ਗਉੜੀ ਮਹਲਾ ੫ ॥
ਰਾਖਿ ਲੀਆ ਗੁਰਿ ਪੂਰੈ ਆਪਿ ॥
ਮਨਮੁਖ ਕਉ ਲਾਗੋ ਸੰਤਾਪੁ ॥੧॥

ਗੁਰੂ ਗੁਰੂ ਜਪਿ ਮੀਤ ਹਮਾਰੇ ॥
ਮੁਖ ਊਜਲ ਹੋਵਹਿ ਦਰਬਾਰੇ ॥੧॥ ਰਹਾਉ ॥

ਗੁਰ ਕੇ ਚਰਣ ਹਿਰਦੈ ਵਸਾਇ ॥
ਦੁਖ ਦੁਸਮਨ ਤੇਰੀ ਹਤੈ ਬਲਾਇ ॥੨॥

ਗੁਰ ਕਾ ਸਬਦੁ ਤੇਰੈ ਸੰਗਿ ਸਹਾਈ ॥
ਦਇਆਲ ਭਏ ਸਗਲੇ ਜੀਅ ਭਾਈ ॥੩॥

ਗੁਰਿ ਪੂਰੈ ਜਬ ਕਿਰਪਾ ਕਰੀ ॥
ਭਨਤਿ ਨਾਨਕ ਮੇਰੀ ਪੂਰੀ ਪਰੀ ॥੪॥੫੪॥੧੨੩॥

Sahib Singh
ਗੁਰਿ = ਗੁਰੂ ਨੇ ।
ਮਨਮੁਖ ਕਉ = ਮਨਮੁਖ ਨੂੰ, ਉਸ ਮਨੁੱਖ ਨੂੰ ਜਿਸ ਦਾ ਮੂੰਹ ਆਪਣੇ ਮਨ ਵਲ ਹੈ ।
ਸੰਤਾਪੁ = ਦੁੱਖ, ਕਲੇਸ਼ ।
ਲਾਗੋ = ਲੱਗਦਾ ਹੈ, ਚੰਬੜਦਾ ਹੈ ।੧ ।
ਮੀਤ ਹਮਾਰੇ = ਹੇ ਮੇਰੇ ਮਿੱਤਰੋ !
ਊਜਲ = ਰੌਸ਼ਨ ।
ਹੋਵਹਿ = ਹੋਣਗੇ ।੧।ਰਹਾਉ ।
ਵਸਾਇ = ਟਿਕਾ ਰੱਖ ।
ਹਤੈ = ਮਾਰ ਦੇਂਦਾ ਹੈ, ਮਾਰ ਦੇਵੇਗਾ ।
ਬਲਾਇ = ਚੁੜੇਲ ।੨ ।
ਸਹਾਈ = ਸਾਥੀ ।
ਸਗਲੇ = ਸਾਰੇ ।
ਜੀਅ = {ਲਫ਼ਜ਼ ‘ਜੀਉ’ ਤੋਂ ਬਹੁ-ਵਚਨ} ।੩ ।
ਭਨਤਿ = ਆਖਦਾ ਹੈ ।
ਪਰੀ = ਪਈ ।
ਪੂਰੀ ਪਰੀ = (ਘਾਲ) ਪੂਰੀ ਹੋ ਗਈ ।੪ ।
    
Sahib Singh
ਹੇ ਮੇਰੇ ਮਿੱਤਰੋ! ਸਦਾ (ਆਪਣੇ) ਗੁਰੂ ਨੂੰ ਚੇਤੇ ਰੱਖੋ (ਗੁਰੂ ਦਾ ਉਪਦੇਸ਼ ਚੇਤੇ ਰੱਖਿਆਂ) ਤੁਹਾਡੇ ਮੂੰਹ ਪਰਮਾਤਮਾ ਦੀ ਦਰਗਾਹ ਵਿਚ ਰੌਸ਼ਨ ਹੋਣਗੇ ।੧।ਰਹਾਉ ।
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਅਨੁਸਾਰ ਰਹਿੰਦਾ ਹੈ) ਪੂਰੇ ਗੁਰੂ ਨੇ ਆਪ ਉਸ ਨੂੰ (ਸਦਾ ਕਾਮਾਦਿਕ ਵੈਰੀਆਂ ਤੋਂ) ਬਚਾ ਲਿਆ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹਨਾਂ ਦਾ) ਸੇਕ ਲੱਗਦਾ ਹੀ ਰਹਿੰਦਾ ਹੈ ।੧ ।
(ਹੇ ਭਾਈ! ਤੂੰ ਆਪਣੇ) ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖ (ਗੁਰੂ ਤੇਰੇ ਸਾਰੇ) ਦੁੱਖ-ਕਲੇਸ਼ ਨਾਸ ਕਰੇਗਾ (ਕਾਮਾਦਿਕ ਤੇਰੇ ਸਾਰੇ) ਵੈਰੀਆਂ ਨੂੰ ਮਾਰ ਮੁਕਾਏਗਾ (ਤੇਰੇ ਉਤੇ ਦਬਾਉ ਪਾਣ ਵਾਲੀ ਮਾਇਆ-) ਚੁੜੇਲ ਨੂੰ ਮੁਕਾ ਦੇਵੇਗਾ ।੨ ।
ਹੇ ਭਾਈ! ਗੁਰੂ ਦਾ ਸ਼ਬਦ ਹੀ ਤੇਰੇ ਨਾਲ (ਸਦਾ ਸਾਥ ਨਿਬਾਹੁਣ ਵਾਲਾ) ਸਾਥੀ ਹੈ, (ਗੁਰੂ ਦਾ ਸ਼ਬਦ ਹਿਰਦੇ ਵਿਚ ਪ੍ਰੋ ਰੱਖਿਆਂ) ਸਾਰੇ ਲੋਕ ਦਇਆਵਾਨ ਹੋ ਜਾਂਦੇ ਹਨ ।੩ ।
ਨਾਨਕ ਆਖਦਾ ਹੈ—ਜਦੋਂ ਪੂਰੇ ਗੁਰੂ ਨੇ (ਮੇਰੇ ਉਤੇ) ਮਿਹਰ ਕੀਤੀ ਤਾਂ ਮੇਰੀ ਜੀਵਨ-ਘਾਲ ਸਫਲ ਹੋ ਗਈ (ਕਾਮਾਦਿਕ ਵੈਰੀ ਮੇਰੇ ਉੱਤੇ ਹੱਲਾ ਕਰਨੋਂ ਹਟ ਗਏ) ।੪।੫੪।੧੨੩ ।
Follow us on Twitter Facebook Tumblr Reddit Instagram Youtube