ਗਉੜੀ ਮਹਲਾ ੫ ॥
ਹਰਿ ਸਿਮਰਤ ਤੇਰੀ ਜਾਇ ਬਲਾਇ ॥
ਸਰਬ ਕਲਿਆਣ ਵਸੈ ਮਨਿ ਆਇ ॥੧॥

ਭਜੁ ਮਨ ਮੇਰੇ ਏਕੋ ਨਾਮ ॥
ਜੀਅ ਤੇਰੇ ਕੈ ਆਵੈ ਕਾਮ ॥੧॥ ਰਹਾਉ ॥

ਰੈਣਿ ਦਿਨਸੁ ਗੁਣ ਗਾਉ ਅਨੰਤਾ ॥
ਗੁਰ ਪੂਰੇ ਕਾ ਨਿਰਮਲ ਮੰਤਾ ॥੨॥

ਛੋਡਿ ਉਪਾਵ ਏਕ ਟੇਕ ਰਾਖੁ ॥
ਮਹਾ ਪਦਾਰਥੁ ਅੰਮ੍ਰਿਤ ਰਸੁ ਚਾਖੁ ॥੩॥

ਬਿਖਮ ਸਾਗਰੁ ਤੇਈ ਜਨ ਤਰੇ ॥
ਨਾਨਕ ਜਾ ਕਉ ਨਦਰਿ ਕਰੇ ॥੪॥੬੮॥੧੩੭॥

Sahib Singh
ਜਾਇ = ਚਲੀ ਜਾਏਗੀ ।
ਬਲਾਇ = ਵੈਰਨ ।
ਕਲਿਆਣ = ਸੁਖ ।
ਸਰਬ ਕਲਿਆਣ = ਸਾਰੇ ਹੀ ਸੁਖ ।੧ ।
ਮਨ ਮੇਰੇ = ਹੇ ਮੇਰੇ ਮਨ !
ਜੀਅ ਕੈ ਕਾਮਿ = ਜਿੰਦ ਦੇ ਕੰਮ ।੧।ਰਹਾਉ ।
ਰੈਣਿ = ਰਾਤ ।
ਗੁਣ ਅਨੰਤਾ = ਬੇਅੰਤ ਪ੍ਰਭੂ ਦੇ ਗੁਣ ।
ਨਿਰਮਲ = ਪਵਿੱਤਰ ।
ਮੰਤਾ = ਉਪਦੇਸ਼ ।੨ ।
ਉਪਾਵ = {ਲਫ਼ਜ਼, ‘ਉਪਾਉ’ ਤੋਂ ਬਹੁ-ਵਚਨ} ।
ਟੇਕ = ਆਸਰਾ ।
ਮਹਾ ਪਦਾਰਥੁ = ਸਭ ਤੋਂ ਸ੍ਰੇਸ਼ਟ ਪਦਾਰਥ ।੩ ।
ਬਿਖਮ = ਅੌਖਾ ।
ਤੇਈ ਜਨ = ਉਹੀ ਬੰਦੇ ।
ਨਦਰਿ = ਨਿਗਾਹ ।੪ ।
    
Sahib Singh
ਹੇ ਮੇਰੇ ਮਨ! ਇਕ ਪਰਮਾਤਮਾ ਦਾ ਹੀ ਨਾਮ ਸਿਮਰਦਾ ਰਹੁ ।
ਇਹ ਨਾਮ ਹੀ ਤੇਰੀ ਜਿੰਦ ਦੇ ਕੰਮ ਆਵੇਗਾ (ਜਿੰਦ ਦੇ ਨਾਲ ਸਦਾ ਨਿਭੇਗਾ) ।੧।ਰਹਾਉ ।
(ਹੇ ਭਾਈ!) ਪਰਮਾਤਮਾ ਦਾ ਸਿਰਮਨ ਕਰਦਿਆਂ ਤੇਰੀ ਵੈਰਨ (ਮਾਇਆ ਡਾਇਣ) ਤੈਥੋਂ ਪਰੇ ਹਟ ਜਾਏਗੀ ।
(ਜੇ ਪਰਮਾਤਮਾ ਦਾ ਨਾਮ ਤੇਰੇ) ਮਨ ਵਿਚ ਆ ਵੱਸੇ ਤਾਂ (ਤੇਰੇ ਅੰਦਰ) ਸਾਰੇ ਸੁਖ (ਆ ਵੱਸਣਗੇ) ।੧ ।
(ਹੇ ਭਾਈ!) ਪੂਰੇ ਗੁਰੂ ਦਾ ਪਵਿੱਤਰ ਉਪਦੇਸ਼ ਲੈ, ਤੇ ਦਿਨ ਰਾਤ ਬੇਅੰਤ ਪਰਮਾਤਮਾ ਦੇ ਗੁਣ ਗਾਇਆ ਕਰ ।੨ ।
(ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਹੋਰ ਸਾਰੇ ਹੀਲੇ ਛੱਡ, ਤੇ ਇਕ ਪਰਮਾਤਮਾ (ਦੇ ਨਾਮ) ਦਾ ਆਸਰਾ ਰੱਖ ।
ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੱਖ—ਇਹੀ ਹੈ ਸਭ ਪਦਾਰਥਾਂ ਤੋਂ ਸ੍ਰੇਸ਼ਟ ਪਦਾਰਥ ।੩ ।
ਹੇ ਨਾਨਕ! ਉਹੀ ਮਨੁੱਖ ਅੌਖੇ (ਸੰਸਾਰ) ਸਮੁੰਦਰ ਤੋਂ (ਆਤਮਕ ਪੂੰਜੀ ਸਮੇਤ) ਪਾਰ ਲੰਘਦੇ ਹਨ, ਜਿਨ੍ਹਾਂ ਤੇ (ਪਰਮਾਤਮਾ ਆਪ ਮਿਹਰ ਦੀ) ਨਜ਼ਰ ਕਰਦਾ ਹੈ ।੪।੬੮।੧੩੭ ।
Follow us on Twitter Facebook Tumblr Reddit Instagram Youtube