ਗਉੜੀ ਮਹਲਾ ੫ ॥
ਜਿਸੁ ਸਿਮਰਤ ਦੂਖੁ ਸਭੁ ਜਾਇ ॥
ਨਾਮੁ ਰਤਨੁ ਵਸੈ ਮਨਿ ਆਇ ॥੧॥

ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥
ਸਾਧੂ ਜਨ ਰਾਮੁ ਰਸਨ ਵਖਾਣੀ ॥੧॥ ਰਹਾਉ ॥

ਇਕਸੁ ਬਿਨੁ ਨਾਹੀ ਦੂਜਾ ਕੋਇ ॥
ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥੨॥

ਸਾਜਨੁ ਮੀਤੁ ਸਖਾ ਕਰਿ ਏਕੁ ॥
ਹਰਿ ਹਰਿ ਅਖਰ ਮਨ ਮਹਿ ਲੇਖੁ ॥੩॥

ਰਵਿ ਰਹਿਆ ਸਰਬਤ ਸੁਆਮੀ ॥
ਗੁਣ ਗਾਵੈ ਨਾਨਕੁ ਅੰਤਰਜਾਮੀ ॥੪॥੬੨॥੧੩੧॥

Sahib Singh
ਮਨਿ = ਮਨ ਵਿਚ ।੧ ।
ਮਨ = ਹੇ ਮਨ !
ਸਾਧੂ ਜਨ = ਗੁਰਮੁਖਾਂ ਨੇ ।
ਰਸਨ = ਜੀਭ ਨਾਲ ।੧।ਰਹਾਉ ।
ਦਿ੍ਰਸ਼ਟਿ = ਨਿਗਾਹ ।੨ ।
ਸਖਾ = ਮਿੱਤਰ ।
ਕਰਿ = ਬਣਾ ।
ਲੇਖੁ = ਲਿਖ, ਉੱਕਰ ਲੈ ।੩ ।
ਰਵਿ ਰਹਿਆ = ਵਿਆਪਕ ਹੈ ।
ਸਰਬਤ = {ਸਵL>} ਹਰ ਥਾਂ ।
ਅੰਤਰਜਾਮੀ = ਦਿਲ ਦੀ ਜਾਣਨ ਵਾਲਾ ।੪ ।
    
Sahib Singh
ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦਾ ਉੱਚਾਰਨ ਕਰ ।
(ਇਸ ਬਾਣੀ ਦੀ ਰਾਹੀਂ ਹੀ) ਸੰਤ ਜਨ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦੇ ਹਨ ।੧।ਰਹਾਉ ।
(ਹੇ ਭਾਈ! ਉਸ ਗੋਬਿੰਦ ਦੀ ਬਾਣੀ ਜਪ) ਜਿਸ ਦਾ ਸਿਮਰਨ ਕੀਤਿਆਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ (ਤੇ, ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦਾ ਅਮੋਲਕ ਨਾਮ ਮਨ ਵਿਚ ਆ ਵੱਸਦਾ ਹੈ ।੧ ।
(ਹੇ ਭਾਈ! ਉਸ ਗੋਬਿੰਦ ਦੀ ਸਿਫ਼ਤਿ-ਸਾਲਾਹ ਕਰਦਾ ਰਹੁ) ਜਿਸ ਦੀ ਮਿਹਰ ਦੀ ਨਿਗਾਹ ਨਾਲ ਸਦਾ ਆਤਮਕ ਆਨੰਦ ਮਿਲਦਾ ਹੈ, ਤੇ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।੨ ।
(ਹੇ ਭਾਈ! ਉਸ) ਇੱਕ ਗੋਬਿੰਦ ਨੂੰ ਆਪਣਾ ਸੱਜਣ ਮਿੱਤਰ ਸਾਥੀ ਬਣਾ, ਤੇ ਉਸ ਹਰੀ ਦੀ ਸਿਫ਼ਤਿ-ਸਾਲਾਹ ਦੇ ਅੱਖਰ (ਸੰਸਕਾਰ) ਆਪਣੇ ਮਨ ਵਿਚ ਉੱਕਰ ਲੈ ।੩ ।
(ਹੇ ਭਾਈ! ਸਾਰੇ ਜਗਤ ਦਾ ਉਹ) ਮਾਲਕ ਹਰ ਥਾਂ ਵਿਆਪਕ ਹੈ ਤੇ ਹਰੇਕ ਦੇ ਦਿਲ ਦੀ ਜਾਣਦਾ ਹੈ, ਨਾਨਕ (ਭੀ) ਉਸ ਅੰਤਰਜਾਮੀ ਸੁਆਮੀ ਦੇ ਗੁਣ ਗਾਂਦਾ ਹੈ ।੪।੬੨।੧੩੧ ।
Follow us on Twitter Facebook Tumblr Reddit Instagram Youtube