ਗਉੜੀ ਮਹਲਾ ੫ ॥
ਹਰਿ ਗੁਣ ਜਪਤ ਕਮਲੁ ਪਰਗਾਸੈ ॥
ਹਰਿ ਸਿਮਰਤ ਤ੍ਰਾਸ ਸਭ ਨਾਸੈ ॥੧॥

ਸਾ ਮਤਿ ਪੂਰੀ ਜਿਤੁ ਹਰਿ ਗੁਣ ਗਾਵੈ ॥
ਵਡੈ ਭਾਗਿ ਸਾਧੂ ਸੰਗੁ ਪਾਵੈ ॥੧॥ ਰਹਾਉ ॥

ਸਾਧਸੰਗਿ ਪਾਈਐ ਨਿਧਿ ਨਾਮਾ ॥
ਸਾਧਸੰਗਿ ਪੂਰਨ ਸਭਿ ਕਾਮਾ ॥੨॥

ਹਰਿ ਕੀ ਭਗਤਿ ਜਨਮੁ ਪਰਵਾਣੁ ॥
ਗੁਰ ਕਿਰਪਾ ਤੇ ਨਾਮੁ ਵਖਾਣੁ ॥੩॥

ਕਹੁ ਨਾਨਕ ਸੋ ਜਨੁ ਪਰਵਾਨੁ ॥
ਜਾ ਕੈ ਰਿਦੈ ਵਸੈ ਭਗਵਾਨੁ ॥੪॥੪੭॥੧੧੬॥

Sahib Singh
ਜਪਤ = ਜਪਦਿਆਂ ।
ਕਮਲੁ = ਹਿਰਦਾ = ) ਕੌਲ-ਫੁੱਲ ।
ਪਰਗਾਸੈ = ਖਿੜ ਪੈਂਦਾ ਹੈ ।
ਤ੍ਰਾਸ = ਡਰ ।
ਨਾਸੈ = ਦੂਰ ਹੋ ਜਾਂਦਾ ਹੈ, ਨਾਸ ਹੋ ਜਾਂਦਾ ਹੈ ।੧ ।
ਸਾ = ਉਹੀ ।
ਮਤਿ = ਅਕਲ ।
ਪੂਰੀ = ਉਕਾਈ = ਹੀਣ ।
ਜਿਤੁ = ਜਿਸ (ਅਕਲ ਦੀ) ਰਾਹੀਂ ।
ਸਾਧੂ ਸੰਗੁ = ਗੁਰੂ ਦਾ ਸੰਗ ।੧।ਰਹਾਉ ।
ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ ।
ਨਿਧਿ = ਖ਼ਜ਼ਾਨਾ ।
ਸਭਿ = ਸਾਰੇ ।੨ ।
ਪਰਵਾਣੁ = ਕਬੂਲ ।
ਤੇ = ਤੋਂ, ਨਾਲ ।
ਵਖਾਣੁ = ਉਚਾਰਨਾ ।੩ ।
ਜਾ ਕੈ ਰਿਦੈ = ਜਿਸ ਦੇ ਹਿਰਦੇ ਵਿਚ ।੪ ।
    
Sahib Singh
(ਹੇ ਭਾਈ!) ਉਹੀ ਅਕਲ ਉਕਾਈ ਕਰਨ ਤੋਂ ਬਚੀ ਹੋਈ ਸਮਝੋ, ਜਿਸ ਅਕਲ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ (ਪਰ ਇਹ ਅਕਲ ਉਸ ਮਨੁੱਖ ਦੇ ਅੰਦਰ ਪੈਦਾ ਹੁੰਦੀ ਹੈ ਜੋ) ਵੱਡੀ ਕਿਸਮਤਿ ਨਾਲ ਗੁਰੂ ਦੀ ਸੰਗਤਿ ਪ੍ਰਾਪਤ ਕਰ ਲੈਂਦਾ ਹੈ ।੧।ਰਹਾਉ ।
(ਹੇ ਭਾਈ!) ਪਰਮਾਤਮਾ ਦੇ ਗੁਣ ਗਾਂਦਿਆਂ (ਹਿਰਦਾ-) ਕੌਲ-ਫੁੱਲ ਖਿੜ ਪੈਂਦਾ ਹੈ, ਪਰਮਾਤਮਾ ਦਾ ਨਾਮ ਸਿਮਰਦਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ।੧ ।
(ਹੇ ਭਾਈ!) ਗੁਰੂ ਦੀ ਸੰਗਤਿ ਵਿੱਚ ਰਿਹਾਂ ਪਰਮਾਤਮਾ ਦਾ ਨਾਮ ਖ਼ਜ਼ਾਨਾ ਮਿਲ ਜਾਂਦਾ ਹੈ, ਤੇ, ਗੁਰੂ ਦੀ ਸੰਗਤਿ ਵਿੱਚ ਰਿਹਾਂ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ।੨ ।
ਪਰਮਾਤਮਾ ਦੀ ਭਗਤੀ ਕੀਤਿਆਂ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ (ਪਰ ਪਰਮਾਤਮਾ ਦੀ ਭਗਤੀ) ਪਰਮਾਤਮਾ ਦਾ ਨਾਮ ਉਚਾਰਨਾ ਗੁਰੂ ਦੀ ਕਿਰਪਾ ਨਾਲ (ਹੀ) ਮਿਲਦਾ ਹੈ ।੩।ਹੇ ਨਾਨਕ! ਆਖ—(ਸਿਰਫ਼) ਉਹ ਮਨੁੱਖ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੁੰਦਾ ਹੈ, ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਦਾ ਹੈ ।੪।੪੭।੧੧੬ ।
Follow us on Twitter Facebook Tumblr Reddit Instagram Youtube