ਗਉੜੀ ਮਹਲਾ ੫ ॥
ਹਿਰਦੈ ਚਰਨ ਕਮਲ ਪ੍ਰਭ ਧਾਰੇ ॥
ਪੂਰੇ ਸਤਿਗੁਰ ਮਿਲਿ ਨਿਸਤਾਰੇ ॥੧॥

ਗੋਵਿੰਦ ਗੁਣ ਗਾਵਹੁ ਮੇਰੇ ਭਾਈ ॥
ਮਿਲਿ ਸਾਧੂ ਹਰਿ ਨਾਮੁ ਧਿਆਈ ॥੧॥ ਰਹਾਉ ॥

ਦੁਲਭ ਦੇਹ ਹੋਈ ਪਰਵਾਨੁ ॥
ਸਤਿਗੁਰ ਤੇ ਪਾਇਆ ਨਾਮ ਨੀਸਾਨੁ ॥੨॥

ਹਰਿ ਸਿਮਰਤ ਪੂਰਨ ਪਦੁ ਪਾਇਆ ॥
ਸਾਧਸੰਗਿ ਭੈ ਭਰਮ ਮਿਟਾਇਆ ॥੩॥

ਜਤ ਕਤ ਦੇਖਉ ਤਤ ਰਹਿਆ ਸਮਾਇ ॥
ਨਾਨਕ ਦਾਸ ਹਰਿ ਕੀ ਸਰਣਾਇ ॥੪॥੬੯॥੧੩੮॥

Sahib Singh
ਚਰਨ ਕਮਲ ਪ੍ਰਭ = ਪ੍ਰਭੂ ਦੇ ਕੌਲ-ਫੁੱਲਾਂ ਵਰਗੇ ਸੋਹਣੇ ਚਰਨ ।
ਸਤਿਗੁਰ ਮਿਲਿ = ਗੁਰੂ ਨੂੰ ਮਿਲ ਕੇ ।
ਨਿਸਤਾਰੇ = (ਸੰਸਾਰ = ਸਮੁੰਦਰ ਤੋਂ) ਪਾਰ ਲੰਘ ਗਏ ।੧ ।
ਭਾਈ = ਹੇ ਭਾਈ !
ਸਾਧੂ = ਗੁਰੂ ।
ਧਿਆਈ = ਧਿਆਇ, ਸਿਮਰ ।੧।ਰਹਾਉ।ਦੇਹ—ਸਰੀਰ, ਮਨੁੱਖਾ ਸਰੀਰ ।
ਦੁਲਭ = ਜੇਹੜਾ ਬੜੀ ਮੁਸ਼ਕਲ ਨਾਲ ਮਿਲਦਾ ਹੈ ।
ਤੇ = ਤੋਂ ।
ਨੀਸਾਨੁ = ਪਰਵਾਨਾ, ਰਾਹਦਾਰੀ ।੨ ।
ਪੂਰਨ ਪਦੁ = ਉਹ ਆਤਮਕ ਦਰਜਾ ਜਿਥੇ ਉਕਾਈ ਦੀ ਗੁੰਜੈਸ਼ ਨਹੀਂ ਰਹਿੰਦੀ ।
ਸੰਗਿ = ਸੰਗਤਿ ਵਿਚ ।੩ ।
ਜਤ ਕਤ = ਜਿਧਰ ਕਿਧਰ ।
ਦੇਖਉ = ਦੇਖਉਂ, ਮੈਂ ਵੇਖਦਾ ਹਾਂ ।
ਤਤ = ਤੱਤ੍ਰ, ਉਧਰ (ਹੀ) ।੪ ।
    
Sahib Singh
ਹੇ ਮੇਰੇ ਭਾਈ! ਗੋਬਿੰਦ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹੋ ।
ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰੋ ।੧।ਰਹਾਉ ।
(ਹੇ ਮੇਰੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੇ ਸੁੰਦਰ ਚਰਨ ਆਪਣੇ ਹਿਰਦੇ ਵਿਚ ਟਿਕਾਂਦੇ ਹਨ, ਪੂਰੇ ਸਤਿਗੁਰੂ ਨੂੰ ਮਿਲ ਕੇ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ।
(ਹੇ ਮੇਰੇ ਭਾਈ! ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ-ਸਫ਼ਰ ਵਿਚ) ਸਤਿਗੁਰੂ ਪਾਸੋਂ ਪਰਮਾਤਮਾ ਦੇ ਨਾਮ ਦੀ ਰਾਹਦਾਰੀ ਹਾਸਲ ਕਰ ਲਈ ਹੈ, ਉਹਨਾਂ ਦਾ ਮਨੁੱਖਾ ਸਰੀਰ—ਬੜੀ ਕਠਨਤਾ ਨਾਲ ਮਿਲਿਆ ਹੋਇਆ ਮਨੁੱਖਾ ਸਰੀਰ—(ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦਾ ਹੈ ।੨ ।
(ਹੇ ਮੇਰੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਉਹ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਜਿਥੇ ਕਿਸੇ ਉਕਾਈ ਦੀ ਸੰਭਾਵਨਾ ਨਹੀਂ ਰਹਿ ਜਾਂਦੀ ।
ਸਾਧ ਸੰਗਤਿ ਵਿਚ ਰਹਿ ਕੇ ਮਨੁੱਖ ਸਾਰੇ ਡਰ ਸਾਰੀਆਂ ਭਟਕਣਾ ਮਿਟਾ ਲੈਂਦਾ ਹੈ ।੩ ।
ਹੇ ਨਾਨਕ! (ਆਖ—ਹੇ ਮੇਰੇ ਭਾਈ! ਗੁਰੂ ਦੀ ਸਰਨ ਦੀ ਬਰਕਤਿ ਨਾਲ) ਮੈਂ ਜਿਧਰ ਭੀ ਵੇਖਦਾ ਹਾਂ, ਉਧਰ ਹੀ ਪਰਮਾਤਮਾ ਵਿਆਪਕ ਦਿੱਸਦਾ ਹੈ ।
(ਹੇ ਭਾਈ! ਪ੍ਰਭੂ ਦੇ) ਸੇਵਕ ਪ੍ਰਭੂ ਦੀ ਸਰਨ ਵਿਚ ਹੀ ਟਿਕੇ ਰਹਿੰਦੇ ਹਨ ।੪।੬੯।੧੩੮ ।
Follow us on Twitter Facebook Tumblr Reddit Instagram Youtube