ਗਉੜੀ ਮਹਲਾ ੫ ॥
ਭੈ ਮਹਿ ਰਚਿਓ ਸਭੁ ਸੰਸਾਰਾ ॥
ਤਿਸੁ ਭਉ ਨਾਹੀ ਜਿਸੁ ਨਾਮੁ ਅਧਾਰਾ ॥੧॥

ਭਉ ਨ ਵਿਆਪੈ ਤੇਰੀ ਸਰਣਾ ॥
ਜੋ ਤੁਧੁ ਭਾਵੈ ਸੋਈ ਕਰਣਾ ॥੧॥ ਰਹਾਉ ॥

ਸੋਗ ਹਰਖ ਮਹਿ ਆਵਣ ਜਾਣਾ ॥
ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥੨॥

ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥
ਸੇ ਸੀਤਲ ਜਿਨ ਸਤਿਗੁਰੁ ਪਾਇਆ ॥੩॥

ਰਾਖਿ ਲੇਇ ਪ੍ਰਭੁ ਰਾਖਨਹਾਰਾ ॥
ਕਹੁ ਨਾਨਕ ਕਿਆ ਜੰਤ ਵਿਚਾਰਾ ॥੪॥੬੩॥੧੩੨॥

Sahib Singh
ਭੈ ਮਹਿ = ਡਰ ਵਿਚ {ਲਫ਼ਜ਼ ‘ਭਉ’ ਕਿਸੇ ਸੰਬੰਧਕ ਦੇ ਨਾਲ ‘ਭੈ’ ਬਣ ਜਾਂਦਾ ਹੈ} ।
ਰਚਿਓ = ਜਜ਼ਬ ਹੋਇਆ ਪਿਆ ਹੈ ।
ਤਿਸੁ = ਉਸ (ਮਨੁੱਖ) ਨੂੰ ।
ਅਧਾਰਾ = ਆਸਰਾ ।੧ ।
ਨ ਵਿਆਪੈ = ਜ਼ੋਰ ਨਹੀਂ ਪਾਂਦਾ ।੧।ਰਹਾਉ ।
ਸੋਗ = ਗ਼ਮ, ਦੁੱਖ ।
ਹਰਖ = ਖ਼ੁਸ਼ੀ ।
ਆਵਣ ਜਾਣਾ = (ਭਉ ਦਾ) ਆਉਣਾ ਜਾਣਾ ।
ਪ੍ਰਭ ਭਾਣਾ = ਪ੍ਰਭੂ ਨੂੰ ਚੰਗਾ ਲੱਗਦਾ ਹੈ ।
ਤਿਨਿ = ਉਸ (ਮਨੁੱਖ) ਨੇ ।੨ ।
ਅਗਨਿ ਸਾਗਰੁ = ਅੱਗ ਦਾ ਸਮੁੰਦਰ ।
ਸੇ = ਉਹ ਬੰਦੇ ।੩ ।
ਰਾਖਿ ਲੇਇ = ਰੱਖ ਲੈਂਦਾ ਹੈ ।੪ ।
    
Sahib Singh
ਹੇ ਪ੍ਰਭੂ! ਤੇਰੀ ਸਰਣ ਪਿਆਂ (ਤੇਰਾ ਪੱਲਾ ਫੜਿਆਂ) ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ (ਕਿਉਂਕਿ ਫਿਰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹੀ ਕੰਮ ਕੀਤਾ ਜਾ ਸਕਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ ।੧।ਰਹਾਉ ।
(ਹੇ ਭਾਈ!) ਸਾਰਾ ਸੰਸਾਰ (ਕਿਸੇ ਨ ਕਿਸੇ) ਡਰ-ਸਹਮ ਦੇ ਹੇਠ ਦਬਿਆ ਰਹਿੰਦਾ ਹੈ, ਸਿਰਫ਼ ਉਸ ਮਨੁੱਖ ਉਤੇ (ਕੋਈ) ਡਰ ਆਪਣਾ ਜ਼ੋਰ ਨਹੀਂ ਪਾ ਸਕਦਾ ਜਿਸ ਨੂੰ (ਪਰਮਾਤਮਾ ਦਾ) ਨਾਮ (ਜੀਵਨ ਵਾਸਤੇ) ਸਹਾਰਾ ਮਿਲਿਆ ਹੋਇਆ ਹੈ ।੧ ।
ਦੁੱਖ ਮੰਨਣ ਵਿਚ ਜਾਂ ਖ਼ੁਸ਼ੀ ਮਨਾਣ ਵਿਚ (ਸੰਸਾਰੀ ਜੀਵ ਵਾਸਤੇ ਡਰ-ਸਹਮ ਦਾ) ਆਉਣਾ ਜਾਣਾ ਬਣਿਆ ਰਹਿੰਦਾ ਹੈ ।
ਸਿਰਫ਼ ਉਸ ਮਨੁੱਖ ਨੇ (ਟਿਕਵਾਂ) ਆਤਮਕ ਆਨੰਦ ਪ੍ਰਾਪਤ ਕੀਤਾ ਹੈ ਜੇਹੜਾ ਪ੍ਰਭੂ ਨੂੰ ਪਿਆਰਾ ਲੱਗਦਾ ਹੈ (ਜੋ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) ।੨ ।
(ਹੇ ਭਾਈ! ਇਹ ਸੰਸਾਰ ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ ਹੈ (ਇਸ ਵਿਚ ਜੀਵਾਂ ਉਤੇ) ਮਾਇਆ ਆਪਣਾ ਬਹੁਤ ਜ਼ੋਰ ਪਾਈ ਰੱਖਦੀ ਹੈ ।
ਜਿਨ੍ਹਾਂ (ਵਡ-ਭਾਗੀਆਂ) ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ (ਇਸ ਅਗਨਿ-ਸਾਗਰ ਵਿਚ ਵਿਚਰਦੇ ਹੋਏ ਭੀ ਅੰਤਰ-ਆਤਮੇ) ਠੰਡੇ-ਠਾਰ ਟਿਕੇ ਰਹਿੰਦੇ ਹਨ ।੩ ।
(ਪਰ) ਹੇ ਨਾਨਕ! (ਡਰ-ਸਹਮ ਤੋਂ ਬਚਣ ਲਈ, ਅਗਨਿ-ਸਾਗਰ ਦੇ ਵਿਕਾਰਾਂ ਦੇ ਸੇਕ ਤੋਂ ਬਚਣ ਲਈ) ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ ?
ਬਚਾਣ ਦੀ ਤਾਕਤ ਰੱਖਣ ਵਾਲਾ ਪਰਮਾਤਮਾ ਆਪ ਹੀ ਬਚਾਂਦਾ ਹੈ (ਇਸ ਵਾਸਤੇ, ਹੇ ਨਾਨਕ! ਉਸ ਪਰਮਾਤਮਾ ਦਾ ਪੱਲਾ ਫੜੀ ਰੱਖ) ।੪।੬੩।੧੩੨ ।
Follow us on Twitter Facebook Tumblr Reddit Instagram Youtube