ਗਉੜੀ ਮਹਲਾ ੫ ॥
ਹਰਿ ਚਰਣੀ ਜਾ ਕਾ ਮਨੁ ਲਾਗਾ ॥
ਦੂਖੁ ਦਰਦੁ ਭ੍ਰਮੁ ਤਾ ਕਾ ਭਾਗਾ ॥੧॥

ਹਰਿ ਧਨ ਕੋ ਵਾਪਾਰੀ ਪੂਰਾ ॥
ਜਿਸਹਿ ਨਿਵਾਜੇ ਸੋ ਜਨੁ ਸੂਰਾ ॥੧॥ ਰਹਾਉ ॥

ਜਾ ਕਉ ਭਏ ਕ੍ਰਿਪਾਲ ਗੁਸਾਈ ॥
ਸੇ ਜਨ ਲਾਗੇ ਗੁਰ ਕੀ ਪਾਈ ॥੨॥

ਸੂਖ ਸਹਜ ਸਾਂਤਿ ਆਨੰਦਾ ॥
ਜਪਿ ਜਪਿ ਜੀਵੇ ਪਰਮਾਨੰਦਾ ॥੩॥

ਨਾਮ ਰਾਸਿ ਸਾਧ ਸੰਗਿ ਖਾਟੀ ॥
ਕਹੁ ਨਾਨਕ ਪ੍ਰਭਿ ਅਪਦਾ ਕਾਟੀ ॥੪॥੭੪॥੧੪੩॥

Sahib Singh
ਜਾ ਕਾ = ਜਿਸ (ਮਨੁੱਖ) ਦਾ ।
ਤਾ ਕਾ = ਉਸ (ਮਨੁੱਖ) ਦਾ ।੧ ।
ਕੋ = ਦਾ ।
ਵਾਪਾਰੀ = ਵਣਜ ਕਰਨ ਵਾਲਾ ।
ਪੂਰਾ = ਅਡੋਲ = ਚਿੱਤ, ਜਿਸ ਉਤੇ ਕੋਈ ਉਕਾਈ ਆਪਣਾ ਪ੍ਰਭਾਵ ਨਾਹ ਪਾ ਸਕੇ ।
ਜਿਸਹਿ = ਜਿਸ (ਮਨੁੱਖ) ਨੂੰ ।
ਨਿਵਾਜੇ = ਇੱਜ਼ਤ ਬਖ਼ਸ਼ਦਾ ਹੈ, ਮਿਹਰ ਕਰਦਾ ਹੈ ।
ਸੂਰਾ = ਸੂਰਮਾ, ਵਿਕਾਰਾਂ ਦਾ ਟਾਕਰਾ ਕਰਨ ਦੇ ਸਮਰੱਥ ।੧।ਰਹਾਉ ।
ਕਉ = ਨੂੰ {ਲਫ਼ਜ਼—'ਕੋ' ਅਤੇ 'ਕਉ' ਦਾ ਫ਼ਰਕ ਪਾਠਕ-ਜਨ ਚੇਤੇ ਰੱਖਣ} ।
ਗੁਸਾਈ = ਧਰਤੀ ਦਾ ਮਾਲਕ, ਪ੍ਰਭੂ ।
ਪਾਈ = ਪਾਈਂ, ਪੈਰੀਂ ।੨ ।
ਸਹਜ = ਆਤਮਕ ਅਡੋਲਤਾ ।
ਜਪਿ = ਜਪ ਕੇ ।
ਜੀਵੇ = ਉਚੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ।
ਪਰਮਾਨੰਦ = ਸਭ ਤੋਂ ਉੱਚੇ ਆਤਮਕ ਆਨੰਦ ਦਾ ਮਾਲਕ-ਪ੍ਰਭੂ ।੩ ।
ਰਾਸਿ = ਪੂੰਜੀ, ਸਰਮਾਇਆ, ਧਨ ।
ਖਾਟੀ = ਖੱਟ ਲਈ ।
ਪ੍ਰਭਿ = ਪ੍ਰਭੂ ਨੇ ।
ਅਪਦਾ = ਬਿਪਤਾ, ਮੁਸੀਬਤ ।੪ ।
    
Sahib Singh
(ਹੇ ਭਾਈ!) ਪਰਮਾਤਮਾ ਦੇ ਨਾਮ-ਧਨ ਦਾ ਵਣਜ ਕਰਨ ਵਾਲਾ ਮਨੁੱਖ ਅਡੋਲ ਹਿਰਦੇ ਦਾ ਮਾਲਕ ਬਣ ਜਾਂਦਾ ਹੈ (ਉਸ ਉਤੇ ਕੋਈ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਕਿਉਂਕਿ) ਜਿਸ ਮਨੁੱਖ ਉੱਤੇ ਪਰਮਾਤਮਾ ਆਪਣੇ ਨਾਮ-ਧਨ ਦੀ ਦਾਤਿ ਦੀ ਮਿਹਰ ਕਰਦਾ ਹੈ ਉਹ ਮਨੁੱਖ (ਵਿਕਾਰਾਂ ਦੇ ਟਾਕਰੇ ਤੇ) ਸੂਰਮਾ ਬਣ ਜਾਂਦਾ ਹੈ ।੧।ਰਹਾਉ ।
(ਹੇ ਭਾਈ! ਪਰਮਾਤਮਾ ਦੀ ਮਿਹਰ ਨਾਲ) ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਪਰਚ ਜਾਂਦਾ ਹੈ ਉਸ ਦਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ, ਉਸ ਦੀ (ਮਾਇਆ ਆਦਿਕ ਵਾਲੀ) ਭਟਕਣਾ ਮੁੱਕ ਜਾਂਦੀ ਹੈ ।੧ ।
(ਪਰ ਹੇ ਭਾਈ! ਨਾਮ-ਧਨ ਦੀ ਦਾਤਿ ਗੁਰੂ ਰਾਹੀਂ ਮਿਲਦੀ ਹੈ ਤੇ), ਜਿਨ੍ਹਾਂ ਮਨੁੱਖਾਂ ਉਤੇ ਧਰਤੀ ਦੇ ਮਾਲਕ-ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ (ਗੁਰੂ ਦੀ ਸਰਨ ਪੈਂਦੇ ਹਨ) ।੨।(ਹੇ ਭਾਈ!) ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ-ਪ੍ਰਭੂ ਨੂੰ ਸਿਮਰ ਸਿਮਰ ਕੇ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ, ਫਿਰ ਉਹਨਾਂ ਦੇ ਅੰਦਰ ਸਦਾ ਸੁਖ ਸ਼ਾਂਤੀ ਤੇ ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ ।੩ ।
ਹੇ ਨਾਨਕ! ਆਖ—ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੇ ਨਾਮ-ਧਨ ਦਾ ਸਰਮਾਇਆ ਕਮਾ ਲਿਆ ਹ ੈ, ਪਰਮਾਤਮਾ ਨੇ ਉਸ ਦੀ ਹਰੇਕ ਕਿਸਮ ਦੀ ਬਿਪਤਾ ਦੂਰ ਕਰ ਦਿੱਤੀ ਹੈ ।੪।੭੪।੧੪੩ ।
Follow us on Twitter Facebook Tumblr Reddit Instagram Youtube