੪੭ ।
Follow us on Twitter Facebook Tumblr Reddit Instagram Youtube