ਗਉੜੀ ਮਹਲਾ ੫ ॥
ਭਲੇ ਦਿਨਸ ਭਲੇ ਸੰਜੋਗ ॥
ਜਿਤੁ ਭੇਟੇ ਪਾਰਬ੍ਰਹਮ ਨਿਰਜੋਗ ॥੧॥

ਓਹ ਬੇਲਾ ਕਉ ਹਉ ਬਲਿ ਜਾਉ ॥
ਜਿਤੁ ਮੇਰਾ ਮਨੁ ਜਪੈ ਹਰਿ ਨਾਉ ॥੧॥ ਰਹਾਉ ॥

ਸਫਲ ਮੂਰਤੁ ਸਫਲ ਓਹ ਘਰੀ ॥
ਜਿਤੁ ਰਸਨਾ ਉਚਰੈ ਹਰਿ ਹਰੀ ॥੨॥

ਸਫਲੁ ਓਹੁ ਮਾਥਾ ਸੰਤ ਨਮਸਕਾਰਸਿ ॥
ਚਰਣ ਪੁਨੀਤ ਚਲਹਿ ਹਰਿ ਮਾਰਗਿ ॥੩॥

ਕਹੁ ਨਾਨਕ ਭਲਾ ਮੇਰਾ ਕਰਮ ॥
ਜਿਤੁ ਭੇਟੇ ਸਾਧੂ ਕੇ ਚਰਨ ॥੪॥੬੦॥੧੨੯॥

Sahib Singh
ਦਿਨਸ = ਦਿਹਾੜੇ ।
ਸੰਜੋਗ = ਮਿਲਾਪ ਦੇ ਅਵਸਰ ।
ਜਿਤੁ = ਜਿਸ ਦੀ ਰਾਹੀਂ ।
ਭੇਟੇ = ਮਿਲੇ ।
ਨਿਰਜੋਗ = ਨਿਰਲੇਪ ।੧ ।
ਕਉ = ਨੂੰ, ਤੋਂ ।
ਬਲਿ ਜਾਉ = ਮੈਂ ਸਦਕੇ ਜਾਂਦਾ ਹਾਂ ।੧।ਰਹਾਉ ।
ਮੂਰਤੁ = ਮੁਹੂਰਤ, ਦੋ ਘੜੀ ਜਿਤਨਾ ਸਮਾ {ਲਫ਼ਜ਼ ‘ਮੂਰਤਿ’ ਅਤੇ ‘ਮੂਰਤੁ’ ਵਿਚ ਫ਼ਰਕ ਚੇਤੇ ਰੱਖਣ-ਜੋਗ ਹੈ} ।
ਰਸਨਾ = ਜੀਭ ।੨ ।
ਪੁਨੀਤ = ਪਵਿੱਤਰ ।
ਮਾਰਗਿ = ਰਸਤੇ ਉਤੇ ।੩ ।
ਕਰਮ = ਭਾਗ, ਕਿਸਮਤਿ ।
ਜਿਤੁ = ਜਿਸ ਦੀ ਬਰਕਤਿ ਨਾਲ ।੪ ।
    
Sahib Singh
(ਹੇ ਭਾਈ!) ਮੈਂ ਉਸ ਵੇਲੇ ਤੋਂ ਕੁਰਬਾਨ ਜਾਂਦਾ ਹਾਂ ਜਿਸ ਵੇਲੇ ਮੇਰਾ ਮਨ ਪਰਮਾਤਮਾ ਦਾ ਨਾਮ ਜਪਦਾ ਹੈ ।੧।ਰਹਾਉ ।
(ਹੇ ਭਾਈ!) ਉਹ ਦਿਨ ਸੁਹਾਵਣੇ ਹੁੰਦੇ ਹਨ ਉਹ ਮਿਲਾਪ ਦੇ ਅਵਸਰ ਸੁਖਦਾਈ ਹੁੰਦੇ ਹਨ ਜਦੋਂ (ਮਾਇਆ ਤੋਂ) ਨਿਰਲੇਪ ਪ੍ਰਭੂ ਜੀ ਮਿਲ ਪੈਂਦੇ ਹਨ ।੧ ।
(ਹੇ ਭਾਈ!) ਮਨੁੱਖ ਵਾਸਤੇ ਉਹ ਮੁਹੂਰਤ ਭਾਗਾਂ ਵਾਲਾ ਹੁੰਦਾ ਹੈ ਉਹ ਘੜੀ ਸੁਲੱਖਣੀ ਹੁੰਦੀ ਹੈ ਜਦੋਂ ਉਸ ਦੀ ਜੀਭ ਪਰਮਾਤਮਾ ਦਾ ਨਾਮ ਉਚਾਰਦੀ ਹੈ ।੨ ।
(ਹੇ ਭਾਈ!) ਉਹ ਮੱਥਾ ਭਾਗਾਂ ਵਾਲਾ ਹੈ ਜੇਹੜਾ ਗੁਰੂ-ਸੰਤ ਦੇ ਚਰਨਾਂ ਉਤੇ ਨਿਊਂਦਾ ਹੈ ।
ਉਹ ਪੈਰ ਪਵਿਤ੍ਰ ਹੋ ਜਾਂਦੇ ਹਨ ਜੇਹੜੇ ਪਰਮਾਤਮਾ (ਦੇ ਮਿਲਾਪ) ਦੇ ਰਸਤੇ ਉਤੇ ਤੁਰਦੇ ਹਨ ।੩।ਹੇ ਨਾਨਕ! ਆਖ—ਮੇਰੇ ਵੱਡੇ ਭਾਗ (ਜਾਗ ਪੈਂਦੇ ਹਨ) ਜਦੋਂ ਮੈਂ ਗੁਰੂ ਦੇ ਚਰਨ ਪਰਸਦਾ ਹਾਂ ।੪।੬੦।੧੨੮ ।
Follow us on Twitter Facebook Tumblr Reddit Instagram Youtube