ਗਉੜੀ ਮਹਲਾ ੫ ॥
ਕਾ ਕੀ ਮਾਈ ਕਾ ਕੋ ਬਾਪ ॥
ਨਾਮ ਧਾਰੀਕ ਝੂਠੇ ਸਭਿ ਸਾਕ ॥੧॥

ਕਾਹੇ ਕਉ ਮੂਰਖ ਭਖਲਾਇਆ ॥
ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥੧॥ ਰਹਾਉ ॥

ਏਕਾ ਮਾਟੀ ਏਕਾ ਜੋਤਿ ॥
ਏਕੋ ਪਵਨੁ ਕਹਾ ਕਉਨੁ ਰੋਤਿ ॥੨॥

ਮੇਰਾ ਮੇਰਾ ਕਰਿ ਬਿਲਲਾਹੀ ॥
ਮਰਣਹਾਰੁ ਇਹੁ ਜੀਅਰਾ ਨਾਹੀ ॥੩॥

ਕਹੁ ਨਾਨਕ ਗੁਰਿ ਖੋਲੇ ਕਪਾਟ ॥
ਮੁਕਤੁ ਭਏ ਬਿਨਸੇ ਭ੍ਰਮ ਥਾਟ ॥੪॥੪੩॥੧੧੨॥

Sahib Singh
ਕਾ ਕੀ = ਕਿਸ ਦੀ ?
ਕਾ ਕੋ = ਕਿਸ ਦਾ ?
ਨਾਮ ਧਾਰੀਕ = ਨਾਮ = ਮਾਤ੍ਰ ਹੀ, ਸਿਰਫ਼ ਕਹਿਣ-ਮਾਤ੍ਰ ਹੀ ।
ਸਭਿ = ਸਾਰੇ ।੧ ।
ਕਾਹੇ ਕਉ = ਕਿਉਂ ?
ਮੂਰਖ = ਹੇ ਮੂਰਖ !
ਭਖਲਾਇਆ = ਬਰੜਾਉਂਦਾ ਹੈਂ, ਸੁਪਨਿਆਂ ਦੇ ਅਸਰ ਹੇਠ ਬੋਲ ਰਿਹਾ ਹੈਂ ।
ਮਿਲਿ = ਮਿਲ ਕੇ ।
ਸੰਜੋਗਿ = ਪਿਛਲੇ ਕੀਤੇ ਕਰਮਾਂ ਦੇ ਸੰਜੋਗ ਅਨੁਸਾਰ ।
ਹੁਕਮਿ = (ਪ੍ਰਭੂ ਦੇ) ਹੁਕਮ ਨਾਲ ।੧।ਰਹਾਉ ।
ਏਕਾ = (ਸਭ ਜੀਵਾਂ ਦੀ) ਇਕੋ ਹੀ {ਲਫ਼ਜ਼ ‘ਏਕਾ’ ਇਸਤ੍ਰੀ ਲਿੰਗ ਹੈ, ਲਫ਼ਜ਼ ‘ਏਕੋ’ ਪੁਲਿੰਗ} ।
ਕਹਾ = ਕਿਥੇ ?
    ਕਿਉਂ ?
ਰੋਤਿ = ਰੋਵੇ ।੨ ।
ਕਰਿ = ਕਰ ਕੇ, ਆਖ ਕੇ ।
ਬਿਲਲਾਹੀ = (ਲੋਕ) ਵਿਲਕਦੇ ਹਨ ।
ਜੀਅਰਾ = ਜਿੰਦ ।੩ ।
ਗੁਰਿ = ਗੁਰੂ ਨੇ ।
ਕਪਾਟ = ਕਵਾੜ, ਭਰਮ ਦੇ ਪਰਦੇ ।
ਭ੍ਰਮ = ਭਟਕਣਾ ।
ਥਾਟ = ਪਸਾਰੇ, ਬਣਾਵਟਾਂ ।੪ ।
    
