ਗਉੜੀ ਮਹਲਾ ੫ ॥
ਗੁਰ ਜੀ ਕੇ ਦਰਸਨ ਕਉ ਬਲਿ ਜਾਉ ॥
ਜਪਿ ਜਪਿ ਜੀਵਾ ਸਤਿਗੁਰ ਨਾਉ ॥੧॥

ਪਾਰਬ੍ਰਹਮ ਪੂਰਨ ਗੁਰਦੇਵ ॥
ਕਰਿ ਕਿਰਪਾ ਲਾਗਉ ਤੇਰੀ ਸੇਵ ॥੧॥ ਰਹਾਉ ॥

ਚਰਨ ਕਮਲ ਹਿਰਦੈ ਉਰ ਧਾਰੀ ॥
ਮਨ ਤਨ ਧਨ ਗੁਰ ਪ੍ਰਾਨ ਅਧਾਰੀ ॥੨॥

ਸਫਲ ਜਨਮੁ ਹੋਵੈ ਪਰਵਾਣੁ ॥
ਗੁਰੁ ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥੩॥

ਸੰਤ ਧੂਰਿ ਪਾਈਐ ਵਡਭਾਗੀ ॥
ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ॥੪॥੭੦॥੧੩੯॥

Sahib Singh
ਬਲਿ ਜਾਉ = ਮੈਂ ਸਦਕੇ ਜਾਂਦਾ ਹਾਂ ।
ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੁੰਦਾ ਹੈ ।੧ ।
ਪਾਰਬ੍ਰਹਮ = ਹੇ ਪਾਰਬ੍ਰਹਮ !
ਲਾਗਉ = ਲਾਗਉਂ, ਮੈਂ ਲੱਗਾ ਰਹਾਂ ।੧।ਰਹਾਉ ।
ਉਰ = {ੳਰਸੱ} ਹਿਰਦਾ ।
ਗੁਰ = ਗੁਰ (ਚਰਨ), ਗੁਰੂ ਦੇ ਚਰਨ ।
ਅਧਾਰੀ = ਆਸਰਾ ।੨ ।
ਪਰਵਾਣੁ = ਕਬੂਲ ।
ਨਿਕਟਿ = ਨੇੜੇ ।੩ ।
ਸੰਤ ਧੂਰਿ = ਗੁਰੂ = ਸੰਤ ਦੇ ਚਰਨਾਂ ਦੀ ਧੂੜ ।
ਗੁਰ ਭੇਟਤ = ਗੁਰੂ ਨੂੰ ਮਿਲਿਆਂ ।
ਲਿਵ = ਲਗਨ ।੪ ।
    
Sahib Singh
ਹੇ ਪੂਰਨ ਪਾਰਬ੍ਰਹਮ! ਹੇ ਗੁਰਦੇਵ! ਕਿਰਪਾ ਕਰ, ਮੈਂ ਤੇਰੀ ਸੇਵਾ-ਭਗਤੀ ਵਿਚ ਲੱਗਾ ਰਹਾਂ ।੧।ਰਹਾਉ ।
(ਹੇ ਭਾਈ!) ਮੈਂ ਸਤਿਗੁਰੂ ਜੀ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ ।
ਸਤਿਗੁਰੂ ਦਾ ਨਾਮ ਚੇਤੇ ਕਰ ਕੇ ਮੇਰੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੁੰਦਾ ਹੈ ।੧ ।
(ਇਸ ਵਾਸਤੇ, ਹੇ ਭਾਈ! ਗੁਰੂ ਦੇ) ਸੋਹਣੇ ਚਰਨ ਮੈਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾਂਦਾ ਹਾਂ ।
ਗੁਰੂ ਦੇ ਚਰਨ ਮੇਰੇ ਮਨ ਦਾ ਮੇਰੇ ਤਨ ਦਾ ਮੇਰੇ ਧਨ ਦਾ ਮੇਰੀ ਜਿੰਦ ਦਾ ਆਸਰਾ ਹਨ ।੨ ।
(ਹੇ ਭਾਈ!) ਗੁਰੂ ਨੂੰ ਪਾਰਬ੍ਰਹਮ ਪ੍ਰਭੂ ਨੂੰ (ਸਦਾ ਆਪਣੇ) ਨੇੜੇ ਵੱਸਦਾ ਸਮਝ ।
(ਇਸ ਤ੍ਰਹਾਂ ਤੇਰਾ ਮਨੁੱਖਾ) ਜਨਮ ਕਾਮਯਾਬ ਹੋ ਜਾਇਂਗਾ ਤੂੰ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਇਂਗਾ ।੩ ।
ਹੇ ਨਾਨਕ! ਗੁਰੂ-ਸੰਤ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ ।
ਗੁਰੂ ਨੂੰ ਮਿਲਿਆਂ ਪਰਮਾਤਮਾ (ਦੇ ਚਰਨਾਂ) ਨਾਲ ਲਗਨ ਲੱਗ ਜਾਂਦੀ ਹੈ ।੪।੭੦।੧੩੯ ।
Follow us on Twitter Facebook Tumblr Reddit Instagram Youtube