ਗਉੜੀ ਮਹਲਾ ੫ ॥
ਛਾਡਿ ਸਿਆਨਪ ਬਹੁ ਚਤੁਰਾਈ ॥
ਗੁਰ ਪੂਰੇ ਕੀ ਟੇਕ ਟਿਕਾਈ ॥੧॥

ਦੁਖ ਬਿਨਸੇ ਸੁਖ ਹਰਿ ਗੁਣ ਗਾਇ ॥
ਗੁਰੁ ਪੂਰਾ ਭੇਟਿਆ ਲਿਵ ਲਾਇ ॥੧॥ ਰਹਾਉ ॥

ਹਰਿ ਕਾ ਨਾਮੁ ਦੀਓ ਗੁਰਿ ਮੰਤ੍ਰੁ ॥
ਮਿਟੇ ਵਿਸੂਰੇ ਉਤਰੀ ਚਿੰਤ ॥੨॥

ਅਨਦ ਭਏ ਗੁਰ ਮਿਲਤ ਕ੍ਰਿਪਾਲ ॥
ਕਰਿ ਕਿਰਪਾ ਕਾਟੇ ਜਮ ਜਾਲ ॥੩॥

ਕਹੁ ਨਾਨਕ ਗੁਰੁ ਪੂਰਾ ਪਾਇਆ ॥
ਤਾ ਤੇ ਬਹੁਰਿ ਨ ਬਿਆਪੈ ਮਾਇਆ ॥੪॥੫੩॥੧੨੨॥

Sahib Singh
ਟੇਕ = ਆਸਰਾ ।
ਟਿਕਾਈ = ਟਿਕਾਇ ।
ਟੇਕ ਟਿਕਾਈ = ਆਸਰਾ ਲੈ ।੧ ।
ਬਿਨਸੇ = ਨਾਸ ਹੋ ਜਾਂਦੇ ਹਨ ।
ਗਾਇ = ਗਾ ਕੇ ।
ਭੇਟਿਆ = ਮਿਲਿਆ ।
ਲਿਵ = ਲਗਨ ।੧।ਰਹਾਉ ।
ਗੁਰਿ = ਗੁਰੂ ਨੇ ।
ਵਿਸੂਰੇ = ਝੋਰੇ ।
ਚਿੰਤ = ਚਿੰਤਾ ।੨ ।
ਅਨਦ = ਆਤਮਕ ਖ਼ੁਸ਼ੀਆਂ ।
ਗੁਰ ਮਿਲਤ = ਗੁਰੂ ਨੂੰ ਮਿਲਦਿਆਂ ।
ਜਮ ਜਾਲ = ਜਮ ਦੇ ਜਾਲ, ਆਤਮਕ ਮੌਤ ਲਿਆਉਣ ਵਾਲੀਆਂ ਮਾਇਆ ਦੇ ਮੋਹ ਦੀਆਂ ਫਾਹੀਆਂ ।੩ ।
ਤਾ ਤੇ = ਉਸ ਤੋਂ, ਉਸ (ਗੁਰੂ ਦੀ) ਬਰਕਤਿ ਨਾਲ ।
ਨ ਬਿਆਪੈ = ਜ਼ੋਰ ਨਹੀਂ ਪਾਂਦੀ ।੪ ।
    
Sahib Singh
(ਹੇ ਭਾਈ! ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਤੇ ਗੁਰੂ ਦੀ ਮਿਹਰ ਨਾਲ ਜੋ ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜਦਾ ਹੈ, ਪਰਮਾਤਮਾ ਦੇ ਗੁਣ ਗਾ ਕੇ ਉਸ ਨੂੰ ਸੁਖ (ਹੀ ਸੁਖ) ਮਿਲਦੇ ਹਨ ਤੇ ਉਸ ਦੇ ਸਾਰੇ ਦੇ (ਸਾਰੇ) ਦੁੱਖ ਦੂਰ ਹੋ ਜਾਂਦੇ ਹਨ ।੧।ਰਹਾਉ ।
(ਹੇ ਭਾਈ! ਤੂੰ ਭੀ) ਪੂਰੇ ਗੁਰੂ ਦਾ ਆਸਰਾ ਲੈ ।
ਇਹ ਖਿ਼ਆਲ ਛੱਡ ਦੇ ਕਿ ਤੂੰ ਬੜਾ ਸਿਆਣਾ ਤੇ ਚਤੁਰ ਹੈਂ (ਤੇ ਜੀਵਨ-ਮਾਰਗ ਨੂੰ ਆਪ ਹੀ ਸਮਝ ਸਕਦਾ ਹੈਂ) ।੧ ।
(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਮੰਤ੍ਰ ਦਿੱਤਾ ਹੈ (ਉਸ ਮੰਤ੍ਰ ਦੀ ਬਰਕਤਿ ਨਾਲ ਉਸ ਦੇ ਸਾਰੇ) ਝੋਰੇ ਮਿਟ ਗਏ ਹਨ ਉਸ ਦੀ (ਹਰੇਕ ਕਿਸਮ ਦੀ) ਚਿੰਤਾ ਲਹਿ ਗਈ ਹੈ ।੨।(ਹੇ ਭਾਈ!) ਦਇਆ ਦੇ ਸੋਮੇ ਗੁਰੂ ਨੂੰ ਮਿਲਿਆਂ ਆਤਮਕ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ, ਗੁਰੂ ਕਿਰਪਾ ਕਰ ਕੇ (ਮਨੁੱਖ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀਆਂ ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟ ਦੇਂਦਾ ਹੈ ।੩ ।
ਹੇ ਨਾਨਕ! ਆਖ—(ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਗੁਰੂ ਦੀ ਬਰਕਤਿ ਨਾਲ (ਉਸ ਮਨੁੱਖ ਉਤੇ) ਮਾਇਆ (ਆਪਣਾ) ਜ਼ੋਰ ਨਹੀਂ ਪਾ ਸਕਦੀ ।੪।੫੩।੧੨੨ ।
Follow us on Twitter Facebook Tumblr Reddit Instagram Youtube