Sahib Singh
ਹੇ ਮੂਰਖ! ਤੂੰ ਕਿਉਂ (ਵਿਲਕ ਰਿਹਾ ਹੈਂ, ਜਿਵੇਂ) ਸੁਪਨੇ ਦੇ ਅਸਰ ਹੇਠ ਬੋਲ ਰਿਹਾ ਹੈਂ ?
(ਤੈਨੂੰ ਇਹ ਸੂਝ ਨਹੀਂ ਕਿ) ਤੂੰ ਪਰਮਾਤਮਾ ਦੇ ਹੁਕਮ ਵਿਚ (ਪਿਛਲੇ) ਸੰਜੋਗ ਅਨੁਸਾਰ (ਇਹਨਾਂ ਮਾਂ ਪਿਉ ਆਦਿਕ ਸੰਬੰਧੀਆਂ ਨਾਲ) ਮਿਲ ਕੇ (ਜਗਤ ਵਿਚ) ਆਇਆ ਹੈਂ (ਜਿਤਨਾ ਚਿਰ ਇਹ ਸੰਜੋਗ ਕਾਇਮ ਹੈ ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ) ।੧।ਰਹਾਉ ।
(ਅਸਲ ਵਿਚ ਸਦਾ ਲਈ) ਨਾਹ ਕੋਈ ਕਿਸੇ ਦੀ ਮਾਂ ਹੈ, ਨਾਹ ਕੋਈ ਕਿਸੇ ਦਾ ਪਿਉ ਹੈ ।
(ਮਾਂ, ਪਿਉ, ਪੁਤ੍ਰ, ਇਸਤ੍ਰੀ ਆਦਿਕ ਇਹ) ਸਾਰੇ ਸਾਕ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ, ਕਹਿਣ-ਮਾਤ੍ਰ ਹੀ ਹਨ ।੧ ।
ਸਭ ਜੀਵਾਂ ਦੀ ਇਕੋ ਹੀ ਮਿੱਟੀ ਹੈ, ਸਭ ਵਿਚ (ਕਰਤਾਰ ਦੀ) ਇਕੋ ਹੀ ਜੋਤਿ ਮੌਜੂਦ ਹੈ, ਸਭ ਵਿਚ ਇਕੋ ਹੀ ਪ੍ਰਾਣ ਹਨ (ਜਿਤਨਾ ਚਿਰ ਸੰਜੋਗ ਕਾਇਮ ਹੈ ਉਤਨਾ ਚਿਰ ਇਹ ਤੱਤ ਇਕੱਠੇ ਹਨ ।
ਸੰਜੋਗ ਮੁੱਕ ਜਾਣ ਤੇ ਤੱਤ ਵੱਖ ਵੱਖ ਹੋ ਜਾਂਦੇ ਹਨ ।
ਕਿਸੇ ਨੂੰ ਕਿਸੇ ਵਾਸਤੇ) ਰੋਣ ਦੀ ਲੋੜ ਨਹੀਂ ਪੈਂਦੀ (ਰੋਣ ਦਾ ਲਾਭ ਨਹੀਂ ਹੁੰਦਾ) ।੨ ।
(ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ) ‘ਮੇਰਾ, ਮੇਰਾ’ ਆਖ ਕੇ ਵਿਲਕਦੇ ਹਨ, (ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ ‘ਮੇਰਾ’ ਨਹੀਂ ਤੇ) ਇਹ ਜੀਵਾਤਮਾ ਮਰਨ ਵਾਲਾ ਨਹੀਂ ਹੈ ।੩ ।
ਹੇ ਨਾਨਕ! ਆਖ—ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਨਾਲ ਜਕੜੇ ਹੋਏ) ਕਵਾੜ ਗੁਰੂ ਨੇ ਖੋਲ੍ਹ ਦਿੱਤੇ, ਉਹ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਏ, ਉਹਨਾਂ ਦੇ ਮੋਹ ਦੀ ਭਟਕਣਾ ਵਾਲੇ ਸਾਰੇ ਪਸਾਰੇ ਮੁੱਕ ਗਏ ।੪।੪੩।੧੧੨ ।
Follow us on Twitter Facebook Tumblr Reddit Instagram Youtube