ਗਉੜੀ ਮਹਲਾ ੫ ॥
ਜਾ ਕਉ ਤੁਮ ਭਏ ਸਮਰਥ ਅੰਗਾ ॥
ਤਾ ਕਉ ਕਛੁ ਨਾਹੀ ਕਾਲੰਗਾ ॥੧॥

ਮਾਧਉ ਜਾ ਕਉ ਹੈ ਆਸ ਤੁਮਾਰੀ ॥
ਤਾ ਕਉ ਕਛੁ ਨਾਹੀ ਸੰਸਾਰੀ ॥੧॥ ਰਹਾਉ ॥

ਜਾ ਕੈ ਹਿਰਦੈ ਠਾਕੁਰੁ ਹੋਇ ॥
ਤਾ ਕਉ ਸਹਸਾ ਨਾਹੀ ਕੋਇ ॥੨॥

ਜਾ ਕਉ ਤੁਮ ਦੀਨੀ ਪ੍ਰਭ ਧੀਰ ॥
ਤਾ ਕੈ ਨਿਕਟਿ ਨ ਆਵੈ ਪੀਰ ॥੩॥

ਕਹੁ ਨਾਨਕ ਮੈ ਸੋ ਗੁਰੁ ਪਾਇਆ ॥
ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥

Sahib Singh
ਜਾ ਕਉ = ਜਿਸ ਨੂੰ, ਜਿਸ ਉਤੇ !
ਸਮਰਥ = ਹੇ ਸਮਰਥ ਪ੍ਰਭੂ !
ਅੰਗਾ = ਪੱਖ, ਸਹਾਈ ।
ਕਾਲੰਗਾ = ਕਲੰਕ, ਦਾਗ਼ ।੧ ।
ਮਾਧਉ = {ਮਾਯਾ ਧਵ—ਮਾਇਆ ਦਾ ਪਤੀ} ਹੇ ਪ੍ਰਭੂ !
ਸੰਸਾਰੀ = ਦੁਨੀਆਵੀ (ਆਸ) ।੧।ਰਹਾਉ ।
ਸਹਸਾ = ਸਹਮ ।੨ ।
ਪ੍ਰਭ = ਹੇ ਪ੍ਰਭੂ !
ਧੀਰ = ਧੀਰਜ, ਸਹਾਰਾ ।
ਨਿਕਟਿ = ਨੇੜੇ ।
ਪੀਰ = ਪੀੜ, ਦੁੱਖ = ਕਲੇਸ਼ ।੩ ।
ਸੋ = ਉਹ ।
ਕਹੁ = ਆਖ ।
ਨਾਨਕ = ਹੇ ਨਾਨਕ !
    ।੪ ।
    
Sahib Singh
ਹੇ ਮਾਇਆ ਦੇ ਪਤੀ ਪ੍ਰਭੂ! ਜਿਸ ਮਨੁੱਖ ਨੂੰ (ਸਿਰਫ਼) ਤੇਰੀ (ਸਹਾਇਤਾ ਦੀ) ਆਸ ਹੈ, ਉਸ ਨੂੰ ਦੁਨੀਆ (ਦੇ ਲੋਕਾਂ ਦੀ ਸਹਾਇਤਾ) ਦੀ ਆਸ (ਬਣਾਣ ਦੀ ਲੋੜ) ਨਹੀਂ (ਰਹਿੰਦੀ) ।੧।ਰਹਾਉ ।
ਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਜਿਸ ਮਨੁੱਖ ਦਾ ਤੂੰ ਸਹਾਈ ਬਣਦਾ ਹੈਂ, ਉਸ ਨੂੰ ਕੋਈ (ਵਿਕਾਰ ਆਦਿਕਾਂ ਦਾ) ਦਾਗ਼ ਨਹੀਂ ਛੁਹ ਸਕਦਾ ।੧ ।
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਮਾਲਕ-ਪ੍ਰਭੂ ਚੇਤੇ ਰਹਿੰਦਾ ਹੈ, ਉਸ ਨੂੰ (ਦੁਨੀਆ ਦਾ) ਕੋਈ ਸਹਮ-ਫ਼ਿਕਰ ਪੋਹ ਨਹੀਂ ਸਕਦਾ ।੨ ।
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਧੀਰਜ ਦਿੱਤੀ ਹੈ, ਕੋਈ ਦੁੱਖ ਕਲੇਸ਼ ਉਸ ਦੇ ਨੇੜੇ ਨਹੀਂ ਢੁਕ ਸਕਦਾ ।੩ ।
ਹੇ ਨਾਨਕ! ਆਖ—ਮੈਂ ਉਹ ਗੁਰੂ ਲੱਭ ਲਿਆ ਹੈ, ਜਿਸ ਨੇ ਮੈਨੂੰ (ਇਹੋ ਜਿਹੀਆਂ ਤਾਕਤਾਂ ਦਾ ਮਾਲਕ) ਸਰਬ-ਵਿਆਪਕ ਬੇਅੰਤ ਪ੍ਰਭੂ ਵਿਖਾ ਦਿੱਤਾ ਹੈ ।੪।੪੧।੧੧੦ ।
Follow us on Twitter Facebook Tumblr Reddit Instagram Youtube