ਗਉੜੀ ਮਹਲਾ ੫ ॥
ਸਾਧਸੰਗਿ ਤਾ ਕੀ ਸਰਨੀ ਪਰਹੁ ॥
ਮਨੁ ਤਨੁ ਅਪਨਾ ਆਗੈ ਧਰਹੁ ॥੧॥

ਅੰਮ੍ਰਿਤ ਨਾਮੁ ਪੀਵਹੁ ਮੇਰੇ ਭਾਈ ॥
ਸਿਮਰਿ ਸਿਮਰਿ ਸਭ ਤਪਤਿ ਬੁਝਾਈ ॥੧॥ ਰਹਾਉ ॥

ਤਜਿ ਅਭਿਮਾਨੁ ਜਨਮ ਮਰਣੁ ਨਿਵਾਰਹੁ ॥
ਹਰਿ ਕੇ ਦਾਸ ਕੇ ਚਰਣ ਨਮਸਕਾਰਹੁ ॥੨॥

ਸਾਸਿ ਸਾਸਿ ਪ੍ਰਭੁ ਮਨਹਿ ਸਮਾਲੇ ॥
ਸੋ ਧਨੁ ਸੰਚਹੁ ਜੋ ਚਾਲੈ ਨਾਲੇ ॥੩॥

ਤਿਸਹਿ ਪਰਾਪਤਿ ਜਿਸੁ ਮਸਤਕਿ ਭਾਗੁ ॥
ਕਹੁ ਨਾਨਕ ਤਾ ਕੀ ਚਰਣੀ ਲਾਗੁ ॥੪॥੫੭॥੧੨੬॥

Sahib Singh
ਸਾਧ ਸੰਗਿ = ਸਾਧ ਸੰਗਤਿ ਵਿਚ, ਗੁਰੂ ਦੀ ਸੰਗਤਿ ਵਿਚ ।
ਤਾ ਕੀ = ਉਸ (ਪਰਮਾਤਮਾ) ਦੀ ।੧ ।
ਭਾਈ = ਹੇ ਵੀਰ !
ਤਪਤਿ = ਸੜਨ ।੧।ਰਹਾਉ।ਤਜਿ—ਛੱਡ ਕੇ ।
ਨਮਸਕਾਰਹੁ = ਨਮਸਕਾਰ ਕਰੋ, ਆਪਣਾ ਸਿਰ ਨਿਵਾਓ ।੨ ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ ।
ਮਨਹਿ = ਮਨ ਵਿਚ ।
ਸਮਾਲੇ = ਸਮਾਲਿ, ਸਾਂਭ ਕੇ ਰੱਖ ।
ਸੰਚਹੁ = ਇਕੱਠਾ ਕਰੋ ।੩ ।
ਤਿਸਹਿ = ਉਸ (ਮਨੁੱਖ) ਨੂੰ ।
ਮਸਤਕਿ = ਮੱਥੇ ਉਤੇ ।੪ ।
    
Sahib Singh
ਹੇ ਮੇਰੇ ਵੀਰ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ (ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰ ।
ਜਿਸ ਨੇ ਨਾਮ ਸਿਮਰਿਆ ਹੈ) ਉਸ ਨੇ ਸਿਮਰ ਸਿਮਰ ਕੇ (ਆਪਣੇ ਅੰਦਰੋਂ ਵਿਕਾਰਾਂ ਦੀ) ਸਾਰੀ ਸੜਨ ਬੁਝਾ ਲਈ ਹੈ ।੧।ਰਹਾਉ ।
(ਹੇ ਮੇਰੇ ਵੀਰ!) ਸਾਧ ਸੰਗਤਿ ਵਿਚ ਜਾ ਕੇ ਉਸ ਪਰਮਾਤਮਾ ਦਾ ਆਸਰਾ ਲੈ ।
ਆਪਣਾ ਮਨ ਆਪਣਾ ਤਨ (ਭਾਵ, ਆਪਣਾ ਹਰੇਕ ਗਿਆਨ-ਇੰਦ੍ਰਾ) ਉਸ ਪਰਮਾਤਮਾ ਦੇ ਹਵਾਲੇ ਕਰ ਦੇਹ ।੧ ।
(ਹੇ ਮੇਰੇ ਵੀਰ!) ਪਰਮਾਤਮਾ ਦੇ ਸੇਵਕ ਦੇ ਚਰਨਾਂ ਉਤੇ ਆਪਣਾ ਸਿਰ ਰੱਖ ਦੇ (ਇਸ ਤ੍ਰਹਾਂ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਕੇ ਜਨਮ ਮਰਨ ਦਾ ਗੇੜ ਮੁਕਾ ਲੈ ।੨ ।
(ਹੇ ਮੇਰੇ ਭਾਈ!) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਸਾਂਭ ਰੱਖ ।
ਉਹ (ਨਾਮ-) ਧਨ ਇਕੱਠਾ ਕਰ ਜੇਹੜਾ ਤੇਰੇ ਨਾਲ ਸਾਥ ਕਰੇ ।੩ ।
(ਪਰ ਇਹ ਨਾਮ-ਧਨ ਇਕੱਠਾ ਕਰਨਾ ਜੀਵਾਂ ਦੇ ਵੱਸ ਦੀ ਗੱਲ ਨਹੀਂ ।
ਇਹ ਨਾਮ-ਧਨ) ਉਸ ਮਨੁੱਖ ਨੂੰ ਹੀ ਮਿਲਦਾ ਹੈ, ਜਿਸ ਦੇ ਮੱਥੇ ਉਤੇ ਭਾਗ ਜਾਗੇ ।
ਹੇ ਨਾਨਕ! ਆਖ—(ਹੇ ਮੇਰੇ ਭਾਈ!) ਤੂੰ ਉਸ ਮਨੁੱਖ ਦੀ ਚਰਨੀਂ ਲੱਗ (ਜਿਸ ਨੂੰ ਨਾਮ-ਧਨ ਮਿਲਿਆ ਹੈ) ।੪।੫੭।੧੨੬ ।
Follow us on Twitter Facebook Tumblr Reddit Instagram Youtube