ਗਉੜੀ ਮਹਲਾ ੫ ॥
ਮੀਤੁ ਕਰੈ ਸੋਈ ਹਮ ਮਾਨਾ ॥
ਮੀਤ ਕੇ ਕਰਤਬ ਕੁਸਲ ਸਮਾਨਾ ॥੧॥

ਏਕਾ ਟੇਕ ਮੇਰੈ ਮਨਿ ਚੀਤ ॥
ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥

ਮੀਤੁ ਹਮਾਰਾ ਵੇਪਰਵਾਹਾ ॥
ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥

ਮੀਤੁ ਹਮਾਰਾ ਅੰਤਰਜਾਮੀ ॥
ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥੩॥

ਹਮ ਦਾਸੇ ਤੁਮ ਠਾਕੁਰ ਮੇਰੇ ॥
ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥

Sahib Singh
ਹਮ = (ਭਾਵ,) ਮੈਂ ।
ਮਾਨਾ = ਮੰਨਦਾ ਹਾਂ, (ਸਿਰ-ਮੱਥੇ ਉਤੇ) ਮੰਨਦਾ ਹਾਂ ।
ਕੁਸਲ = ਸੁਖ ।
ਕੁਸਲ ਸਮਾਨਾ = ਸੁਖ ਵਰਗੇ, ਸੁਖ-ਰੂਪ ।੧ ।
ਟੇਕ = ਆਸਰਾ ।
ਮਨਿ ਚੀਤਿ = ਮਨ = ਚਿੱਤ ਵਿਚ ।
ਜਿਸੁ = ਜਿਸ (ਪਰਮਾਤਮਾ) ਦਾ ।
ਕਿਛੁ ਕਰਣਾ = ਇਹ ਸਭ ਕੁਝ ਬਣਾਇਆ ਹੋਇਆ, ਇਹ ਸਾਰੀ ਰਚਨਾ ।੧।ਰਹਾਉ ।
ਵੇਪਰਵਾਹਾ = ਬੇ = ਮੁਥਾਜ ।
ਤੇ = ਤੋਂ, ਨਾਲ ।
ਮੋਹਿ = ਮੇਰਾ ।
ਅਸਨਾਹਾ = ਅਸਨੇਹ, ਪਿਆਰ ।੨ ।
ਅੰਤਰਜਾਮੀ = ਦਿਲ ਦੀ ਜਾਣਨ ਵਾਲਾ ।
ਸਮਰਥ = ਸਭ ਤਾਕਤਾਂ ਦਾ ਮਾਲਕ ।੩ ।
ਦਾਸੇ = ਸੇਵਕ ।
ਠਾਕੁਰ = ਮਾਲਕ ।
ਮਹਤੁ = ਮਹੱਤ, ਮਹੱਤਤਾ, ਵਡਿਆਈ ।
ਤੇਰੇ = ਤੇਰੇ (ਸੇਵਕ ਬਣਿਆਂ) ।੪ ।
    
Sahib Singh
(ਹੇ ਭਾਈ!) ਮੇਰੇ ਮਨ-ਚਿੱਤ ਵਿਚ ਸਿਰਫ਼ ਇਹ ਸਹਾਰਾ ਹੈ ਕਿ ਜਿਸ ਪਰਮਾਤਮਾ ਦੀ ਇਹ ਸਾਰੀ ਰਚਨਾ ਹੈ ਉਹ ਮੇਰਾ ਮਿੱਤਰ ਹੈ ।੧।ਰਹਾਉ ।
(ਹੇ ਭਾਈ!) ਮੇਰਾ ਮਿੱਤਰ-ਪ੍ਰਭੂ ਜੋ ਕੁਝ ਕਰਦਾ ਹੈ ਉਸ ਨੂੰ ਮੈਂ (ਸਿਰ-ਮੱਥੇ ਉਤੇ) ਮੰਨਦਾ ਹਾਂ, ਮਿੱਤਰ-ਪ੍ਰਭੂ ਦੇ ਕੀਤੇ ਕੰਮ ਮੈਨੂੰ ਸੁਖਾਂ ਵਰਗੇ (ਪ੍ਰਤੀਤ ਹੁੰਦੇ) ਹਨ ।੧।(ਹੇ ਭਾਈ!) ਮੇਰਾ ਮਿੱਤਰ-ਪ੍ਰਭੂ ਬੇ-ਮੁਥਾਜ ਹੈ (ਉਸ ਨੂੰ ਕਿਸੇ ਦੀ ਕੋਈ ਗ਼ਰਜ਼ ਨਹੀਂ ਕਾਣ ਨਹੀਂ), ਗੁਰੂ ਦੀ ਕਿਰਪਾ ਨਾਲ ਉਸ ਨਾਲ ਮੇਰਾ ਪਿਆਰ ਬਣ ਗਿਆ ਹੈ (ਭਾਵ, ਮੇਰੇ ਨਾਲ ਉਸ ਦੀ ਸਾਂਝ ਇਸ ਵਾਸਤੇ ਨਹੀਂ ਬਣੀ ਕਿ ਉਸ ਨੂੰ ਕੋਈ ਗ਼ਰਜ਼ ਸੀ ।
ਇਹ ਤਾਂ ਸਤਿਗੁਰੂ ਦੀ ਮਿਹਰ ਹੋਈ ਹੈ) ।੨ ।
ਮੇਰਾ ਮਿੱਤਰ-ਪ੍ਰਭੂ (ਹਰੇਕ ਜੀਵ ਦੇ) ਦਿਲ ਦੀ ਜਾਣਨ ਵਾਲਾ ਹੈ ।
ਉਹ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ, ਬੇਅੰਤ ਹੈ, ਸਭ ਦਾ ਮਾਲਕ ਹੈ ।੩ ।
ਹੇ ਨਾਨਕ! (ਆਖ—) ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ ।
ਤੇਰਾ ਸੇਵਕ ਬਣਿਆਂ ਹੀ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ।੪।੪੦।੧੦੯ ।
Follow us on Twitter Facebook Tumblr Reddit Instagram Youtube